ਕਪੂਰਥਲਾ: ਬੀਤੀ ਰਾਤ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਬਾਹਰਵਾਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਝੁੱਗੀਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਸੀ। ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ ਤੇ ਕਰੀਬ 300-400 ਝੁੱਗੀਆਂ ਨੂੰ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ, ਜੋ ਕਾਫੀ ਜੱਦੋ ਜਹਿਦ ਮਗਰੋਂ ਅੱਗ 'ਤੇ ਕਾਬੂ ਸਕੀਆਂ।
ਗਰੀਬਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ: ਇਸ ਦੌਰਾਨ ਪੀੜਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ, ਜਿੱਥੇ ਲੋਕਾਂ ਨੇ ਦੱਸਿਆ ਕਿ ਹੁਣ ਉਹਨਾਂ ਦੇ ਕੋਲ ਨਾ ਤਾਂ ਰਹਿਣ ਦੇ ਲਈ ਆਸ਼ੀਆਨਾ ਹੀ ਹੈ ਤੇ ਨਾ ਹੀ ਖਾਣ ਦੇ ਲਈ ਕੁਝ ਬਾਕੀ ਬਚਿਆ। ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇਸ ਮਾਰ ਨੂੰ ਝੱਲ ਪਾਉਣਾ ਉਹਨਾਂ ਦੇ ਲਈ ਵੱਡੀ ਚੁਣੌਤੀ ਹੈ। ਲਿਹਾਜ਼ਾ ਉਹਨਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਦੀ ਵਰਤੋਂ ਕੀਤੀ: ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਭੁਲਾਣਾ ਚੌਕੀ ਦੀ ਪੁਲੀਸ ਅਤੇ ਕਪੂਰਥਲਾ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਚਲਾ ਕੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਭੁਲਾਣਾ ਚੌਕੀ ਦੇ ਇੰਚਾਰਜ ਏਐਸਆਈ ਪੂਰਨਚੰਦ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਦੀ ਵਰਤੋਂ ਕੀਤੀ ਗਈ। ਝੁੱਗੀਆਂ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ ਹਨ। ਫਾਇਰ ਬ੍ਰਿਗੇਡ ਕਪੂਰਥਲਾ ਦਫਤਰ ਅਨੁਸਾਰ ਉਨ੍ਹਾਂ ਨੂੰ ਕਰੀਬ 12.15 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਫਾਇਰ ਅਫ਼ਸਰ ਰਵਿੰਦਰ ਕੁਮਾਰ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।