ਫ਼ਰੀਦਕੋਟ: ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ, 1975 ਨੂੰ ਹੋਇਆ। ਅਨਮੋਲ ਦਾ ਜੱਦੀ ਪਿੰਡ ਗੰਡੂਆਂ, ਜ਼ਿਲ੍ਹਾ ਸੰਗਰੂਰ, ਪੰਜਾਬ ਹੈ। ਮਨੋਰੰਜਨ ਉਦਯੋਗ ਵਿੱਚ ਉਸ ਦੀ ਯਾਤਰਾ ਵੱਖ-ਵੱਖ ਭੂਮਿਕਾਵਾਂ ਵਿੱਚ ਫੈਲੀ ਹੋਈ ਹੈ, ਜਿਸ ਵਿੱਚ ਉਹ ਕਾਮੇਡੀਅਨ, ਗਾਇਕ, ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਹਨ। ਆਓ, ਉਨ੍ਹਾਂ ਜੀਵਨ ਅਤੇ ਕੈਰੀਅਰ ਦੇ ਦਿਲਚਸਪ ਪਹਿਲੂਆਂ ਵਿੱਚ ਝਾਤ ਮਾਰੀਏ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ: ਕਰਮਜੀਤ ਨੇ ਆਪਣੇ ਪਿੰਡ ਦੇ ਸਕੂਲ ਤੋਂ ਮੁੱਢਲੀ ਵਿੱਦਿਆ ਹਾਸਲ ਕੀਤੀ - ਬਾਅਦ ਵਿੱਚ ਉਸ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਵਿਖੇ ਆਪਣੀ ਉੱਚ ਸਿੱਖਿਆ ਪ੍ਰਾਪਤ ਕੀਤੀ।
ਕਲਾਤਮਕ ਯਾਤਰਾ: 6 ਸਾਲ ਦੀ ਛੋਟੀ ਉਮਰ ਵਿੱਚ ਹੀ ਕਰਮਜੀਤ ਅਨਮੋਲ ਨੇ ਗਾਇਕੀ ਦੀ ਜਾਚ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਬਚਪਨ ਦੌਰਾਨ ਹੀ ਪਰਿਵਾਰ ਦੇ ਮੈਂਬਰਾਂ, ਗੁਆਂਢੀਆਂ, ਦੋਸਤਾਂ ਅਤੇ ਅਧਿਆਪਕਾਂ ਦੀਆਂ ਨਕਲਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਾਰਨ ਉਨ੍ਹਾਂ ਦਾ ਰੰਗ ਮੰਚ ਘਰ ਤੋਂ ਹੀ ਸ਼ੁਰੂ ਹੋਇਆ ਕਿਹਾ ਜਾ ਸਕਦਾ ਹੈ। ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਨ੍ਹਾਂ ਆਪਣੇ ਨਜ਼ਦੀਕੀ ਮਿੱਤਰ ਭਗਵੰਤ ਮਾਨ ਨੂੰ ਰੰਗ ਮੰਚ 'ਤੇ ਜਾਣ ਲਈ ਪ੍ਰੇਰਿਆ ਅਤੇ ਭਗਵੰਤ ਮਾਨ ਦੁਨੀਆ ਦੀ ਤਸਵੀਰ ਉਪਰ ਵੱਡੇ ਰੰਗ-ਕਰਮੀਂ ਸਾਬਤ ਹੋਏ ਬਾਅਦ ਵਿੱਚ ਉਨ੍ਹਾਂ ਸਿਆਸਤ ਵਿੱਚ ਆਪਣਾ ਹੱਥ ਅਜ਼ਮਾਇਆ 'ਤੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ।
ਕਰਮਜੀਤ ਨੇ ਪੇਸ਼ੇਵਾਰ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਇੱਕ ਗਾਇਕ ਵਜੋਂ ਆਪਣੇ ਹੁਨਰ ਨੂੰ ਹੋਰ ਨਿਖਾਰਨ ਦੇ ਨਾਲ ਨਾਲ ਇਕ ਮੁਕਾਮ ਉਪਰ ਪਹੁੰਚਾ ਕੇ ਹੀ ਦਮ ਲਿਆ। ਸਿਨੇਮਾ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ, ਉਸ ਨੇ ਇੱਕ ਥੀਏਟਰ ਕਲਾਕਾਰ ਵਜੋਂ ਆਪਣਾ ਨਾਮ ਬਣਾਇਆ।
ਫ਼ਿਲਮ ਅਤੇ ਸੰਗੀਤ ਕਰੀਅਰ:-
ਪਹਿਲੀ ਐਲਬਮ: 1995 ਵਿੱਚ, ਕਰਮਜੀਤ ਨੇ ਵਪਾਰਕ ਤੌਰ 'ਤੇ ਆਪਣੀ ਪਹਿਲੀ ਐਲਬਮ "ਆਸ਼ਿਕ ਭਾਜੀ" ਰਿਲੀਜ਼ ਕੀਤੀ। ਜੋ ਕੁਝ ਖ਼ਾਸ ਨਹੀਂ ਕਰ ਸਕੀ, ਇਸ ਹਾਰ ਨਾਲ ਉਨ੍ਹਾਂ ਅਗਲੀ ਵਾਰ ਹੋਰ ਵਧੀਆ ਅਤੇ ਸਾਰਥਕ ਕੰਮ ਕਰਨ ਦੀ ਸੌਂਹ ਖਾਧੀ, ਜੋ ਅੱਕ ਤੱਕ ਜਾਰੀ ਹੈ। ਪੰਜਾਬ ਦਾ ਮੌਜੂਦਾ ਦਰਦ ਬਿਆਨ ਕਰਦਾ, ਉਨ੍ਹਾਂ ਦਾ ਗਾਣਾ "ਪਿੰਡ ਵਿਕਾਊ ਹੈ" ਅੱਜ ਵੀ ਪੰਜਾਬ ਦੀਆਂ ਸੱਥਾਂ ਵਿੱਚ ਯਾਦ ਕੀਤਾ ਜਾਂਦਾ ਹੈ।
ਫ਼ਿਲਮ ਡੈਬਿਯੂ: ਪੰਜਾਬੀ ਸਿਨੇਮਾ ਵਿੱਚ ਕਰਮਜੀਤ ਅਨਮੋਲ ਦੀ ਐਂਟਰੀ 2007 ਵਿੱਚ ਕੌਣ ਕਿਸੇ ਦਾ ਬੇਲੀ ਨਾਲ ਹੋਈ, ਪਰ 2011 ਵਿੱਚ ਫ਼ਿਲਮ "ਜੀਹਨੇ ਮੇਰਾ ਦਿਲ ਲੁੱਟਿਆ" ਨਾਲ ਉਨ੍ਹਾਂ ਦੀ ਬਤੌਰ ਫਿਲਮ ਕਲਾਕਾਰ ਬਹੁਤ ਮਕਬੂਲੀਅਤ ਹੋ ਗਈ।
ਸੁਪਰਹਿੱਟ ਗੀਤ: ਕਰਮਜੀਤ ਨੇ 2013 ਵਿੱਚ ਸੁਪਰਹਿੱਟ ਪੰਜਾਬੀ ਗੀਤ "ਯਾਰਾ ਵੇ ਯਾਰਾ" ਦੀ ਪੇਸ਼ਕਾਰੀ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ।
ਗੋਲਡ ਮੈਡਲਿਸਟ: ਕਰਮਜੀਤ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲੋਕ ਸੰਗੀਤ ਵਿੱਚ ਸੋਨ ਤਗਮਾ ਵੀ ਪ੍ਰਾਪਤ ਕੀਤਾ।
ਫ਼ਿਲਮ ਸਨਮਾਨ: 2017 ਵਿੱਚ ਪੀ ਟੀ ਸੀ ਫ਼ਿਲਮ ਮੇਲੇ ਵਿੱਚ ਉਨ੍ਹਾਂ ਨੂੰ ਫ਼ਿਲਮ "ਮੈਂ ਤੇਰੀ ਤੂੰ ਮੇਰਾ" ਲਈ ਸਰਵੋਤਮ ਹਾਸਰਸ ਕਲਾਕਾਰ ਦਾ ਸਨਮਾਨ ਪ੍ਰਾਪਤ ਹੋਇਆ ਹੈ।
ਕਾਮੇਡੀ ਨਾਟਕ: ਕਰਮਜੀਤ ਅਨਮੋਲ ਨੇ "ਓ.ਐਮ.ਜੀ- ਓ ਮਾਈ ਗੌਡ" ਅਤੇ "ਨੌਟੀ ਬਾਬਾ ਇਨ ਟਾਊਨ," ਵਰਗੇ ਕਾਮੇਡੀ ਨਾਟਕਾਂ ਵਿੱਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰਕੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਸਮੇਤ ਪੂਰੀ ਦੁਨੀਆ ਵਿੱਚ ਨਾਮਣਾ ਖੱਟਿਆ।
ਸੀਐਮ ਮਾਨ ਦੇ ਖਾਸ ਯਾਰ:- ਕਰਮਜੀਤ ਅਨਮੋਲ ਦੇ ਸਭ ਤੋਂ ਪੁਰਾਣੇ ਅਤੇ ਪੱਕੇ ਮਿੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਹਨ। ਜਿੰਨਾ ਦੀ ਵਜਾ ਕਰਕੇ ਅੱਜ ਉਹ ਆਪਣੇ ਸਫਲ ਫ਼ਿਲਮੀ ਕੈਰੀਅਰ ਨੂੰ ਦਾਅ 'ਤੇ ਲਾ ਕੇ ਰਾਜਨੀਤੀ ਵਿੱਚ ਕੁੱਦੇ ਹਨ। ਵੈਸੇ ਮਸ਼ਹੂਰ ਪੰਜਾਬੀ ਅਭਿਨੇਤਾ ਬੀਨੂੰ ਢਿੱਲੋਂ ਤੋਂ ਇਲਾਵਾ ਅਨਮੋਲ ਦੇ ਆਪ ਆਦਮੀ ਪਾਰਟੀ ਦੇ ਸਾਬਕਾ ਮੀਡੀਆ ਸੰਯੋਜਕ ਅਤੇ ਸਾਬਕਾ ਓਐਸਡੀ ਟੂ ਮੁੱਖ ਮੰਤਰੀ ਮਨਜੀਤ ਸਿੱਧੂ ਅਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਨਾਲ ਵੀ ਨਜ਼ਦੀਕੀ ਰਿਸ਼ਤੇ ਰਹੇ ਹਨ।
