ਬਰਨਾਲਾ: ਬਰਨਾਲਾ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪਤੀ ਵਲੋਂ ਪਤਨੀ ਦਾ ਕਤਲ ਕਰ ਦਿੱਤਾ। ਇਹ ਕਤਲ ਗਰਦਨ ਉਪਰ ਤਿੱਖੀ ਚੀਜ਼ ਨਾਲ ਵਾਰ ਕਰਕੇ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਵਾਂ ਦਾ ਪਿਛਲੇ ਮਹੀਨੇ ਹੀ ਵਿਆਹ ਹੋਇਆ ਸੀ। ਵਿਆਹ ਦੇ 20 ਦਿਨ ਬਾਅਦ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਮ੍ਰਿਤਕਾ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਸੀ ਅਤੇ ਸਟੱਡੀ ਬੇਸ 'ਤੇ ਜਨਵਰੀ ਮਹੀਨੇ ਕੈਨੇਡਾ ਜਾਣਾ ਸੀ। ਮੁਲਜ਼ਮ ਪਤੀ ਨੇ ਬੀਤੀ ਰਾਤ ਕਰੀਬ ਢਾਈ ਵਜੇ ਘਟਨਾ ਨੂੰ ਘਰ ਵਿੱਚ ਅੰਜ਼ਾਮ ਦਿੱਤਾ। ਲੜਕੀ ਦੇ ਪਰਿਵਾਰ ਨੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਪੁਲਿਸ ਨੇ ਮ੍ਰਿਤਕਾ ਦੀ ਡੈਡਬਾਡੀ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ 25 ਅਗਸਤ ਨੂੰ ਵਿਆਹ ਪਿੰਡ ਨਰੈਣਗੜ੍ਹ ਸੋਹੀਆਂ ਦੇ ਵਿਅਕਤੀ ਨਾਲ ਹੋਇਆ ਸੀ। ਵਿਆਹ ਤੋਂ ਉਪਰੰਤ ਹੀ ਉਸਦਾ ਪਤੀ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਕਾਫ਼ੀ ਸਮਾਂ ਸਮਝਾਉਣ ਦੇ ਬਾਅਦ ਵੀ ਉਹ ਨਹੀਂ ਸੁਧਰਿਆ। ਇਸੇ ਦੌਰਾਨ ਉਸਨੇ ਬੀਤੀ ਰਾਤ ਲੜਕੀ ਦਾ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਰਾਤ ਕਰੀਬ ਸਾਢੇ ਤਿੰਨ ਵਜੇ ਉਹਨਾਂ ਨੂੰ ਫ਼ੋਨ 'ਤੇ ਇਸਦੀ ਜਾਣਕਾਰੀ ਦਿੱਤੀ, ਜਿਸਤੋਂ ਬਾਅਦ ਤੁਰੰਤ ਉਹ ਘਟਨਾ ਸਥਾਨ 'ਤੇ ਪਹੁੰਚੇ। ਜਿੱਥੇ ਉਹਨਾਂ ਦੀ ਲੜਕੀ ਦੀ ਗਰਦਨ ਉਪਰ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਹੋਏ ਸਨ। ਜਿਸ ਨਾਲ ਉਸਦੀ ਮੌਤ ਹੋਈ ਹੈ। ਉਹਨਾ ਕਿਹਾ ਕਿ ਵਿਆਹ ਦੇ 20 ਦਿਨਾਂ ਵਿੱਚ ਹੀ ਉਹਨਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਨੇ ਮਾਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਦੀ ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਸੀ।
ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਸੀ
ਇਸ ਮੌਕੇ ਪਿੰਡ ਨਰੈਣਗੜ੍ਹ ਸੋਹੀਆਂ ਦੇ ਸਰਪੰਚ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ ਢਾਈ ਵਜੇ ਵਾਪਰੀ ਹੈ। ਜਿਸ ਘਰ ਇਹ ਘਟਨਾ ਵਾਪਰੀ ਹੈ, ਉਸਦਾ ਘਰ ਗੁਆਂਢ ਵਿੱਚ ਹੀ ਹੈ। ਮੁਲਜ਼ਮ ਆਪਣੀ ਪਤਨੀ ਦਾ ਕਤਲ ਕਰਕੇ ਫ਼ਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹਨਾਂ ਨੇ ਟੱਲੇਵਾਲ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਪਤੀ ਪਤਨੀ ਦਾ ਆਪਸ ਵਿੱਚ ਕੋਈ ਝਗੜਾ ਵੀ ਨਹੀਂ ਚੱਲਦਾ ਸੀ। ਲੜਕੀ ਦਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਸੀ, ਜਿਸਦਾ ਖ਼ਰਚ ਲੜਕੇ ਵਾਲਿਆਂ ਨੇ ਕੀਤਾ ਸੀ। ਲੜਕੀ ਨੇ ਜਨਵਰੀ ਵਿੱਚ ਵਿਦੇਸ਼ ਜਾਣਾ ਸੀ।
ਉਥੇ ਇਸ ਸਬੰਧੀ ਥਾਣਾ ਟੱਲੇਵਾਲ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਡੈਡਬਾਡੀ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਲੜਕੀ ਦੇ ਪਿਤਾ ਅਜਮੇਰ ਸਿੰਘ ਦੇ ਬਿਆਨ ਦਰਜ਼ ਕਰਕੇ ਲੜਕੀ ਦੇ ਮੁਲਜ਼ਮ ਪਤੀ ਵਿਰੁੱਧ ਕਤਲ ਦਾ ਕੇਸ ਦਰਜ਼ ਕਰ ਲਿਆ ਹੈ। ਉਹਨਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਫਰਾਰ ਹੈ।