ਲੁਧਿਆਣਾ: ਪੰਜਾਬ ਦੇ ਡੀਜੀਪੀ ਗੋਰਵ ਯਾਦਵ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਵੱਲੋਂ 14 ਦੇ ਕਰੀਬ ਪੈਟਰੋਲਿੰਗ ਗੱਡੀਆਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਦੇ ਵਿੱਚ ਪੁਲਿਸ ਅਲਰਟ ਉੱਤੇ ਹੈ। ਉਹਨਾਂ ਕਿਹਾ ਕਿ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਸੂਬੇ ਦੇ ਅੰਦਰ ਪੁਲਿਸ ਨੋ ਟਾਲਰੈਂਸ ਪਾਲਸੀ ਉੱਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਇਹ 14 ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ ਜੋ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੈਟਰੋਲਿੰਗ ਕਰਨਗੀਆਂ ਅਤੇ ਇਸ ਨਾਲ ਮਾੜੇ ਅਨਸਰਾਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਰਹੇਗੀ।
ਕਾਰੋਬਾਰੀਆਂ ਦੇ ਨਾਲ ਮੀਟਿੰਗ
ਡੀਜੀਪੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰੋਬਾਰੀਆਂ ਦੇ ਨਾਲ ਵੀ ਮੀਟਿੰਗ ਹੋਈ ਹੈ। ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਅਸੀਂ ਵਚਨਬੱਧ ਹਾਂ ਅਤੇ ਸਾਡੀ ਪੁਲਿਸ ਫੋਰਸ ਪੂਰੀ ਤਰ੍ਹਾਂ ਸਮਰੱਥ ਹੈ। ਡੀਜੀਪੀ ਨੇ ਕਿਹਾ ਕਿ ਸੂਬਾ ਵਾਸੀਆਂ ਦੀ ਸੁਰੱਖਿਆ ਲਈ ਪੁਲਿਸ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰ ਅਤੇ ਨਸ਼ਾ ਤਸਕਰੀ ਦਾ ਮੁੱਦਾ ਭਾਵੇਂ ਗੰਭੀਰ ਹੈ ਪਰ ਪੁਲਿਸ ਵੀ ਲਗਾਤਾਰ ਸਮਾਜ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਲਈ ਕੰਮ ਕਰ ਰਹੀ ਹੈ।
ਜ਼ੀਰੋ ਟਾਲਰੈਂਸ ਦੀ ਨੀਤੀ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਖਿਆ ਕਿ ਲੁਧਿਆਣਾ ਪੰਜਾਬ ਦੇ ਕਾਰੋਬਾਰ ਲਈ ਰੀੜ ਦੀ ਹੱਡੀ ਅਤੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕਾਰੋਬਾਰੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਅਤੇ ਪੁਲਿਸ ਹਮੇਸ਼ਾ ਹੀ ਵਚਨਬੱਧ ਹੈ। ਲੁਧਿਆਣਾ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਵਾਧੂ ਪੁਲਿਸ ਫੋਰਸ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ। ਡੀਜੀਪੀ ਮੁਤਾਬਿਕ ਪੁਲਿਸ ਸੁਰੱਖਿਆ ਨੂੰ ਹੋਰ ਕਰੜਾ ਕਰਨ ਲਈ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਫਰੀ ਦੀ ਕੋਈ ਕਮੀ ਨਾ ਆਵੇ।