ਹੁਸ਼ਿਆਰਪੁਰ: ਪੰਜਾਬ ਵਿੱਚ ਨਿੱਤ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿਨ ਦਿਹਾੜੇ ਲੁਟੇਰਿਆਂ ਵੱਲੋਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿੱਥੇ ਕੈਮਰਿਆਂ ਦੀ ਨਿਗਰਾਨੀ ਦਾ ਵੀ ਖੌਫ ਨਾ ਖਾਂਦੇ ਹੋਏ ਤਿੰਨ ਅਣਪਛਾਤੇ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਲੁੱਟ ਲਈ। ਇਹ ਵਾਰਦਾਤ ਹੁਸ਼ਿਆਰਪੁਰ ਫਗਵਾੜਾ ਮਾਰਗ 'ਤੇ ਪੈਂਦੇ ਪਿੰਡ ਪੂੰਗਿਆਂ ਨਜ਼ਦੀਕ ਸਥਿਤ ਰਿਲਾਇੰਸ ਪੈਟਰੋਲ ਪੰਪ 'ਤੇ ਹੋਈ। ਕੈਮਰਿਆਂ ਵਿੱਚ ਕੈਦ ਹੋਈਆਂ ਤਸਵੀਰਾਂ ਅੰਦਰ ਦੇਖਿਆ ਗਿਆ ਕਿ ਇੱਕ ਮੋਟਰਸਾਈਕਲ ਉੱਤੇ ਤਿੰਨ ਨੌਜਵਾਨ ਆਉਂਦੇ ਹਨ। ਜਿੰਨਾ ਦੇ ਮੂੰਹ ਢਕੇ ਹੋਏ ਸਨ। ਉਹਨਾਂ ਨੇ ਪੰਪ ਦੇ ਕਰਿੰਦਿਆਂ ਤੋਂ 50000 ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ।
ਕੈਮਰਿਆਂ 'ਚ ਕੈਦ ਹੋਈ ਵਾਰਦਾਤ: ਇਹ ਸਾਰੀ ਵਾਰਦਾਤ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਲੈਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ 3 ਨਕਾਬਪੋਸ਼ ਲੁਟੇਰੇ ਆਉਂਦੇ ਨੇ ਜੋ ਕਿ ਪੰਪ ਦੇ ਮੁੱਖ ਦਫਤਰ ਵੱਲ ਜਾਂਦੇ ਨੇ ਉੱਥੇ ਮੌਜੂਦ ਕਰਮਚਾਰੀਆਂ ਤੋਂ ਗਦੰਨ ਪੁਆਇੰਟ ਉੱਤੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਕਿ 2 ਲੁਟੇਰਿਆਂ ਦੇ ਹੱਥਾਂ ਵਿੱਚ ਪਿਸਟਲ ਵੀ ਨਜ਼ਰ ਆ ਰਹੇ ਨੇ। ਇਸ ਦੌਰਾਨ ਇੱਕ ਕਰਮਚਾਰੀ ਨਾਲ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਕਰਮਚਾਰੀ ਵੱਲੋਂ ਆਪਣੀ ਜਾਨ ਬਚਾਉਣ ਲਈ ਤੁਰੰਤ ਉਨ੍ਹਾਂ ਦੇ ਹੱਥਾਂ 'ਚ ਪੈਸੇ ਫੜਾ ਦਿੱਤੇ ਗਏ। ਪੈਸੇ ਲੈਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ: ਮਾਮਲੇ ਦੀ ਸੁਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਨੂੰ ਖੰਗਾਲ ਕੇ ਉਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ ਸਾਢੇ 8 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਪ 'ਤੇ ਲੁੱਟ ਹੋ ਗਈ ਹੈ। ਜਿਸ ਤੋਂ ਤੁਰੰਤ ਬਾਅਦ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਅਤੇ ਜਲਦ ਲੁਟੇਰੇ ਕਾਬੂ ਹੋ ਜਾਣਗੇ। ਹਾਲਾਂਕਿ ਸੀਸੀਟੀਵੀ ਵੇਖ ਦੇ ਸਹਿਜ਼ੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਲੁਟੇਰੇ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਭੈਅ ਤੋਂ ਸ਼ਰੇਆਮ ਪੰਪ 'ਚ ਦਾਖਿਲ ਹੁੰਦੇ ਨੇ ਅਤੇ ਕੁਝ ਸਕਿੰਟਾਂ ਚ ਹੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ।