ਚੰਡੀਗੜ੍ਹ: ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਉਦਘਾਟਨ ਕੀਤਾ ਜਾਵੇਗਾ ਜਿਸ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨਗੇ। 'ਖੇਡਾਂ ਵਤਨ ਪੰਜਾਬ ਦੀਆਂ-2024' ਤਹਿਤ 02 ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਅਤੇ 15 ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਖਿਡਾਰੀ ਹਿੱਸਾ ਲੈਣ ਲਈ ਮੌਕੇ ਉੱਤੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਨ੍ਹਾਂ ਖੇਡਾਂ ਵਿੱਚ ਮੁਕਾਬਲਾ ਤੇ ਇੰਝ ਕਰੋ ਰਜਿਸਟ੍ਰੇਸ਼ਨ: ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਖੋ ਖੋ, ਐਥਲੈਟਿਕਸ, ਵਾਲੀਬਾਲ, ਸਮੈਸਿੰਗ ਤੇ ਸ਼ੂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਖਿਡਾਰੀ https://eservices.punjab.gov.in ਉੱਤੇ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਮੌਕੇ ਉੱਤੇ ਪਹੁੰਚ ਆਫਲਾਈਨ ਰਜਿਸਟਰ੍ਰੇਸ਼ਨ ਵੀ ਕਰਵਾ ਸਕਦੇ ਹਨ।
ਇਨ੍ਹਾਂ ਖੇਡਾਂ ਵਿੱਚ 9 ਸਾਲ ਦੀ ਉਮਰ ਤੋਂ ਲੈ ਕੇ ਹਰ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ। ਇਸ ਵਾਰ 3 ਤੋਂ 5 ਲੱਖ ਦੇ ਕਰੀਬ ਖਿਡਾਰੀ ਇਸ ਵਿੱਚ ਭਾਗ ਲੈਣਗੇ ਅਤੇ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਅੱਜ ਸਪੋਰਟਸ ਜਗਤ ਲਈ ਹੈ ਖਾਸ ਦਿਨ: ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਅਤੇ ਕੌਮੀ ਖੇਡ ਦਿਵਸ ਮੌਕੇ ਇਹ ਵੱਡ-ਆਕਾਰੀ ਖੇਡ ਮੁਕਾਬਲਾ ਅੱਜ ਸ਼ੁਰੂ ਕੀਤਾ ਜਾਵੇਗਾ। ਇਸ ਤੀਜੇ ਸੀਜ਼ਨ ਵਿੱਚ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ 2024 ਤੱਕ ਹੋਣਗੇ। ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ।