ਲੁਧਿਆਣਾ : 16 ਸਤੰਬਰ ਤੋਂ ਛਪਾਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮੇਲੇ ਦਾ ਮੁੱਖ ਸ਼ਿੰਗਾਰ ਖਜਲਾ ਦੀ ਮਿਠਾਈ ਨੂੰ ਮੰਨਿਆ ਜਾਂਦਾ ਹੈ, ਜੋ ਕਿ ਮੇਲਿਆਂ ਵਿੱਚ ਮਸ਼ਹੂਰ ਹੈ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀ ਹੋਈ ਹੈ। ਸ਼ੁਰੂ ਤੋਂ ਹੀ ਮੇਲਿਆਂ ਵਿੱਚ ਇਹ ਮਿਠਾਈ ਵੱਡੀ ਗਿਣਤੀ ਵਿੱਚ ਖਰੀਦੀ ਜਾਂਦੀ ਹੈ। ਇਸ ਨੂੰ ਮਿੱਠੀ ਪਾਥੀ ਵੀ ਕਿਹਾ ਜਾਂਦਾ ਹੈ। 50 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੀ ਇਹ ਇੱਕ ਮਿਠਾਈ ਮਿੱਠੀ ਵੀ ਹੁੰਦੀ ਹੈ, ਫਿੱਕੀ ਅਤੇ ਨਮਕੀਨ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ। ਹਾਲਾਂਕਿ, ਇਹ ਮਿਠਾਈ ਮੁੱਖ ਤੌਰ ਉੱਤੇ ਬੁਲੰਦ ਸ਼ਹਿਰ ਦੇ ਵਿੱਚ ਕਾਫੀ ਪ੍ਰਚਲਿਤ ਹੈ, ਪਰ ਪੰਜਾਬ ਦੇ ਮੇਲਿਆਂ ਵਿੱਚ ਵੀ ਇਹ ਮਿਠਾਈ ਦੂਰੋਂ ਦੂਰੋਂ ਆ ਕੇ ਕਾਰੀਗਰ ਤਿਆਰ ਕਰਦੇ ਹਨ। ਇਸ ਨੂੰ ਵਿਸ਼ੇਸ਼ ਤੌਰ ਉੱਤੇ ਮੈਦੇ, ਖੋਏ, ਸੂਜੀ ਅਤੇ ਵੇਸਨ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਪੰਜਾਬ ਦੇ ਵਿੱਚ ਲੋਕ ਇਸ ਮਿਠਾਈ ਨੂੰ ਪਾਥੀ ਕਹਿੰਦੇ ਹਨ।
ਪੰਜ ਪੀੜੀਆਂ ਤੋਂ ਬਣਾ ਰਹੇ ਖਜਲਾ ਮਿਠਾਈ
ਮੇਲੇ ਵਿੱਚ ਮਿਠਾਈਆਂ ਦੀ ਦੁਕਾਨ ਲਾਉਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਹਰ ਸਾਲ ਮੇਲਿਆਂ ਵਿੱਚ ਇਹ ਮਿਠਾਈਆਂ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਕਈ ਤਰ੍ਹਾਂ ਦੀ ਮਿਠਾਈਆਂ ਹਨ, ਜਿਨ੍ਹਾਂ ਵਿੱਚ ਬਰਫੀ ਹੈ, ਜੋ ਕਿ ਸੂਜੀ ਦੇ ਨਾਲ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ, ਖਜਲਾ ਦੀ ਮਿਠਾਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁੱਖ ਤੌਰ ਉੱਤੇ ਮੈਦੇ ਦੇ ਨਾਲ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਵੀਂ ਪੀੜੀ ਹੈ, ਜੋ ਇਹ ਮਿਠਾਈ ਤਿਆਰ ਕਰ ਰਹੇ ਹਨ।
ਹੌਲੀ ਹੌਲੀ ਗਾਇਬ ਹੋ ਜਾਣਗੀਆਂ ਮਿਠਾਈਆਂ
ਗੁਰਪ੍ਰੀਤ ਦੇ ਪੁਰਖੇ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆਏ ਹਨ, ਪਰ ਉਨ੍ਹਾਂ ਦੇ ਅੱਗੇ ਬੱਚੇ ਇਸ ਕੰਮ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਕੰਮ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪੰਜ ਪੀੜੀਆਂ ਤੋਂ ਇਹੀ ਕੰਮ ਚੱਲ ਰਿਹਾ ਹੈ, ਪਰ ਹੁਣ ਸਾਡੇ ਅੱਗੇ ਬੱਚੇ ਪੜ੍ਹੇ ਲਿਖੇ ਹਨ ਅਤੇ ਨੌਕਰੀਆਂ ਕਰਨਾ ਚਾਹੁੰਦੇ ਹਨ। ਅਜਿਹੇ ਕੰਮਾਂ ਦੇ ਵਿੱਚ ਉਹ ਨਹੀਂ ਪੈਣਾ ਚਾਹੁੰਦੇ। ਇਸ ਕਰਕੇ ਉਹ ਇਹ ਕੰਮ ਛੱਡ ਰਹੇ ਹਨ ਅਤੇ ਅਜਿਹਾ ਕਰਨ ਵਾਲੀ ਉਹ ਆਖਰੀ ਪੀੜੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਮੇਲਿਆਂ ਵਿੱਚੋਂ ਇਹ ਮਿਠਾਈਆਂ ਹੌਲੀ ਹੌਲੀ ਗਾਇਬ ਹੋ ਜਾਣ।
ਲੋਕਾਂ ਦਾ ਰੁਝਾਨ ਵੀ ਘੱਟ ਰਿਹਾ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਖ਼ਰਚਾ ਪਾਣੀ ਨਿਕਲ ਜਾਂਦਾ ਹੈ। ਉਹ 20 ਤੋਂ 25 ਦਿਨ ਪਹਿਲਾਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡਾ ਪਰਿਵਾਰ ਇਹ ਕੰਮ ਨਹੀਂ ਕਰਦਾ, ਉਹ ਇਕੱਲੇ ਹਨ, ਹੁਣ ਜੋ ਇਹ ਕੰਮ ਕਰ ਰਹੇ ਹਨ। ਕਾਰੀਗਰ ਬਾਹਰੋਂ ਮੰਗਾਉਣੇ ਪੈਂਦੇ ਹਨ, ਜੋ ਇਹ ਖਜਲਾ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਜੋ ਲੋਕ ਘੱਟ ਮਿੱਠਾ ਖਾਂਦੇ ਹਨ, ਉਹ ਇਹ ਮਿਠਾਈਆਂ ਪਸੰਦ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਇਹ ਮਿਠਿਆਈਆਂ ਮੇਲੇ ਦੀਆਂ ਜਾਨ ਹੁੰਦੀਆਂ ਸੀ, ਲੋਕੀ ਵੱਡੀ ਗਿਣਤੀ ਵਿੱਚ ਇਨ੍ਹਾਂ ਨੂੰ ਖਰੀਦਦੇ ਹੁੰਦੇ ਸਨ, ਪਰ ਸਮੇਂ ਦੇ ਨਾਲ ਨਾਲ ਇਨ੍ਹਾਂ ਵਿੱਚ ਲੋਕਾਂ ਦਾ ਰੁਝਾਨ ਵੀ ਘੱਟਦਾ ਜਾ ਰਿਹਾ ਹੈ, ਕਿਉਂਕਿ ਮਿਠਾਈਆਂ ਹੋਰ ਲੋਕ ਖਰੀਦਣ ਲੱਗ ਗਏ ਹਨ। ਇਸ ਤੋਂ ਇਲਾਵਾ ਲੋਕ ਮੇਲਿਆਂ ਵਿੱਚੋਂ ਮਿਠਾਈਆਂ ਘੱਟ ਖਰੀਦਣਾ ਪਸੰਦ ਕਰਦੇ ਹਨ।