ਬਠਿੰਡਾ: ਇਨੀ ਦਿਨੀ ਬਠਿੰਡਾ ਵਿੱਚ ਚਾਰ ਰੋਜ਼ਾ ''ਮੇਲਾ ਜਾਗਦੇ ਜੁਗਨੂੰਆਂ ਦਾ'' ਲੱਗਿਆ ਹੋਇਆ ਹੈ। ਇਸ ਮੇਲੇ ਦੌਰਾਨ ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਖਾਨ ਪਾਣ ਦੀਆਂ ਸਟਾਲਾਂ ਵੱਖ-ਵੱਖ ਲੋਕਾਂ ਵੱਲੋਂ ਲਗਾਈਆਂ ਗਈਆਂ। ਇਸ ਮੇਲੇ ਵਿੱਚ ਸਭ ਤੋਂ ਵੱਧ ਆਕਰਸ਼ਿਤ ਦਾ ਕੇਂਦਰ ਇਮਾਨਦਾਰੀ ਦੀ ਹੱਟੀ ਬਣੀ ਹੋਈ ਇਹ ਇਮਾਨਦਾਰੀ ਦੀ ਹੱਟੀ ਤਿੰਨ ਐਮਏ ਪਾਸ ਗੁਰਸੇਵ ਸਿੰਘ ਵਾਸੀ ਚੁੱਘੇ ਕਲਾਂ ਵੱਲੋਂ ਖੋਲੀ ਗਈ ਹੈ। ਜਦੋਂ ਇਮਾਨਦਾਰੀ ਦੀ ਹੱਟੀ ਖੋਲਣ ਬਾਰੇ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਵੇਖਦੇ ਹੋਏ ਇੱਕ ਸੋਚ ਲੈ ਕੇ ਮੇਲੇ ਵਿੱਚ ਪਹੁੰਚੇ ਸਨ। ਇਸ ਦੇ ਚਲਦੇ ਉਨ੍ਹਾਂ ਵੱਲੋਂ ਔਰਗੈਨਿਕ ਖੇਤੀ ਦੇ ਤੋਂ ਤਿਆਰ ਕੀਤੇ ਗਏ ਹਨ। ਪ੍ਰੋਡਕਟ ਵੱਖ-ਵੱਖ ਕਿਸਮਾਂ ਦਾ ਆਟਾ ਅਚਾਰ ਅਤੇ ਚਟਣੀਆਂ ਦੀ ਸਟਾਲ ਲਗਾਈ ਗਈ ਹੈ। ਇਸ ਸਟਾਲ ਉੱਪਰ ਕੋਈ ਵੀ ਵਿਅਕਤੀ ਤੈਨਾਤ ਨਹੀਂ ਕੀਤਾ ਗਿਆ ਹੈ। ਬਸ ਸਿਰਫ ਸਟਾਲ ਉੱਪਰ ਰੱਖੀਆਂ ਗਈਆਂ ਵਸਤੂਆਂ ਦੇ ਰੇਟ ਤੈਅ ਕੀਤੇ ਗਏ ਹਨ ਅਤੇ ਖਰੀਦਦਾਰ ਨੂੰ ਪੈਸੇ ਪਾਉਣ ਲਈ ਬਕਾਇਦਾ ਇੱਕ ਬਕਸਾ ਅਤੇ ਆਨਲਾਈਨ ਪੇਮੈਂਟ ਲਈ ਕਿਊਆਰ ਕੋਡ ਦਿੱਤਾ ਗਿਆ ਹੈ।
ਕੁਆਇੰਟੀ ਘੱਟ ਵੱਧ ਕਰਕੇ ਇਹ ਰੇਟ ਕੀਤੇ ਗਏ ਤੈਅ
ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਇਸ ਲਈ ਕੀਤਾ ਗਿਆ ਤਾਂ ਜੋ ਲੋਕਾਂ ਵਿੱਚ ਪੈਦਾ ਹੋ ਰਹੀ ਇੱਕ ਦੂਸਰੇ ਪ੍ਰਤੀ ਬੇ-ਭਰੋਸਗੀ ਨੂੰ ਚੈੱਕ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਇਹ ਤਜਰਬਾ ਕਿਸੇ ਹੱਦ ਤੱਕ ਸਫਲ ਰਿਹਾ ਹੈ ਕਿਉਂਕਿ ਮੇਲੇ ਦੇ ਪਹਿਲੇ ਦਿਨ ਹੀ ਲੋਕਾਂ ਵੱਲੋਂ ਆਪਣੇ ਤੌਰ 'ਤੇ ਸਮਾਨ ਖਰੀਦ ਕੇ 'ਇਮਾਨਦਾਰੀ ਦੀ ਹੱਟੀ' ਦੇ ਗੋਲਕ ਵਿੱਚ ਖੁਦ ਹੀ ਪੈਸੇ ਪਾਏ ਗਏ। ਜਦੋਂ ਸ਼ਾਮ ਨੂੰ ਉਨ੍ਹਾਂ ਵੱਲੋਂ ਇਸ ਦਾ ਮਿਲਾਨ ਕੀਤਾ ਗਿਆ ਤਾਂ ਲੋਕਾਂ ਵੱਲੋਂ ਖਰੀਦ ਕੀਤੇ ਗਏ ਸਮਾਨ ਅਤੇ ਪੈਸੇ ਇੱਕ ਸਾਰ ਪਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋ ਹੀ ਕੀਮਤਾਂ ਤੈਅ ਕੀਤੀਆਂ ਗਈਆਂ ਹਨ। 50 ਅਤੇ 100 ਰੁਪਏ ਭਾਵੇਂ ਵੱਖ-ਵੱਖ ਚੀਜ਼ਾਂ ਦੇ ਵੱਖ-ਵੱਖ ਰੇਟ ਹਨ ਪਰ ਉਨ੍ਹਾਂ ਵੱਲੋਂ ਕੁਆਇੰਟੀ ਘੱਟ ਵੱਧ ਕਰਕੇ ਇਹ ਰੇਟ ਤੈਅ ਕੀਤੇ ਗਏ ਹਨ ਤਾਂ ਜੋ ਲੋਕ ਖੁਦ ਹੀ 50 ਅਤੇ 100 ਦੀ ਚੀਜ਼ ਖਰੀਦਣ ਉਪਰੰਤ ਬਕਸੇ ਵਿੱਚ ਪੈਸੇ ਪਾਉਣ ਅਤੇ ਬਕਾਇਆ ਪੈਸੇ ਮੋੜਨ ਦਾ ਝੰਜਟ ਨਾ ਪਵੇ।
