ਬਠਿੰਡਾ: ਧਰਤੀ ਦੇ ਲਗਾਤਾਰ ਵੱਧ ਰਹੇ ਤਾਪਮਾਨ ਤੋਂ ਜਿੱਥੇ ਹਰ ਵਰਗ ਪਰੇਸ਼ਾਨ ਹੈ, ਉੱਥੇ ਹੀ ਸੂਝਵਾਨ ਲੋਕਾਂ ਵੱਲੋਂ ਇਸ ਤਾਪਮਾਨ ਨੂੰ ਘਟਾਉਣ ਲਈ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਇੱਕ ਕੋਸ਼ਿਸ਼ ਬਠਿੰਡਾ ਦੀਆਂ ਕੁਝ ਔਰਤਾਂ ਵੱਲੋਂ ਸੰਸਥਾ ਬਣਾ ਕੇ ਕੀਤੀ ਜਾ ਰਹੀ ਹੈ। ਇਹਨਾਂ ਔਰਤਾਂ ਵੱਲੋਂ ਘਰ ਵਿੱਚ ਹੀ ਮਿੱਟੀ ਦੇ ਗੋਲੇ ਤਿਆਰ ਕੀਤੇ ਜਾ ਰਹੇ ਹਨ ਅਤੇ ਇਹਨਾਂ ਗੋਲਿਆਂ ਵਿੱਚ ਬੀਜ ਪਰੋਏ ਜਾਂਦੇ ਹਨ।
ਸਮਾਜ ਸੇਵੀ ਮਹਿਲਾਵਾਂ ਦਾ ਉਪਰਾਲਾ: ਇਸ ਸਬੰਧੀ ਸਮਾਜ ਸੇਵੀ ਮਹਿਲਾ ਮਮਤਾ ਜੈਨ ਨੇ ਦੱਸਿਆ ਕਿ ਗਰਮੀ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਉਹਨਾਂ ਵੱਲੋਂ ਸਹੇਲੀਆਂ ਨਾਲ ਮਿਲ ਕੇ ਅਜਿਹਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਟਰਨੈਟ ਦੀ ਇਸ ਦੁਨੀਆ ਵਿੱਚ ਹਰ ਕੋਈ ਆਪਣੇ-ਆਪਣੇ ਢੰਗ ਨਾਲ ਵਾਤਾਵਰਨ ਨੂੰ ਬਚਾਉਣ ਦੇ ਵਿਚਾਰ ਪ੍ਰਗਟ ਕਰਦਾ ਹੈ ਪਰ ਉਨਾਂ ਵੱਲੋਂ ਆਪਣੇ ਪੱਧਰ 'ਤੇ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇੱਕ ਤਾਂ ਮਿੱਟੀ ਵਿੱਚ ਬੀਜ ਜਲਦੀ ਪੁੰਗਰਦਾ ਹੈ ਤਾਂ ਦੂਸਰਾ ਪਾਣੀ ਦੀ ਘੱਟ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਬੀਜਾਂ ਨੂੰ ਜਾਨਵਰ ਵੀ ਖਰਾਬ ਨਹੀਂ ਕਰਦੇ ਅਤੇ ਨਾ ਹੀ ਇਹਨਾਂ ਨੂੰ ਕੀੜੇ ਮਕੌੜੇ ਲੱਗਦੇ ਹਨ।
ਮਿੱਟੀ 'ਚ ਫ਼ਲਾਂ ਦੀ ਗਿਟਕਾਂ ਭਰਦੇ: ਉਹਨਾਂ ਦੱਸਿਆ ਕਿ ਸੰਸਥਾ ਦੇ ਰੂਪ ਵਿੱਚ ਕੰਮ ਕਰਦਿਆਂ ਉਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ। ਇਸੇ ਦੇ ਚੱਲਦਿਆਂ ਉਹਨਾਂ ਵੱਲੋਂ ਹੁਣ ਇਹ ਮਿੱਟੀ ਦੇ ਤਿਆਰ ਕੀਤੇ ਬੀਜਾਂ ਵਾਲੇ ਗੋਲੇ ਇੱਕ ਦੂਜੇ ਨੂੰ ਗਿਫਟ ਦੇ ਤੌਰ 'ਤੇ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਬਾਹਰ ਅੰਦਰ ਜਾਂਦੇ ਹਨ ਤਾਂ ਉਹ ਇਹਨਾਂ ਗੋਲਿਆਂ ਨੂੰ ਨਾਲ ਲੈ ਜਾਂਦੇ ਹਨ। ਰਾਸਤੇ ਵਿੱਚ ਜਿੱਥੇ ਵੀ ਉਹਨਾਂ ਨੂੰ ਕੋਈ ਜਗ੍ਹਾ ਖਾਲੀ ਮਿਲਦੀ ਹੈ, ਜਾਂ ਜਿੱਥੇ ਲੱਗਦਾ ਹੈ ਕਿ ਇੱਥੇ ਦਰੱਖਤ ਲੱਗਣਾ ਚਾਹੀਦਾ ਹੈ ਤਾਂ ਉਹ ਇਹਨਾਂ ਮਿੱਟੀ ਦੇ ਗੋਲਿਆਂ ਨੂੰ ਉਥੇ ਰੱਖ ਦਿੰਦੇ ਹਨ ਤਾਂ ਜੋ ਇਹ ਪੁੰਗਰ ਕੇ ਵੱਡਾ ਦਰੱਖਤ ਬਣ ਸਕੇ।
ਵੱਧ ਰਹੇ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਕਾਰਨ ਅਸੀਂ ਇਹ ਉਪਰਾਲਾ ਕਰ ਰਹੇ ਹਾਂ। ਅਸੀਂ ਕੰਮ ਵੀ ਕਰਦੇ ਹਾਂ ਤੇ ਨਾਲ ਹੀ ਸਮਾਜ ਦੀ ਭਲਾਈ 'ਚ ਹਿੱਸਾ ਪਾਉਣ ਲਈ ਇਹ ਸੇਵਾ ਕਰ ਰਹੇ ਹਾਂ। ਮਿੱਟੀ 'ਚ ਅਸੀਂ ਫਲਾਂ ਦੀਆਂ ਗਿਟਕਾਂ ਪਾ ਕੇ ਉਸ ਨੂੰ ਗੇਂਦ ਦੇ ਆਕਾਰ ਦਾ ਬਣਾਉਂਦੇ ਹਾਂ ਤੇ ਜਦੋਂ ਕਿਤੇ ਜਾਂਦੇ ਹਾਂ ਤਾਂ ਇਸ ਨੂੰ ਖਾਲੀ ਥਾਵਾਂ 'ਤੇ ਰੱਖ ਦਿੰਦੇ ਹਾਂ ਤਾਂ ਜੋ ਉਸ ਵਿਚੋਂ ਪੌਦਾ ਬਣ ਕੇ ਬਾਹਰ ਆ ਜਾਵੇ। ਅਸੀਂ ਜਿਥੇ ਇਹ ਕੰਮ ਖੁਦ ਕਰਦੇ ਹਾਂ ਤਾਂ ਉਥੇ ਹੀ ਲੋਕਾਂ ਨੂੰ ਗਿਫ਼ਟ ਦੇ ਤੌਰ 'ਤੇ ਵੀ ਇਹ ਗਿਟਕਾਂ ਵਾਲੀਆਂ ਗੇਂਦਾਂ ਦਿੰਦੇ ਹਾਂ ਤਾਂ ਜੋ ਉਹ ਵੀ ਇਸ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਪਾ ਸਕਣ।- ਲਤਾ ਸ੍ਰੀਵਾਸਤਵ, ਸਮਾਜ ਸੇਵੀ ਮਹਿਲਾ
ਸਫ਼ਰ ਦੌਰਾਨ ਖਾਲੀ ਥਾਵਾਂ 'ਤੇ ਰੱਖਦੇ: ਇਸ ਸਬੰਧੀ ਸਮਾਜ ਸੇਵੀ ਮਹਿਲਾ ਲਤਾ ਸ੍ਰੀਵਾਸਤਵ ਨੇ ਕਿਹਾ ਕਿ ਹੁਣ ਤੱਕ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹੇ ਗੋਲੇ ਤਿਆਰ ਕਰਕੇ ਖਾਲੀ ਪਈਆਂ ਥਾਵਾਂ 'ਤੇ ਸੜਕ ਕਿਨਾਰੇ ਰੱਖ ਚੁੱਕੇ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਜੇਕਰ 100 ਵਿੱਚੋਂ 25 ਵੀ ਉਹਨਾਂ ਦੇ ਅਜਿਹੇ ਮਿੱਟੀ ਦੇ ਬਣਾਏ ਬੀਜ ਵਾਲੇ ਗੋਲੇ ਪੁੰਗਰ ਪਏ ਤਾਂ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਏ ਹਨ। ਉਹਨਾਂ ਕਿਹਾ ਕਿ ਅਕਸਰ ਹੀ ਘਰ ਵਿੱਚ ਔਰਤਾਂ ਨੂੰ ਕੰਮਕਾਰ ਜਿਆਦਾ ਹੁੰਦਾ ਹੈ ਪਰ ਫਿਰ ਵੀ ਉਹ ਸਮਾਂ ਕੱਢ ਕੇ ਅਜਿਹੇ ਮਿੱਟੀ ਦੇ ਗੋਲੇ ਬੀਜ ਨਾਲ ਤਿਆਰ ਕਰਦੇ ਹਨ।
ਲੋਕਾਂ ਨੂੰ ਵੀ ਕੀਤੀ ਬੂਟੇ ਲਾਉਣ ਦੀ ਅਪੀਲ: ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਮੌਕਾ ਮਿਲਦਾ ਹੈ ਜਾਂ ਬਾਹਰ ਅੰਦਰ ਜਾਣਾ ਪੈਂਦਾ ਹੈ ਤਾਂ ਉਹ ਇਹ ਮਿੱਟੀ ਦੇ ਗੋਲੇ ਆਪਣੇ ਨਾਲ ਲੈ ਜਾਂਦੇ ਹਨ। ਖਾਲੀ ਪਈਆਂ ਥਾਵਾਂ ਅਤੇ ਰਸਤਿਆਂ ਵਿੱਚ ਇਹ ਗੋਲੇ ਰੱਖ ਦਿੰਦੇ ਹਨ। ਉਹਨਾਂ ਸਮਾਜ ਦੇ ਹਰ ਵਰਗ ਨੂੰ ਬੇਨਤੀ ਕੀਤੀ ਕਿ ਵੱਧ ਰਹੇ ਹਵਾ ਵਿੱਚ ਦੇ ਪ੍ਰਦੂਸ਼ਣ ਅਤੇ ਤਾਪਮਾਨ ਨੂੰ ਵੇਖਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਧਰਤੀ ਦੇ ਤਾਪਮਾਨ ਨੂੰ ਘਟਾਇਆ ਜਾ ਸਕੇ।
- ਪੁਲਿਸ ਅਤੇ ਪੱਲੇਦਾਰਾਂ 'ਚ ਹੋਈ ਜ਼ਬਰਦਤ ਧੱਕਾ-ਮੱਕੀ, ਲੱਥੀਆਂ ਪੱਗਾਂ, ਵੀਡੀਓ ਵਾਇਰਲ - mansa clash in police and paledar
- ਫਿਰੋਜ਼ਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 2 ਧਿਰਾਂ 'ਚ ਚੱਲੇ ਇੱਟਾਂ ਰੋੜੇ, ਚਰਚ ਦਾ ਵੀ ਹੋਇਆ ਕਾਫ਼ੀ ਨੁਕਸਾਨ... - Fight between two parties
- ਸ਼੍ਰੋ੍ਮਣੀ ਅਕਾਲੀ ਦਲ ਦਾ ਬਾਗੀ ਧੜੇ 'ਤੇ ਵੱਡਾ ਐਕਸ਼ਨ, ਇੰਨ੍ਹਾਂ ਅੱਠ ਲੀਡਰਾਂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ - Akali Dal Action on rebel leaders