ਲੁਧਿਆਣਾ: ਪੰਜਾਬ ਦੁੱਧ ਦੇ ਉਤਪਾਦਨ ਦੇ ਵਿੱਚ ਦੇਸ਼ ਭਰ ਦੇ ਕਈ ਸੂਬਿਆਂ ਵਿੱਚੋਂ ਮੋਹਰੀ ਹੈ। ਪੰਜਾਬ ਦੇ ਨਾਲ ਹਰਿਆਣਾ ਰਾਜਸਥਾਨ ਵਿੱਚ ਵੀ ਪਸ਼ੂ ਪਾਲਕ ਵੱਡੀ ਗਿਣਤੀ ਵਿੱਚ ਇਸ ਨੂੰ ਸਹਾਇਕ ਧੰਦੇ ਵਜੋਂ ਆਪਣਾ ਚੁੱਕੇ ਹਨ, ਪਰ ਗਰਮੀਆਂ ਵਿੱਚ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਉੱਤੇ 20 ਤੋਂ 25 ਫੀਸਦੀ ਤੱਕ ਦਾ ਅਸਰ ਪੈਂਦਾ ਹੈ ਜਿਸ ਨਾਲ ਨਾ ਸਿਰਫ ਪਸ਼ੂ ਪਾਲਕਾਂ ਨੂੰ ਇਸ ਨਾਲ ਨੁਕਸਾਨ ਝੱਲਣਾ ਪੈਂਦਾ ਹੈ, ਸਗੋਂ ਪਸ਼ੂਆਂ ਨੂੰ ਵੀ ਆਉਣ ਵਾਲੀ ਬਰਸਾਤਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਵੇਂ ਰੱਖੀਏ ਧਿਆਨ: ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਡੈਰੀ ਫਾਰਮਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਪੁਨੀਤ ਮਲਹੋਤਰਾ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਦੇ ਲਈ 37 ਡਿਗਰੀ ਦਾ ਤਾਪਮਾਨ ਹੋਣਾ ਚਾਹੀਦਾ ਹੈ, ਜਦਕਿ ਉਨ੍ਹਾਂ ਕਿਹਾ ਬਾਹਰ 45 ਡਿਗਰੀ ਤੱਕ ਵੀ ਤਾਪਮਾਨ ਪਹੁੰਚ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਟੈਂਪਰੇਚਰ ਮੈਨਟੇਨ ਰੱਖਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਲਈ ਪਾਣੀ ਦੇ ਫੁਵਾਰੇ ਦੀ ਵਿਵਸਥਾ, ਪੱਖੇ ਦੀ ਵਿਵਸਥਾ ਹੋਣੀ ਬੇਹਦ ਲਾਜ਼ਮੀ ਹੈ। ਢਾਰੇ ਅਜੇ ਹੋਣੇ ਚਾਹੀਦੇ ਹਨ, ਜਿੱਥੋਂ ਹਵਾ ਦੀ ਨਿਕਾਸੀ ਆਸਾਨੀ ਨਾਲ ਹੋ ਸਕੇ। ਉਸ ਵਿੱਚ ਟੈਂਪਰੇਚਰ ਬਾਹਰ ਨਾਲੋਂ ਪੰਜ ਤੋਂ ਛੇ ਡਿਗਰੀ ਹੇਠਾਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਪਸ਼ੂ ਆਪਣੇ ਸਰੀਰ ਦੀ ਸਾਰੀ ਸ਼ਕਤੀ ਆਪਣਾ ਤਾਪਮਾਨ ਬਣਾਈ ਰੱਖਣ ਲਈ ਵਿਅਰਥ ਕਰ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦੇ ਦੁੱਧ ਦੇਣ ਦੀ ਸਮਰੱਥਾ ਉੱਤੇ ਇਸ ਦਾ ਅਸਰ ਪੈਂਦਾ ਹੈ। ਡਾਕਟਰ ਪੁਨੀਤ ਨੇ ਦੱਸਿਆ ਕੇ ਪਸ਼ੂ ਚਾਰਾ ਖਾਣਾ ਘੱਟ ਕਰ ਦਿੰਦੇ ਹਨ, ਜੁਗਾਲੀ ਘੱਟ ਕਰਦੇ ਹਨ ਜਿਸ ਕਰਕੇ ਦੁੱਧ ਘੱਟਨਾ ਸ਼ੁਰੂ ਹੋ ਜਾਂਦਾ ਹੈ।