ਨਿੱਜੀ ਜੀਵਨ:- ਕਰਮਜੀਤ ਅਨਮੋਲ ਅਤੇ ਬੀਬਾ ਗੁਰਜੋਤ ਕੌਰ 4 ਜੂਨ, 2000 ਨੂੰ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਇਕ ਦੂਜੇ ਨਾਲ ਜੁੜੇ ਅਤੇ ਅੱਜ ਵੀ ਇਕ ਦੂਜੇ ਨਾਲ ਬਹੁਤ ਵਧੀਆ ਨਿਭਾ ਰਹੇ ਹਨ।
ਇਸ ਜੋੜੇ ਨੂੰ ਦੋ ਪੁੱਤਰਾਂ ਦੀ ਬਖ਼ਸ਼ਿਸ਼ ਹੈ- ਅਰਮਾਨ ਸਿੰਘ ਅਤੇ ਗੁਰਸ਼ਾਨ ਸਿੰਘ । ਅਨਮੋਲ ਦੇ ਮਾਤਾ-ਪਿਤਾ ਸਰਦਾਰ ਸਾਧੂ ਸਿੰਘ (ਪਿਤਾ) ਅਤੇ ਮਰਹੂਮ ਮੂਰਤੀ ਕੌਰ (ਮਾਤਾ) ਹਨ।
- ਮਨਪਸੰਦ:- ਭੋਜਨ: ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ।
- ਅਦਾਕਾਰ: ਗੁਰਦਾਸ ਮਾਨ।
- ਅਭਿਨੇਤਰੀਆਂ: ਜੂਹੀ ਚਾਵਲਾ ਅਤੇ ਨੀਰੂ ਬਾਜਵਾ।
- ਫ਼ਿਲਮ: "ਮੰਜੇ ਬਿਸਤਰੇ।"
- ਨਿਰਦੇਸ਼ਕ: ਸਮੀਪ ਕੰਗ ਅਤੇ ਸਿਮਰਜੀਤ ਸਿੰਘ।
- ਗਾਇਕ: ਕੁਲਦੀਪ ਮਾਣਕ।
ਪੰਜਾਬੀ ਸਿਨੇਮਾ ਦਾ ਲੱਕੀ ਚਾਰਮ:- ਕਰਮਜੀਤ ਅਨਮੋਲ ਨੂੰ ਆਪਣੀਆਂ ਫ਼ਿਲਮਾਂ ਦੀ ਲਗਾਤਾਰ ਸਫਲਤਾ ਦੇ ਕਾਰਨ ਅਕਸਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਲੱਕੀ ਚਾਰਮ ਮੰਨਿਆ ਜਾਂਦਾ ਹੈ।
ਸੰਖੇਪ ਵਿੱਚ, ਕਰਮਜੀਤ ਅਨਮੋਲ ਦਾ ਇੱਕ ਸ਼ਰਾਰਤੀ ਬੱਚੇ ਤੋਂ ਦੂਜਿਆਂ ਦੀ ਨਕਲ ਕਰਨ ਵਾਲੇ ਇੱਕ ਬਹੁਪੱਖੀ ਕਲਾਕਾਰ ਤੱਕ ਦਾ ਸਫ਼ਰ ਪੰਜਾਬੀ ਮਨੋਰੰਜਨ ਉੱਤੇ ਅਮਿੱਟ ਛਾਪ ਛੱਡ ਗਿਆ ਹੈ। ਉਸ ਦੇ ਹਾਸਿਆਂ ਦੀਆਂ ਪਿਚਕਾਰੀਆਂ, ਭਾਵਪੂਰਨ ਗਾਇਕੀ, ਅਤੇ ਯਾਦਗਾਰੀ ਪ੍ਰਦਰਸ਼ਨ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੋਹਿਤ ਕਰਦੇ ਰਹਿੰਦੇ ਹਨ। ਹੁਣ ਉਹ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ(ਰਾਖਵੀਂ) ਸੀਟ ਤੋਂ ਉਮੀਦਵਾਰ ਹਨ। ਲੋਕ ਸਭਾ ਸੀਟ ਲਈ ਪੰਜਾਬ ਵਿੱਚ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਨਤੀਜਾ 4 ਜੂਨ ਨੂੰ ਆਵੇਗਾ।