ਰੋਪੜ: ਇੱਕ ਪਾਸੇ ਸਰਕਾਰ ਸਿਹਤ ਤੇ ਸਿੱਖਿਆ 'ਚ ਸੁਧਾਰ ਕਰਨ ਦੇ ਲੱਖਾਂ ਦਾਅਵੇ ਕਰਦਾ ਹੈ ਤਾਂ ਦੂਜੇ ਪਾਸੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਜੋ ਕਈ ਸਵਾਲ ਖੜੇ ਕਰ ਦਿੰਦੀ ਹੈ। ਅਜਿਹਾ ਹੀ ਇੱਕ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਰੋਪੜ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਲੈਕੇ ਹੁਣ ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਨੂੰ ਜਵਾਬ ਦੇਣਾ ਪਵੇਗਾ। ਇਸ ਸਬੰਧੀ ਜਾਣਕਾਰੀ ਅਨੁਸਾਰ ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ 'ਚ ਮਰੀਜ ਨਾਲ ਆਈ ਇੱਕ ਮਹਿਲਾ ਜਦੋਂ ਹਸਪਤਾਲ ਦੇ ਬਾਥਰੂਮ 'ਚ ਨਹਾ ਰਹੀ ਸੀ ਤਾਂ ਉਸ ਦੀ ਕਿਸੇ ਵਲੋਂ ਵੀਡੀਓ ਬਣਾ ਲਈ ਗਈ। ਇੰਨਾਂ ਹੀ ਨਹੀਂ ਉਕਤ ਵਿਅਕਤੀ ਨੇ ਵੀਡੀਓ ਬਣਾਉਣ ਤੋਂ ਬਾਅਦ ਉਸ ਮਹਿਲਾ ਨੂੰ ਦਿਖਾਈ ਵੀ ਤੇ ਫਿਰ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਮਹਿਲਾ ਜਾਂ ਕੋਈ ਹੋਰ ਉਸ ਵਿਅਕਤੀ ਦੀ ਪਛਾਣ ਵੀ ਨਹੀਂ ਕਰ ਸਕਿਆ। ਉਥੇ ਹੀ ਇਹ ਘਟਨਾ ਹੋਣ ਤੋਂ ਬਾਅਦ ਹਸਪਤਾਲ 'ਚ ਮਹਿਲਾਵਾਂ ਅਤੇ ਮਰੀਜਾਂ ਦੀ ਸੁਰੱਖਿਆ ਨੂੰ ਲੈਕੇ ਸਵਾਲ ਖੜੇ ਹੋਣ ਲੱਗੇ ਹਨ।
ਮਹਿਲਾ ਦੀ ਬਣਾਈ ਵੀਡੀਓ: ਇਸ ਸਬੰਧੀ ਹਸਪਤਾਲ 'ਚ ਜੇਰੇ ਇਲਾਜ ਮਰੀਜ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਹਸਪਤਾਲ ਦੇ ਬਾਥਰੂਮ 'ਚ ਨਹਾਉਣ ਲਈ ਗਈ ਤਾਂ ਉਥੇ ਬਾਥਰੂਮ ਦੀ ਖਿੜਕੀ ਤੋਂ ਕਿਸੇ ਸ਼ਖਸ ਨੇ ਉਸ ਦੀ ਵੀਡੀਓ ਬਣਾ ਲਈ। ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਤੋਂ ਬਾਅਦ ਉਕਤ ਵਿਅਕਤੀ ਨੇ ਪਤਨੀ ਨੂੰ ਵੀਡੀਓ ਦਿਖਾਈ ਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪਤਨੀ ਨੇ ਜਦੋਂ ਤੱਕ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰਨਾ ਚਾਹਿਆ ਉਦੋਂ ਤੱਕ ਸ਼ਖਸ ਉਥੋਂ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਤੱਕ ਨਹੀਂ ਹੋ ਸਕੀ। ਇਸ ਦੇ ਨਾਲ ਹੀ ਮਰੀਜ ਨੇ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਵੀ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਹਸਪਤਾਲ ਦੇ ਬਾਥਰੂਮਾਂ ਦੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਵਾਰਡ ਦੇ ਵਿੱਚ ਇੱਕ ਮਹਿਲਾ ਬਾਥਰੂਮ ਨੂੰ ਤਾਂ ਤਾਲਾ ਹੀ ਜੜਿਆ ਹੋਇਆ ਹੈ ਤੇ ਦੂਜੇ ਬਾਥਰੂਮ ਦੇ ਬਾਹਰ ਤਾਂ ਇੱਕ ਸਪੱਸ਼ਟ ਲਿਖਿਆ ਹੀ ਨਹੀ ਕਿ ਇਹ ਬਾਥਰੂਮ ਮਹਿਲਾਵਾਂ ਲਈ ਹੈ ਜਾਂ ਫਿਰ ਪੁਰਸ਼ਾਂ ਲਈ ਹੈ।
ਸੁਰੱਖਿਆ ਨੂੰ ਲੈਕੇ ਉੱਠੇ ਸਵਾਲ: ਉਥੇ ਹੀ ਇਸ ਮਾਮਲੇ ਨੂੰ ਲੈਕੇ ਸਿਵਲ ਸਰਜਨ ਤਰੇਸਮ ਸਿੰਘ ਦਾ ਕਹਿਣਾ ਕਿ ਉਨ੍ਹਾਂ ਨੂੰ ਸਟਾਫ਼ ਵਲੋਂ ਘਟਨਾ ਸਬੰਧੀ ਦੇਰ ਰਾਤ ਫੋਨ ਕੀਤਾ ਗਿਆ ਸੀ, ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਅਤੇ ਖੁਦ ਉਨ੍ਹਾਂ ਨੇ ਵੀ ਮੌਕੇ 'ਤੇ ਜਾਇਜ਼ਾ ਲਿਆ ਹੈ ਪਰ ਕੋਈ ਵਿਅਕਤੀ ਵੀਡੀਓ ਬਣਾਉਣ ਵਾਲਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੁਰੱਖਿਆ ਪ੍ਰਤੀ ਅਸੀਂ ਆਪਣੇ ਪੱਧਰ 'ਤੇ ਸੁਰੱਖਿਆ ਮੁਲਾਜ਼ਮ ਅਤੇ ਸੀਸੀਟੀਵੀ ਕੈਮਰੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੁਰੱਖਿਆ ਮੁਲਾਜ਼ਮ ਦੀ ਗਿਣਤੀ ਵਧਾਉਣ ਅਤੇ ਮਹਿਲਾ ਮੁਲਾਜ਼ਮਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਜ਼ਰੂਰ ਲਿਖਣਗੇ।
ਪੁਲਿਸ ਨੇ ਮਾਮਲਾ ਕੀਤਾ ਦਰਜ: ਇਸ ਮਾਮਲੇ ਨੂੰ ਲੈਕੇ ਰੋਪੜ ਸਿਟੀ ਦੇ ਐਸਐਚਓ ਪਵਨ ਕੁਮਾਰ ਦਾ ਕਹਿਣਾ ਕਿ ਦੇਰ ਰਾਤ ਹਸਪਤਾਲ ਤੋਂ ਫੋਨ ਆਇਆ ਸੀ ਤੇ ਜਾਣਕਾਰੀ ਮਿਲੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਰੀਜ ਦੇ ਨਾਲ ਆਈ ਮਹਿਲਾ ਦੀ ਨਹਾਉਣ ਸਮੇਂ ਵੀਡੀਓ ਬਣਾਈ ਹੈ। ਜਿਸ ਸਬੰਧੀ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
- ਮੀਂਹ 'ਚ ਮਕਾਨ ਡਿੱਗਣ ਨਾਲ 4 ਸਾਲ ਦੇ ਬੱਚੇ ਦੀ ਮੌਤ, ਵਾਲਮੀਕੀ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ - Death of 4 year old child
- ਮੈਡੀਕਲ ਕਾਲਜਾਂ 'ਚ NRI ਕੋਟੇ ਲਈ ਬਦਲੇ ਨਿਯਮ, ਖਾਲੀ ਰਹਿੰਦੀਆਂ ਸੀਟਾਂ ਕਾਰਨ ਕੀਤੇ ਵੱਡੇ ਬਦਲਾਅ - NRI quota in medical College
- ਸਵੇਰੇ-ਸਵੇਰੇ ਵਿਦਿਆਰਥੀਆਂ ਨੇ ਕਿਉ ਕਿਹਾ - ਜਲ ਹੈ, ਤਾਂ ਹੀ ਕੱਲ੍ਹ ਹੈ - Save water save lives awarness