ਬਠਿੰਡਾ: ਇੱਕ ਪਾਸੇ ਜਿਥੇ ਮੌਸਮ 'ਚ ਤਬਦੀਲੀ ਆਉਣ ਬਾਲ ਤੇ ਮੀਂਹ ਪੈਣ ਨਾਲ ਕਈ ਲੋਕਾਂ ਦੇ ਚਿਹਰੇ ਖਿੜੇ ਹਨ ਤਾਂ ਉਥੇ ਹੀ ਦੂਜੇ ਪਾਸੇ ਕਈ ਇਲਾਕਿਆਂ 'ਚ ਇਹ ਮੀਂਹ ਦੇ ਨਾਲ ਪਈ ਗੜੇਮਾਰੀ ਅਤੇ ਤੇਜ਼ ਹਨੇਰੀ ਆਫ਼ਤ ਬਣ ਕੇ ਆਈ ਹੈ। ਇਸ ਗੜੇਮਾਰੀ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਕਾਰਨ ਫ਼ਸਲਾਂ ਦੇ ਝਾੜ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ: ਜ਼ਿਲ੍ਹਾ ਬਠਿੰਡਾ ਵਿੱਚ ਵੀ ਅੱਜ ਕੁਦਰਤੀ ਕਰੋਪੀ ਦਾ ਕਹਿਰ ਵੇਖਣ ਨੂੰ ਮਿਲਿਆ, ਜਦੋਂ ਤੇਜ਼ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਣ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ। ਬਠਿੰਡਾ ਦੇ ਕਈ ਪਿੰਡਾਂ ਵਿੱਚ ਭਾਰੀ ਗੜੇਮਾਰੀ ਦੇ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਦੇ ਚੱਲਦੇ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਝਾੜ 'ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਨੂੰ ਲੈਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਮਦਦ ਦੀ ਅਪੀਲ ਕੀਤੀ ਹੈ।
ਗੜੇਮਾਰੀ ਨਾਲ ਭਾਰੀ ਨੁਕਸਾਨ: ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਉਮਰ ਵਿੱਚ ਅੱਜ ਤੱਕ ਇਸ ਤਰ੍ਹਾਂ ਦੀ ਗੜੇਮਾਰੀ ਨਹੀਂ ਦੇਖੀ। ਅੱਜ ਦੀ ਇਸ ਗੜੇਮਾਰੀ ਨੇ ਫਸਲਾਂ ਤਾਂ ਬਰਬਾਦ ਕੀਤੀਆਂ ਹੀ ਹਨ ਪਰ ਨਾਲ ਹੀ ਕਿਸਾਨਾਂ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ। ਪਹਿਲਾਂ ਸਰਕਾਰਾਂ ਦੀ ਮਾਰ ਤੇ ਹੁਣ ਕੁਦਰਤ ਦੀ ਮਾਰ ਨੇ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੜੇਮਾਰੀ ਦੇ ਨਾਲ ਫ਼ਸਲਾਂ ਦਾ 80 ਤੋਂ 90 ਪ੍ਰਤੀਸ਼ਤ ਨੁਕਸਾਨ ਹੋ ਚੁੱਕਿਆ ਹੈ, ਜਿਸ ਲਈ ਸਰਕਾਰ ਜਲਦ ਹੀ ਪਟਵਾਰੀਆਂ ਰਾਹੀ ਗਿਰਦਾਵਰੀ ਕਰਵਾ ਕੇ ਸਾਨੂੰ ਬਣਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲੈਕੇ ਫ਼ਸਲਾਂ ਦੀ ਬਿਜਾਈ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ ਆਰਥਿਕ ਸੰਕਟ ਦਾ ਸਾਹਮਣੇ ਕਰਨਾ ਪੈ ਸਕਦਾ ਹੈ।
ਸੁਖਬੀਰ ਬਾਦਲ ਨੇ ਚੁੱਕੀ ਆਵਾਜ਼: ਉਥੇ ਹੀ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਿਸਾਨਾਂ ਪ੍ਰਤੀ ਆਵਾਜ਼ ਚੁੱਕਦਿਆਂ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿੱਚ ਕਣਕ ਅਤੇ ਹੋਰ ਖੜ੍ਹੀਆਂ ਫਸਲਾਂ ਨੂੰ ਹੋਏ ਭਾਰੀ ਨੁਕਸਾਨ ਬਾਰੇ ਬੇਰਹਿਮ ਚੁੱਪੀ ਤੋਂ ਬਹੁਤ ਦੁਖੀ ਹਾਂ। ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿੱਚ ਸਨ ਕਿਉਂਕਿ ਖੇਤੀ ਹੁਣ ਲਾਹੇਵੰਦ ਕਿੱਤਾ ਨਹੀਂ ਰਿਹਾ। ਇਹ ਕੁਦਰਤੀ ਆਫ਼ਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਦੀ ਪੂਰੀ ਤਰ੍ਹਾਂ ਦੀ ਉਦਾਸੀਨਤਾ ਉਨ੍ਹਾਂ ਦੀ ਕਮਰ ਤੋੜ ਦੇਵੇਗੀ।
