ਬਠਿੰਡਾ: ਕੋਈ ਸਮਾਂ ਸੀ ਜਦੋਂ ਔਰਤਾਂ ਨੂੰ ਪਰਦੇ ਪਿੱਛੇ ਰੱਖਣ ਦੀ ਪ੍ਰਥਾ ਸੀ, ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਕਲਾਂ ਦੀਆਂ ਚਾਰ ਦਰਾਣੀਆਂ ਜਠਾਣੀਆਂ ਨੇ ਸੈਲਫ ਹੈਲਪ ਗਰੁੱਪ ਬਣਾ ਕੇ ਅਜਿਹਾ ਕਾਰੋਬਾਰ ਸ਼ੁਰੂ ਕੀਤਾ ਹੈ ਕਿ ਉਨਾਂ ਦੇ ਤਿਆਰ ਕੀਤੇ ਹੋਏ ਵੱਖ-ਵੱਖ ਕਿਸਮਾਂ ਦੇਖ ਘਰੇਲੂ ਵਰਤੋਂ ਵਾਲੇ ਤੇਲਾਂ ਦੀ ਡਿਮਾਂਡ ਵਿਦੇਸ਼ਾਂ ਤੱਕ ਹੈ। ਪਿੰਡ ਬੀਰੋਕੇ ਕਲਾਂ ਦੀ ਨਿਵਾਸੀ ਸੁਖਪਾਲ ਕੌਰ ਨੇ ਦੱਸਿਆ ਕਿ ਉਹ ਚਾਰ ਦਰਾਣੀਆਂ ਜਠਾਣੀਆਂ ਹਨ, ਜਿਨ੍ਹਾਂ ਦਾ ਆਪਸੀ ਬਹੁਤ ਜਿਆਦਾ ਪਿਆਰ ਹੋਣ ਕਾਰਨ ਉਨ੍ਹਾਂ ਵੱਲੋਂ ਕੋਈ ਕਾਰੋਬਾਰ ਕਰਨ ਬਾਰੇ ਸੋਚਿਆ ਗਿਆ।
ਸ਼ੁੱਧ ਤੇਲ ਕੱਢਣਾ ਮੰਤਵ: ਸੁਖਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਕਾਇਦਾ ਟ੍ਰੇਨਿੰਗ ਲੈ ਕੇ ਸ਼ੁੱਧ ਤੇਲ ਕੱਢਣ ਲਈ ਪਿੰਡ ਵਿੱਚ ਹੀ ਕੋਹਲੂ ਲਗਾਇਆ ਗਿਆ। ਕੇਵੀਕੇ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਪ੍ਰਾਈਵੇਟ ਸੰਸਥਾ ਦੇ ਸਹਿਯੋਗ ਨਾਲ ਉਨਾਂ ਨੂੰ ਕੋਹਲੂ ਮੁਫਤ ਵਿੱਚ ਉਪਲਬਧ ਕਰਵਾਇਆ ਗਿਆ ਅਤੇ ਉਨ੍ਹਾਂ ਵੱਲੋਂ ਸਰੋਂ, ਬਦਾਮ, ਖੋਪਾ ਅਤੇ ਅਲਸੀ ਦਾ ਤੇਲ ਤਿਆਰ ਕੀਤਾ ਜਾਣ ਲੱਗਾ ਹੈ। ਇਹ ਤੇਲ ਉਨ੍ਹਾਂ ਵੱਲੋਂ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ।
ਚਾਰਾਂ ਨੂੰ ਇੱਕ-ਦੂਜੇ ਦਾ ਸਹਿਯੋਗ: ਕੋਹਲੂ, ਜੋ ਕਿ ਬਹੁਤ ਘੱਟ ਸਪੀਡ ਨਾਲ ਵੱਖ-ਵੱਖ ਤਰ੍ਹਾਂ ਦੇ ਤੇਲ ਤਿਆਰ ਕਰਦਾ ਹੈ, ਉਸ ਦੀ ਕੁਆਲਿਟੀ ਵੇਖ ਕੇ ਉਨਾਂ ਨੂੰ ਦੇਸ਼ ਵਿਦੇਸ਼ ਤੋਂ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਤੇਲ ਦੇ ਆਰਡਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 9 ਤੋਂ 5 ਵਜੇ ਤੱਕ ਇਕੱਠੀਆਂ ਕੰਮ ਕਰਦੀਆਂ ਹਨ। ਜੇਕਰ ਕਿਸੇ ਨੂੰ ਕੰਮ ਵੀ ਹੁੰਦਾ ਹੈ, ਤਾਂ ਉਹ ਦੂਜੇ ਦਾ ਕੰਮ ਸਾਂਭਦੀਆਂ ਹਨ ਅਤੇ ਜੋ ਵੀ ਇਸ ਕਾਰੋਬਾਰ ਵਿੱਚ ਲਾਭ ਹੁੰਦਾ ਹੈ, ਉਹ ਬਰਾਬਰ ਵੰਡਦੀਆਂ ਹਨ। ਇਸ ਕਾਰੋਬਾਰ ਵਿੱਚ ਉਨ੍ਹਾਂ ਦੇ ਪਤੀ ਵੀ ਸਹਿਯੋਗ ਕਰ ਰਹੇ ਹਨ, ਜੋ ਕਿ ਵੱਖ-ਵੱਖ ਮੇਲਿਆਂ ਵਿੱਚ ਸਟਾਲਾਂ ਲਗਾ ਕੇ ਕੋਹਲੂ ਤੋਂ ਤਿਆਰ ਕੀਤਾ ਹੋਇਆ ਤੇਲ ਵੇਚਦੇ ਹਨ।
ਹੋਰਨਾਂ ਲਈ ਪ੍ਰੇਰਨਾਸਰੋਤ: ਸੁਖਪਾਲ ਕੌਰ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲੋਂ ਆਰਡਰ ਹੀ ਪੂਰੇ ਨਹੀਂ ਹੋ ਰਹੇ, ਕਿਉਂਕਿ ਸ਼ੁੱਧਤਾ ਦੇ ਨਾਲ ਨਾਲ ਬਹੁਤ ਘੱਟ ਸਪੀਡ ਤੇ ਕੱਢੇ ਜਾਂਦੇ ਤੇਲ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਬਾਕੀ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਦਿਆਂ ਨੂੰ ਸਹਿਯੋਗ ਕਰਨ ਲਈ ਅਜਿਹੇ ਕਾਰੋਬਾਰਾਂ ਦੀ ਟ੍ਰੇਨਿੰਗ ਲੈਣ ਅਤੇ ਆਪਣਾ ਕਾਰੋਬਾਰ ਤੋਰਨ ਜੋ ਕਿ ਭਵਿੱਖ ਵਿੱਚ ਉਨ੍ਹਾਂ ਲਈ ਲਾਹੇਵੰਦ ਸਾਬਿਤ ਹੋਵੇਗਾ।