ਮੱਝਾਂ ਬਨਾਮ ਦੇਸੀ ਗਊ: ਹਾਲਾਂਕਿ ਮੱਝਾ ਜਿਆਦਾ ਗਰਮੀ ਮੰਦੀਆਂ ਹਨ, ਪਰ ਗਊ ਨੂੰ ਵੀ ਗਰਮੀਆਂ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਖਾਸ ਕਰਕੇ ਜਿਨ੍ਹਾਂ ਪਸ਼ੂ ਪਾਲਕਾਂ ਵੱਲੋਂ ਅਮਰੀਕੀ ਨਸਲ ਦੀਆਂ ਗਊਆਂ ਰੱਖੀਆਂ ਹਨ, ਉਹ ਗਰਮੀ ਵਿੱਚ ਨਹੀਂ ਰਹਿ ਸਕਦੀਆਂ। ਉਨ੍ਹਾਂ ਲਈ ਟੈਂਪਰੇਚਰ ਨੂੰ ਬਣਾਈ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂ ਢਾਰੇ ਦੇ ਅੰਦਰ ਹੈ, ਤਾਂ ਮੱਝਾਂ ਅਤੇ ਗਾਵਾਂ ਦੋਵਾਂ ਨੂੰ ਹੀ ਉਨੀ ਹੀ ਗਰਮੀ ਲੱਗਦੀ ਹੈ, ਪਰ ਜੇਕਰ ਉਹ ਬਾਹਰ ਹਨ, ਤਾਂ ਮੱਝਾਂ ਨੂੰ ਗਊ ਦੇ ਮੁਕਾਬਲੇ ਜਿਆਦਾ ਗਰਮੀ ਲੱਗਦੀ ਹੈ, ਕਿਉਂਕਿ ਮੱਝਾ ਦੀ ਸਕਿਨ ਕਾਲੇ ਰੰਗ ਦੀ ਹੁੰਦੀ ਹੈ ਅਤੇ ਕਾਲੇ ਰੰਗ ਦੇ ਵਿੱਚ ਗਰਮੀ ਜਿਆਦਾ ਆਉਂਦੀ ਹੈ। ਇਸ ਕਰਕੇ ਮੱਝਾਂ ਨੂੰ ਗਰਮੀ ਤੋਂ ਜਿਆਦਾ ਦਿੱਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਜਾਨਵਰਾਂ ਦਾ ਧਿਆਨ ਗਰਮੀ ਦਾ ਵਿੱਚ ਰੱਖਣ ਦੀ ਬੇਹਦ ਜ਼ਰੂਰਤ ਹੈ।
ਕਿਹੜੇ ਚਾਰੇ ਦੀ ਲੋੜ: ਡਾਕਟਰ ਪੁਨੀਤ ਨੇ ਦੱਸਿਆ ਕਿ ਗਰਮੀਆਂ ਵਿੱਚ ਖਾਸ ਕਰਕੇ ਮਈ ਮਹੀਨੇ ਦੇ ਅੰਦਰ ਚਾਰਾ ਕਾਫੀ ਘੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਚਾਰਾ ਖ਼ਤਮ ਹੋ ਚੁੱਕਾ ਹੁੰਦਾ ਹੈ ਅਤੇ ਨਵਾਂ ਆਉਣਾ ਹਾਲੇ ਸਮੇਂ ਬਾਅਦ ਹੁੰਦਾ ਹੈ ਇਸ ਕਰਕੇ ਕਿਸਾਨਾਂ ਕੋਲ ਕੋਈ ਜਿਆਦਾ ਆਪਸ਼ਨ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਵੱਡੇ ਕਿਸਾਨ ਤਾਂ ਇਸ ਦਾ ਪ੍ਰਬੰਧ ਪਹਿਲਾਂ ਹੀ ਰੱਖ ਕੇ ਚੱਲਦੇ ਹਨ, ਪਰ ਛੋਟੇ ਕਿਸਾਨ ਵੀ ਮੱਕੀ ਅਤੇ ਚਰੀ ਦੀ ਵਰਤੋਂ ਕਰਕੇ ਪਸ਼ੂਆਂ ਲਈ ਚਾਰਾ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਘਰੇ ਉਨ੍ਹਾਂ ਨੇ ਚਾਰਾ ਬਣਾਇਆ ਹੈ, ਤਾਂ ਉਹ ਵੀ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਚਾਰਾ ਉਨਾਂ ਹੀ ਜ਼ਰੂਰੀ ਹੈ, ਜਿੰਨਾ ਸਾਡੀ ਸਰੀਰ ਲਈ ਖੁਰਾਕ ਜਦੋਂ ਤੱਕ ਸਾਡੇ ਕੋਈ ਪਸ਼ੂ ਭਰਪੂਰ ਮਾਤਰਾ ਵਿੱਚ ਲੋੜ ਦੇ ਮੁਤਾਬਿਕ ਚਾਰਾ ਖਾਂਦੇ ਰਹਿੰਦੇ ਹਨ, ਉਦੋਂ ਤੱਕ ਉਨ੍ਹਾਂ ਤੇ ਦੁੱਧ ਦੇ ਵਿੱਚ ਬਹੁਤਾ ਅਸਰ ਨਹੀਂ ਹੁੰਦਾ, ਪਰ ਜੇਕਰ ਚਾਰਾ ਗਰਮੀ ਜਿਆਦਾ ਹੋਣ ਕਰਕੇ ਘੱਟ ਕਰ ਦੇਵੇ ਫਿਰ ਦੁੱਧ ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ ਤੇ ਦੁੱਧ ਦੀ ਪ੍ਰੋਡਕਸ਼ਨ ਵੀ ਘੱਟ ਜਾਂਦੀ ਹੈ।
ਕਿਹੜੀਆਂ ਬਿਮਾਰੀਆਂ ਦਾ ਰੱਖੀਏ ਧਿਆਨ: ਡਾਕਟਰ ਪੁਨੀਤ ਨੇ ਦੱਸਿਆ ਕਿ ਗਰਮੀਆਂ ਦੇ ਵਿੱਚ ਕੋਈ ਬਿਮਾਰੀ, ਤਾਂ ਦੁਧਾਰੂ ਪਸ਼ੂਆਂ ਨੂੰ ਨਹੀਂ ਲੱਗਦੀ। ਇਨ੍ਹਾਂ ਨੂੰ ਗਰਮੀ ਤੋਂ ਬਚਾਉਣਾ ਹੀ ਕਿਸਾਨ ਲਈ ਸਭ ਤੋਂ ਵੱਡਾ ਟੀਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਬਿਮਾਰੀਆਂ ਤੋਂ ਵੀ ਗਰਮੀ ਵਿੱਚ ਹੀ ਬਚਾਉਣਾ ਹੁੰਦਾ ਹੈ, ਕਿਉਂਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਗਲ ਘੋਟੂ ਵਰਗੀਆਂ ਬਿਮਾਰੀਆਂ ਕਾਫੀ ਵੱਧ ਜਾਂਦੀਆਂ ਹਨ। ਉਸ ਤੋਂ ਪਹਿਲਾਂ ਹੀ ਗਰਮੀਆਂ ਵਿੱਚ ਪਸ਼ੂਆਂ ਨੂੰ ਇਸ ਸਬੰਧੀ ਵੈਕਸੀਨ ਲਗਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਸਰਕਾਰੀ ਟੀਕਾਕਰਨ ਬਹੁਤ ਜਰੂਰੀ ਹੈ, ਜੇਕਰ ਪਿੰਡਾਂ ਦੇ ਵਿੱਚ ਟੀਕਾ ਲਾਉਣ ਲਈ ਡਾਕਟਰ ਆਉਂਦੇ ਹਨ, ਤਾਂ ਉਨ੍ਹਾਂ ਤੋਂ ਜ਼ਰੂਰ ਟੀਕਾ ਲੱਗਵਾ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਕਿਹਾ ਕਿ ਉਸ ਦਾ ਅਸਰ ਇੱਕ ਜਾਂ ਦੋ ਦਿਨ ਹੀ ਰਹਿੰਦਾ ਹੈ ਅਤੇ ਕਈ ਪਸ਼ੂਆਂ ਦੇ ਵਿੱਚ ਤਾਂ ਇਸ ਦਾ ਅਸਰ ਹੀ ਵੇਖਣ ਨੂੰ ਨਹੀਂ ਮਿਲਦਾ। ਇਸੇ ਕਰਕੇ ਪਸ਼ੂਆਂ ਨੂੰ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਟੀਕਾਕਰਨ ਬੇਹਦ ਜਰੂਰੀ ਹੈ।