ਸੰਗਰੂਰ: ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਹਾਦਸੇ ਵੱਧਦੇ ਜਾ ਰਹੇ ਹਨ, ਕਈ ਹਾਦਸੇ ਤਾਂ ਐਨੇ ਭਿਆਨਕ ਹੁੰਦੇ ਹਨ, ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨਰੇਗਾ ਮਜ਼ਦੂਰ ਸੁਨਾਮ ਪਟਿਆਲਾ ਰੋਡ ’ਤੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਵੇਲੇ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠੇ ਰੋਟੀ ਖਾ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ, ਜਿੰਨ੍ਹਾਂ ਦੀ ਪਹਿਚਾਣ ਜਰਨੈਲ ਸਿੰਘ ਉਰਫ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਕੁਝ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ, ਜਿਸ ਦਾ ਮਨਰੇਗਾ ਮਜ਼ਦੂਰਾਂ ਨੇ ਪਿੱਛਾ ਕਰਕੇ ਕਾਬੂ ਕੀਤਾ ਗਿਆ।
ਅੱਜ ਪਹਿਲੇ ਦਿਨ ਹੀ ਕੰਮ ਆਏ ਸੀ
ਇਹ ਹਾਦਸਾ ਸੁਨਾਮ ਪਟਿਆਲਾ ਰੋਡ 'ਤੇ ਪਿੰਡ ਬਿਸ਼ਨਪੁਰਾ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ ਚਾਰ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਇਸ ਦੌਰਾਨ ਕੰਮ ਕਰਵਾਉਣ ਆਏ ਹੋਰ ਲੋਕਾਂ ਨੇ ਦੱਸਿਆ ਕਿ ਮਨਰੇਗਾ ਦਾ ਕੰਮ ਪਿਛੇਲ ਛੇ ਮਹੀਨਿਆਂ ਤੋਂ ਰੁਕਿਆ ਹੋਇਆ ਸੀ। ਅੱਜ ਜਿਵੇਂ ਪੂਰੇ ਛੇ ਮਹੀਨਿਆ ਬਾਅਦ ਉਹਨਾਂ ਦਾ ਕੰਮ 'ਤੇ ਪਹਿਲਾ ਦਿਨ ਸੀ ਤਾਂ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਚਾਰੇ ਮ੍ਰਿਤਕ ਇੱਕੋ ਪਿੰਡ ਬਿਸ਼ਨਪੁਰਾ ਅਕਾਲਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਕੈਂਟਰ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ
ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪਟਿਆਲਾ ਰੋਡ ਉਤੇ ਧਰਨਾ ਲਗਾ ਦਿੱਤਾ ਹੈ। ਮ੍ਰਿਤਕ ਨੇੜਲੇ ਪਿੰਡ ਬਿਸ਼ਨਪੁਰਾ ਦੇ ਰਹਿਣ ਵਾਲੇ ਗਰੀਬ ਘਰਾਂ ਨਾਲ ਸਬੰਧਤ ਸਨ। ਪੁਲਿਸ ਨੇ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਂਟਰ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।