ਅੰਮ੍ਰਿਤਸਰ: ਨਵੇਂ ਵਿੱਤੀ ਸਾਲ ਦੇ ਨਾਲ ਹੀ ਦੇਸ਼ ਭਰ ਦੇ ਕਈ ਟੋਲ ਪਲਾਜ਼ਿਆਂ ਦੇ ਟੈਕਸ ਰੇਟਾਂ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ ਜਿਸ ਦਾ ਬੋਝ ਹੁਣ ਆਮ ਲੋਕਾਂ 'ਤੇ ਇਕ ਅਪ੍ਰੈਲ ਯਾਨੀ ਅੱਜ ਤੜਕੇ ਤੋਂ ਪੈਣ ਲੱਗ ਚੁੱਕਾ ਹੈ। ਜੀ ਹਾਂ, ਦੇਸ਼ ਭਰ ਵਿੱਚ ਕਈ ਟੋਲ ਪਲਾਜ਼ਿਆਂ ਦੇ ਉੱਤੇ ਟੈਕਸ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਪੰਜਾਬ ਦੇ ਮਹਿੰਗੇ ਟੋਲ ਪਲਾਜ਼ਿਆਂ ਵਿੱਚ ਸ਼ੁਮਾਰ ਢਿੱਲਵਾਂ ਟੋਲ ਪਲਾਜ਼ਾ ਜੋ ਕਿ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਦੇ ਉੱਤੇ ਸਥਿਤ ਹੈ, ਦੇ ਰੇਟਾਂ ਵਿੱਚ ਵੀ ਹੁਣ ਵਾਧਾ ਕੀਤਾ ਗਿਆ ਹੈ, ਜੋ ਕਿ ਅੱਜ ਯਾਨੀ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ।
ਇਹ ਹੋਣਗੇ ਨਵੇਂ ਟੋਲ ਟੈਕਸ ਰੇਟ: ਢਿੱਲਵਾਂ ਟੋਲ ਪਲਾਜ਼ਾ ਦੇ ਉੱਤੇ ਵਧਾਏ ਗਏ ਰੇਟਾਂ ਸਬੰਧੀ ਜਾਣਕਾਰੀ ਦਿੰਦਿਆਂ ਹਾਈਵੇ ਇੰਫਰਾਸਟਰਕਚਰ ਕੰਪਨੀ ਲਿਮਿਟਡ ਦੇ ਟੋਲ ਮੈਨੇਜਰ ਸੰਜੈ ਠਾਕੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਢਿੱਲਵਾਂ ਟੋਲ ਪਲਾਜ਼ਾ ਦੇ ਉੱਤੇ ਵੀ ਵੱਖ-ਵੱਖ ਕੈਟਾਗਰੀ ਦੇ ਵਾਹਨਾਂ ਦੇ ਟੈਕਸ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਢਿੱਲਵਾਂ ਟੋਲ ਪਲਾਜ਼ਾ ਉੱਤੇ ਕਰੀਬ ਪੰਜ ਕੈਟਾਗਰੀ ਦੇ ਵਹੀਕਲਾਂ ਦੇ ਟੈਕਸ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਾਰ ਦੇ ਮਹੀਨੇਵਾਰ ਪਾਸ ਵਿੱਚ 10 ਰੁਪਏ ਵਾਧਾ ਕਰਦਿਆਂ 330 ਰੁਪਏ ਤੋਂ 340 ਕੀਤਾ ਗਿਆ ਹੈ, ਕਮਰਸ਼ੀਅਲ ਵਹੀਕਲ ਐਲਸੀਵੀ ਵਿੱਚ 5 ਰੁਪਏ ਵਾਧਾ ਕਰਕੇ ਇਕ ਤਰਫਾ 105 ਰੁਪਏ ਤੋਂ 110 ਰੁਪਏ ਅਤੇ ਬੱਸ, ਟਰੱਕ ਵਿੱਚ ਪੰਜ ਰੁਪਏ ਵਾਧਾ ਕਰਦਿਆਂ ਇੱਕ ਤਰਫਾ 220 ਰੁਪਏ ਦੀ ਬਜਾਏ 225 ਰੁਪਏ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਮਲਟੀ ਐਕਸਲ ਵਿੱਚ ਇੱਕ ਤਰਫਾ ਸਫ਼ਰ ਲਈ 10 ਰੁਪਏ ਵਾਧਾ ਕਰਦਿਆਂ 240 ਤੋਂ 250 ਰੁਪਏ ਅੱਪ-ਡਾਊਨ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਓਵਰਸਾਈਜ਼ ਵੀ ਵਹੀਕਲ ਦੇ ਵਿੱਚ ਵੀ ਇਕ ਤਰਫਾ ਸਫ਼ਰ ਲਈ 425 ਤੋਂ 10 ਰੁਪਏ ਵਧਾ ਕੇ 435 ਰੁਪਏ ਕੀਤਾ ਗਿਆ ਹੈ।
ਟੋਲ ਪਲਾਜ਼ਾ ਮਿਆਦ ਸਬੰਧੀ ਸਵਾਲ ਕਰਨ ਉੱਤੇ ਟੋਲ ਮੈਨੇਜਰ ਸੰਜੈ ਠਾਕੁਰ ਨੇ ਦੱਸਿਆ ਕਿ ਫਿਲਹਾਲ ਇਸ ਟੋਲ ਪਲਾਜ਼ਾ ਦਾ 2026 ਤੱਕ ਦਾ ਸਮਾਂ ਹੈ, ਪਰ ਬੀਤੇ ਸਮੇਂ ਦੌਰਾਨ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚੱਲਦਿਆਂ NHAI ਵੱਲੋਂ ਟੋਲ ਨੂੰ ਐਕਸਟੈਂਸ਼ਨ ਮਿਲ ਸਕਦੀ ਹੈ।
ਟੋਲ ਵਧਣ ਵਾਲੇ ਵਧ ਸਕਦੇ ਨੇ ਕਿਰਾਏ: ਟੋਲ ਰੇਟਾਂ ਦੀ ਨਵੀਂ ਸੂਚੀ ਆਉਣ ਤੋਂ ਬਾਅਦ ਇਸ ਦਾ ਅਸਰ ਹੋਰ ਵਾਹਨਾਂ ਦੇ ਕਿਰਾਏ ਉੱਤੇ ਵੇਖਣ ਨੂੰ ਮਿਲ ਸਕਦਾ ਹੈ। ਇਕ ਅਪ੍ਰੈਲ ਤੋਂ ਬੱਸਾਂ ਦੇ ਕਿਰਾਇਆ ਵਿੱਚ ਵੀ ਵਾਧਾ ਹੋ ਸਕਦਾ ਹੈ। ਢੋਆ ਢੁਆਈ ਦੇ ਵਹੀਕਲ ਉੱਤੇ ਵੀ ਖਰਚਾ ਵਧ ਸਕਦਾ ਹੈ। ਇਸ ਤੋਂ ਇਲਾਵਾ ਟੈਕਸੀਆਂ ਦੇ ਰੇਟਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।