ਮੇਲੇ ਪ੍ਰਬੰਧਕਾਂ ਅਤੇ ਮੇਲਾ ਦੇਖਣ ਵਾਲੇ ਲੋਕਾਂ ਵੱਲੋਂ ਇਸ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਗਈ
ਗੁਰਸੇਵਕ ਸਿੰਘ ਨੇ ਦੱਸਿਆ ਨੇ ਕਿਹਾ ਕਿ ਉਨ੍ਹਾਂ ਦਾ ਇਹ ਤਜਰਬਾ ਕਾਮਯਾਬ ਰਿਹਾ ਹੈ। ਭਾਵੇਂ ਇਸ ਤਜਰਬੇ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਖੜੇ ਕੀਤੇ ਗਏ ਸਨ ਪਰ ਉਨ੍ਹਾਂ ਵੱਲੋਂ ਇਹ ਸੋਚ ਕੇ 'ਇਮਾਨਦਾਰੀ ਦੀ ਹੱਟੀ' ਖੋਲੀ ਗਈ ਸੀ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਬੇਈਮਾਨੀ ਹੁੰਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਲਾਭ ਵਿੱਚੋਂ ਪੂਰਾ ਕਰ ਲੈਣਗੇ। ਪਰ ਉਨ੍ਹਾਂ ਦਾ ਇਹ ਤਜਰਬਾ ਕਿਸੇ ਹੱਦ ਤੱਕ ਸਫਲ ਰਿਹਾ ਹੈ ਅਤੇ ਮੇਲੇ ਪ੍ਰਬੰਧਕਾਂ ਅਤੇ ਮੇਲਾ ਦੇਖਣ ਵਾਲੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
250 ਕਿਤਾਬਾਂ ਦੀ ਇੱਕ ਲਾਇਬਰੇਰੀ ਖੋਲੀ ਗਈ
ਗੁਰਸੇਵਕ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ 250 ਕਿਤਾਬਾਂ ਦੀ ਇੱਕ ਲਾਇਬਰੇਰੀ ਖੋਲੀ ਗਈ ਸੀ। ਜਿੱਥੇ ਲੋਕਾਂ ਵੱਲੋਂ ਪੜ੍ਹਨ ਲਈ ਕਿਤਾਬਾਂ ਆਪਣੇ ਘਰ ਰਜਾਈਆਂ ਜਾਂਦੀਆਂ ਸਨ ਅਤੇ ਖੁਦ ਹੀ ਕਿਤਾਬਾਂ ਦੀ ਐਂਟਰੀ ਲਾਇਬਰੇਰੀ ਦੇ ਰਜਿਸਟਰ ਵਿੱਚ ਕੀਤੀ ਜਾਂਦੀ ਸੀ ਅਤੇ ਲਾਇਬਰੇਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਇਬ੍ਰੇਰੀਅਨ ਤੈਨਾਤ ਨਹੀਂ ਕੀਤਾ ਗਿਆ ਸੀ। ਹਲੇ ਵੀ ਉਨ੍ਹਾਂ ਦੀ ਲਾਇਬਰੇਰੀ ਵਿੱਚ 200 ਦੇ ਕਰੀਬ ਕਿਤਾਬਾਂ ਮੌਜੂਦ ਹਨ ਜਦੋਂ ਕਿ 50 ਕਿਤਾਬਾਂ ਲੋਕ ਆਪਣੇ ਆਪਣੇ ਘਰਾਂ ਵਿੱਚ ਪੜ੍ਹਨ ਲਈ ਲੈ ਕੇ ਗਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵੱਖਰੇ ਉਪਰਾਲੇ ਨੂੰ ਲੈ ਕੇ ਜਿੱਥੇ ਲੋਕਾਂ ਵੱਲੋਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਪ੍ਰੋਡਕਟਾਂ ਦੀ ਵੀ ਤਾਰੀਫ ਕੀਤੀ ਜਾ ਰਹੀ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਇਸ ਕਾਰਜ ਵਿੱਚ ਸਫਲ ਹੁੰਦਾ ਵੇਖ ਰਹੇ ਹਨ।