ਅੰਮ੍ਰਿਤਸਰ: ਭਾਰਤੀ ਫੌਜ ਦੇ ਜਵਾਨ ਦੇਸ਼ ਦੀਆਂ ਵੱਖ ਵੱਖ ਸਰਹੱਦਾਂ ਉੱਤੇ ਦਿਨ ਰਾਤ ਡਿਊਟੀ ਕਰਦੇ ਹਨ ਅਤੇ ਇਸ ਦੌਰਾਨ ਜਦੋਂ ਕੋਈ ਜਵਾਨ ਡਿਊਟੀ ਦੇ ਉੱਤੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਤਾਂ ਪਿੱਛੇ ਉਹਨਾਂ ਦੇ ਪਰਿਵਾਰ ਦੀਆਂ ਵਿਰਲਾਪ ਕਰਦੀਆਂ ਤਸਵੀਰਾਂ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇਸੇ ਤਰ੍ਹਾਂ ਭਾਰਤੀ ਫੌਜ ਦੀ ਯੂਨਿਟ 15 ਸਿੱਖ ਲਾਈ ਵਿੱਚ ਤੈਨਾਤ ਹੌਲਦਾਰ ਲਖਵਿੰਦਰ ਸਿੰਘ ਅਸਾਮ ਵਿੱਚ ਡਿਊਟੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਸ਼ਹਾਦਤ ਮਗਰੋਂ ਜੱਦੀ ਪਿੰਡ ਕਸਬਾ ਮਹਿਤਾ ਵਿਖੇ ਫੌਜ ਵੱਲੋਂ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ। ਇਸ ਤੋਂ ਬਾਅਦ ਫੌਜੀ ਟੁਕੜੀਆਂ ਵੱਲੋਂ ਉਹਨਾਂ ਨੂੰ ਸਲਾਮੀ ਭੇਂਟ ਕੀਤੀ ਗਈ ਅਤੇ ਇਸ ਦੌਰਾਨ ਦੇਸ਼ ਦੇ ਜਵਾਨ ਨੂੰ ਆਖਰੀ ਸਲਾਮ ਅਤੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਸ਼ਹੀਦ ਦੇ ਪਰਿਵਾਰ ਕੋਲ ਪੁੱਜੇ।
ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹਨਾਂ ਦੀ ਲਖਵਿੰਦਰ ਸਿੰਘ ਦੇ ਨਾਲ ਗੱਲ ਹੋਈ ਸੀ ਅਤੇ ਕਰੀਬ ਇੱਕ ਘੰਟਾ ਉਹਨਾਂ ਨੇ ਗੱਲਬਾਤ ਕੀਤੀ। ਆਮ ਤੌਰ ਦੇ ਉੱਤੇ ਉਹ ਫੋਨ ਕਰਕੇ ਬੱਚਿਆਂ ਦਾ ਹਾਲ ਚਾਲ ਪੁੱਛਦੇ ਅਤੇ ਨਾਲ ਹੀ ਦੁੱਖ ਸੁੱਖ ਪੁੱਛਦੇ ਸਨ। ਉਹਨਾਂ ਦੱਸਿਆ ਕਿ ਗੱਲਬਾਤ ਦੌਰਾਨ ਲਖਵਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪਰਿਵਾਰ ਨੂੰ ਸਵੇਰੇ ਫੋਨ ਕਰਨਗੇ ਅਤੇ ਬੱਚਿਆਂ ਨਾਲ ਗੱਲ ਕਰਨਗੇ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਸਵੇਰੇ ਉਹਨਾਂ ਦਾ ਫੋਨ ਨਹੀਂ ਆਇਆ। ਜਿਸ ਤੋਂ ਬਾਅਦ ਕਰੀਬ 10 ਵਜੇ ਉਹਨਾਂ ਨੂੰ ਪਤਾ ਚੱਲਿਆ ਕਿ ਭਾਣਾ ਵਰਤ ਗਿਆ ਹੈ।
ਸ਼ਹੀਦ ਲਖਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪਤੀ ਦੀ ਸ਼ਹਾਦਤ ਦੇ ਉੱਤੇ ਬੇਹੱਦ ਮਾਣ ਹੈ। ਉਹਨਾਂ ਦੀ ਇੱਕ ਸਾਢੇ 11 ਸਾਲ ਦੀ ਬੇਟੀ ਅਤੇ ਸਾਢੇ 13 ਸਾਲ ਦਾ ਬੇਟਾ ਹੈ। ਉਹਨਾਂ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਅਤੇ ਬੇਟੀ ਉਹਨਾਂ ਵਾਂਗ ਫੌਜ ਦੇ ਵਿੱਚ ਭਰਤੀ ਹੋਣ ਅਤੇ ਵੱਡੇ ਅਫਸਰ ਬਣ ਕਿ ਦੇਸ਼ ਦੀ ਸੇਵਾ ਕਰਨ।
- SGPC ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ - Prakash purab of Arjan Dev Ji
- ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਅਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ - Punjab Police arrested gangster
- ਪਟਿਆਲਾ ਦੇ ਨਾਰਦਰਨ ਬਾਈਪਾਸ ਦੀ ਜ਼ਮੀਨ ਦਾ ਮੁੱਦਾ ਮੁੜ ਗਰਮਾਇਆ, ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਲਪੇਟੇ ਵਿਰੋਧੀ - issue of Northern Bypass of Patial
ਇਸ ਮੌਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਬਤੌਰ ਲੀਡਰ ਨਹੀਂ ਬਲਕਿ ਉਹ ਨਿੱਜੀ ਤੌਰ ਦੇ ਉੱਤੇ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹਨ। ਉਹਨਾਂ ਦੱਸਿਆ ਕਿ ਸ਼ਹੀਦ ਲਖਵਿੰਦਰ ਸਿੰਘ ਸਬੰਧੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕੀ ਉਹ ਡਿਊਟੀ ਉੱਤੇ ਤੈਨਾਤ ਸਨ ਪਰ ਕਥਿਤ ਤੌਰ ਦੇ ਉੱਤੇ ਆਕਸੀਜਨ ਦੀ ਕਮੀ ਜਾਂ ਹਾਰਟ ਅਟੈਕ ਦੀ ਪ੍ਰੋਬਲਮ ਦੇ ਕਾਰਨ ਉਹ ਸ਼ਹੀਦ ਹੋ ਗਏ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਜਾਣ ਦੇ ਨਾਲ ਪਰਿਵਾਰ ਅਤੇ ਦੇਸ਼ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੇ ਲਈ ਉਹ ਕੋਸ਼ਿਸ਼ ਕਰਨਗੇ ਕਿ ਜਲਦ ਤੋਂ ਜਲਦ ਉਹ ਸਹਾਇਤਾ ਇਸ ਪਰਿਵਾਰ ਨੂੰ ਮਿਲੇ ਅਤੇ ਇਸ ਦੇ ਨਾਲ ਹੀ ਜੇਕਰ ਪਰਿਵਾਰ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਉਹ ਨਿਜੀ ਤੌਰ ਦੇ ਉੱਤੇ ਇਸ ਪਰਿਵਾਰ ਦੇ ਲਈ ਹਮੇਸ਼ਾ ਖੜੇ ਹੋਏ ਹਨ।