ਮੁੱਖ ਮੰਤਰੀ ਮਾਨ 'ਤੇ ਚੁੱਕੇ ਸਵਾਲ: ਸੁਖਬੀਰ ਬਾਦਲ ਨੇ ਅੱਗੇ ਲਿਖਿਆ ਕਿ, ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਪਹਿਲਾਂ ਹੀ ਹੋਏ ਨੁਕਸਾਨ ਲਈ ਤੁਰੰਤ ਰਾਹਤ ਅਤੇ ਮੁਆਵਜ਼ੇ ਦੀ ਸਖ਼ਤ ਲੋੜ ਬਾਰੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ। ਇਸ ਦੀ ਬਜਾਏ ਉਹ 2 ਦਿਨਾਂ ਸੂਬੇ ਦੇ ਦੌਰੇ 'ਤੇ ਅਰਵਿੰਦ ਕੇਜਰੀਵਾਲ ਦੇ ਸੇਵਾਦਾਰ ਦੀ ਭੂਮਿਕਾ ਨਿਭਾਉਣ 'ਚ ਰੁੱਝੇ ਹੋਏ ਹਨ। ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਸੱਤਾ ਦੇ ਨਸ਼ੇ ਵਿੱਚ ਧੁੱਤ ਮੁੱਖ ਮੰਤਰੀ ਦੀ ਅਜਿਹੀ ਬੇਰਹਿਮ ਉਦਾਸੀਨਤਾ ਅਤੇ ਵਿਸ਼ਵਾਸਘਾਤ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਰਸਮਾਂ ਅਤੇ ਨਿਯਮਾਂ ਨੂੰ ਪਾਸੇ ਰੱਖ ਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਸਥਿਤੀ ਆਮ ਨਹੀਂ ਹੈ। ਇਸ ਤੋਂ ਇਲਾਵਾ, ਸਰਕਾਰ ਨੂੰ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਵੀਂ ਗਿਰਦਾਵਰੀ ਦੇ ਆਦੇਸ਼ ਦੇਣੇ ਚਾਹੀਦੇ ਹਨ। ਜ਼ਿਆਦਾਤਰ ਪ੍ਰਭਾਵਿਤ ਥਾਵਾਂ 'ਤੇ ਨੁਕਸਾਨ ਬਹੁਤ ਜਿਆਦਾ ਹੈ। "ਪੰਜਾਬ ਦਾ ਪੁਤਰ" ਆਪਣੇ ਮੂਲ ਰਾਜ ਲਈ ਕਦੋਂ ਸਮਾਂ ਕੱਢੇਗਾ?
ਮੌਸਮ ਦਾ ਅਲਰਟ ਅੱਜ ਵੀ ਜਾਰੀ: ਕਾਬਿਲੇਗੌਰ ਹੈ ਕਿ ਜਿਥੇ ਬੀਤੇ ਦਿਨੀਂ ਮੌਸਮ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ ਤਾਂ ਉਥੇ ਹੀ ਵੈਸਟਰਨ ਡਿਸਟਰਬੈਂਸ ਦਾ ਅਸਰ ਅੱਜ ਭਾਵ 3 ਮਾਰਚ ਨੂੰ ਵੀ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਅੱਜ ਵੀ ਬਰਫਬਾਰੀ ਹੋ ਸਕਦੀ ਹੈ। ਨੀਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਸ਼ਾਮ 5.30 ਵਜੇ ਤੱਕ ਅੰਮ੍ਰਿਤਸਰ 'ਚ 11, ਲੁਧਿਆਣਾ 'ਚ 6, ਪਟਿਆਲਾ 'ਚ 7 ਅਤੇ ਜਲੰਧਰ 'ਚ 17 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਵਿੱਚ ਵੀ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
- ਅੱਜ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਅੰਤਿਮ ਅਰਦਾਸ, ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
- ਦਿੱਲੀ ਰਾਮ ਲੀਲਾ ਮੈਦਾਨ 'ਚ SKM ਕਰੇਗਾ ਮਹਾਂਪੰਚਾਇਤ, ਕਿਸਾਨ ਜਥੇਬੰਦੀਆਂ ਨੇ ਕਿਹਾ- ਜੇ ਇਕੱਠੇ ਹੁੰਦੇ ਤਾਂ ਅੰਦੋਲਨ ਹੋਣਾ ਸੀ ਕੁਝ ਹੋਰ
- ਕਿਸਾਨ ਅੰਦੋਲਨ ਦਾ 20ਵਾਂ ਦਿਨ: ਦਿੱਲੀ ਕੂਚ ’ਤੇ ਫੈਸਲਾ ਅੱਜ, ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਲਿਆ ਜਾਵੇਗਾ ਫੈਸਲਾ