ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਵਿੱਚ ਬੀਤੇ ਕੱਲ੍ਹ ਕੀਤੇ ਗਏ ਨੌਜਵਾਨ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਕਤਲ ਕਰਨ ਵਾਲੇ ਮੁਲਜ਼ਮ ਅਤੇ ਉਸ ਵੱਲੋਂ ਵਾਰਦਾਤ ਸਮੇਂ ਵਰਤੇ ਗਏ 45 ਬੋਰ ਪਿਸਟਲ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਛੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਚਾਚੇ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ : ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਤਲ ਦੀ ਵਜ੍ਹਾ ਨਿੱਜੀ ਰੰਜਿਸ਼ ਹੈ। 2022 ਦੇ ਵਿੱਚ ਕੁਲਵਿੰਦਰ ਸਿੰਘ ਕਿੰਦਾ ਮਰਨ ਵਾਲੇ ਨੌਜਵਾਨ ਵੱਲੋਂ ਗੁਰਪ੍ਰੀਤ ਸਿੰਘ ਦੇ ਚਾਚੇ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸਨ। ਜਿਸ ਸਬੰਧ ਵਿੱਚ ਬਠਿੰਡਾ ਜ਼ਿਲ੍ਹੇ ਦੇ ਥਾਣਾ ਮੌੜ ਵਿਖੇ ਮ੍ਰਿਤਕ ਕੁਲਵਿੰਦਰ ਸਿੰਘ ਕਿੰਦਾ ਦੇ ਖਿਲਾਫ ਮਾਮਲਾ ਵੀ ਦਰਜ ਸੀ ਅਤੇ ਇਹ ਜ਼ੇਲ੍ਹ ਦੇ ਵਿੱਚ ਸੀ ਜੋ ਕਿ ਜਮਾਨਤ ਉੱਤੇ ਬਾਹਰ ਆਇਆ ਹੋਇਆ ਸੀ।
ਛੇ ਲੋਕਾਂ ਦੇ ਖਿਲਾਫ ਮਾਮਲਾ ਦਰਜ: ਪੁਲਿਸ ਨੇ ਦੱਸਿਆ ਕਿ ਹੁਣ ਇਸ ਪਰਿਵਾਰ ਨੂੰ ਡਰ ਸੀ ਕਿ ਇਹ ਉਨ੍ਹਾਂ ਉੱਤੇ ਫਿਰ ਤੋਂ ਜ਼ਮਾਨਤ ਉੱਤੇ ਆਇਆ ਕੁਲਵਿੰਦਰ ਸਿੰਘ ਕਿੰਦਾ ਹਮਲਾ ਨਾ ਕਰ ਦੇਵੇ। ਇਸ ਲਈ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਵੱਲੋਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਛੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੋਲੀਆਂ ਮਾਰ ਕੇ ਕਤਲ ਕਰ ਦਿੱਤਾ: ਉੱਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਕਿੰਦਾ ਵੱਲੋਂ ਉਸ ਦੇ ਚਾਚੇ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸਨ। ਹੁਣ ਉਨ੍ਹਾਂ ਨੂੰ ਡਰ ਸੀ ਕਿ ਉਹ ਉਸ ਨੂੰ ਨਾ ਮਾਰ ਦੇਵੇ ਇਸ ਦੇ ਡਰ ਵੱਜੋਂ ਹੀ ਉਨ੍ਹਾਂ ਵੱਲੋਂ ਕੁਲਵਿੰਦਰ ਸਿੰਘ ਕਿੰਦੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।