ਲੁਧਿਆਣਾ: ਇੱਕ ਪਾਸੇ ਜਿੱਥੇ ਅੱਜ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਮੁਫਤ ਕਰ ਦਿੱਤੇ ਗਏ, ਉੱਥੇ ਹੀ ਅੱਜ ਲੋਕਾਂ ਨੂੰ ਉਸ ਵੇਲੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸਾਨਾਂ ਦੇ ਰੇਲ ਰੋਕੂ ਅੰਦੋਲਨ ਕਰਕੇ ਕਈ ਟਰੇਨਾਂ ਆਪਣੇ ਸਮੇਂ ਤੋਂ ਲੇਟ ਹੋ ਗਈਆਂ ਅਤੇ ਨਾਲ ਹੀ ਕਈ ਟਰੇਨਾਂ ਦਾ ਰੂਟ ਵੀ ਡਾਈਵਰਟ ਕਰਨਾ ਪਿਆ। ਖਾਸ ਕਰਕੇ ਜਿੰਨਾਂ ਟਰੇਨਾਂ ਦਾ ਰੂਟ ਡਾਈਵਰਟ ਕੀਤਾ ਗਿਆ ਹੈ ਉਹਨਾਂ ਵਿੱਚ ਟਰੇਨ ਨੰਬਰ 2716, 5708, 4612 ਸ਼ਾਮਿਲ ਹਨ, ਜਿਨਾਂ ਨੂੰ ਚੰਡੀਗੜ੍ਹ ਦੇ ਰੂਟ ਤੋਂ ਭੇਜਿਆ ਗਿਆ ਹੈ। ਹਾਲਾਂਕਿ ਸਟੇਸ਼ਨ ਦੇ ਡਾਇਰੈਕਟਰ ਨੇ ਬਿਨਾਂ ਕੈਮਰੇ ਦੇ ਗੱਲਬਾਤ ਕੀਤੇ ਕਿਹਾ ਕਿ ਜਿਆਦਾ ਅਸਰ ਨਹੀਂ ਹੋਇਆ ਹੈ, ਉਹਨਾਂ ਕਿਹਾ ਕਿ ਰੂਟੀਨ ਵਿੱਚ ਵੀ ਟਰੇਨਾਂ ਲੇਟ ਹੋ ਜਾਂਦੀਆਂ ਹਨ।
ਰੇਲਾਂ ਰੋਕਣ ਨਾਲ ਯਾਤਰੀ ਪਰੇਸ਼ਾਨ: ਲੁਧਿਆਣਾ ਤੋਂ ਹਜ਼ੂਰ ਸਾਹਿਬ ਜਾ ਰਹੇ ਯਾਤਰੀਆਂ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਦੇ ਆਏ ਹੋਏ ਹਨ। ਉਹਨਾਂ ਦੀ ਟਰੇਨ ਚਾਰ ਤੋਂ ਪੰਜ ਘੰਟੇ ਲੇਟ ਹੈ। ਉਹਨਾਂ ਨੇ ਕਿਹਾ ਕਿ ਉਹ ਪਿੱਛੋਂ ਹੀ ਲੇਟ ਦੱਸੀ ਜਾ ਰਹੀ ਹੈ, ਹਾਲਾਂਕਿ ਕਿਸਾਨ ਅੰਦੋਲਨ ਦਾ ਇਸਦਾ ਕਿੰਨਾ ਕ ਅਸਰ ਹੈ ਇਹ ਨਹੀਂ ਕਿਹਾ ਜਾ ਸਕਦਾ। ਉਥੇ ਹੀ ਹਰਿਆਣਾ ਜਾ ਰਹੇ ਇੱਕ ਯਾਤਰੀ ਨੇ ਦੱਸਿਆ ਕਿ ਉਸ ਨੇ ਕਿਸੇ ਵਿਆਹ ਦੇ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ ਪਰ ਉਹ ਨਹੀਂ ਜਾ ਸਕਿਆ, ਜਿਸ ਦਾ ਕਾਰਨ ਟਰੇਨ ਲੇਟ ਹੋਣਾ ਹੈ। ਉਹਨਾਂ ਕਿਹਾ ਕਿ ਉਸਦੀ ਟਰੇਨ ਤਿੰਨ ਤੋਂ ਚਾਰ ਘੰਟੇ ਲੇਟ ਹੈ। ਇਸੇ ਤਰ੍ਹਾਂ ਹੋਰ ਵੀ ਯਾਤਰੀਆਂ ਨੇ ਦੱਸਿਆ ਕਿ ਟਰੇਨ ਲੇਟ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨ ਤਾਂ ਜ਼ਰੂਰ ਹੋਣਾ ਪਿਆ ਹੈ ਪਰ ਨਾਲ ਹੀ ਉਹ ਕਿਸਾਨਾਂ ਦਾ ਵੀ ਦਰਦ ਸਮਝਦੇ ਹਨ। ਉਹਨਾਂ ਨੇ ਕਿਹਾ ਕਿ ਸਾਨੂੰ 16 ਫਰਵਰੀ ਦਾ ਪਤਾ ਸੀ ਕਿ ਪੂਰਾ ਭਾਰਤ 16 ਤਰੀਕ ਨੂੰ ਬੰਦ ਹੈ ਪਰ ਅੱਜ ਦਾ ਨਹੀਂ ਪਤਾ ਸੀ ਕਿ ਅੱਜ ਵੀ ਕਿਸਾਨਾਂ ਵੱਲੋਂ ਟ੍ਰੇਨਾਂ ਰੋਕੀਆਂ ਜਾਣੀਆਂ ਹਨ।
ਹਰਿਆਣਾ ਦੀ ਕਿਸਾਨਾਂ 'ਤੇ ਕਾਰਵਾਈ ਦੇ ਵਿਰੋਧ 'ਚ ਰੋਕੀਆਂ ਟਰੇਨਾਂ: ਕਿਸਾਨਾਂ ਵੱਲੋਂ ਅੱਜ ਸ਼ੰਭੂ ਬਾਰਡਰ 'ਤੇ ਪੁਲਿਸ ਵੱਲੋਂ ਕਿਸਾਨਾਂ ਉੱਤੇ ਜੋ ਅਥਰੂ ਗੈਸ ਦੇ ਗੋਲੇ ਛੱਡੇ ਗਏ ਹਨ ਉਸ ਦੇ ਵਿਰੋਧ ਦੇ ਵਿੱਚ ਅੱਜ ਉਹਨਾਂ ਵੱਲੋਂ ਟਰੇਨਾਂ ਰੋਕਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਚੱਲਦੇ ਤਿੰਨ ਤੋਂ ਚਾਰ ਘੰਟੇ ਟਰੇਨਾਂ ਰੋਕੀਆਂ ਜਾਣੀਆਂ ਸਨ। ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੱਤ ਅਜਿਹੀਆਂ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ, ਜਿੱਥੇ ਟਰੇਨਾਂ ਰੋਕੀਆਂ ਜਾਣੀਆਂ ਸਨ। ਜਿੰਨ੍ਹਾਂ ਦੇ ਵਿੱਚ ਫਗਵਾੜਾ, ਜਲੰਧਰ, ਅੰਮ੍ਰਿਤਸਰ ਆਦਿ ਸਟੇਸ਼ਨ ਸ਼ਾਮਿਲ ਹਨ। ਹਾਲਾਂਕਿ ਲੁਧਿਆਣਾ ਦੇ ਵਿੱਚ ਟਰੇਨਾਂ ਨਹੀਂ ਰੋਕੀਆਂ ਗਈਆਂ ਪਰ ਲੁਧਿਆਣਾ ਦੇ ਵਿੱਚ ਯਾਤਰੀਆਂ ਨੂੰ ਜ਼ਰੂਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।