ਲੁਧਿਆਣਾ: ਪੰਜਾਬ ਦੇ ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ। ਇਸੇ ਕਾਰਨ ਮੌਸਮ ਦਾ ਮਿਜ਼ਾਜ ਬਦਲਦਾ ਹੋਇਆ ਵਿਖਾਈ ਦੇ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਗੜੇਮਾਰੀ ਵੀ ਵੇਖਣ ਨੂੰ ਮਿਲੀ। ਖਾਸ ਕਰਕੇ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲੀਆਂ ਉੱਥੇ ਹੀ ਤੇਜ਼ ਬਾਰਿਸ਼ ਤੋਂ ਬਾਅਦ ਗੜੇਮਾਰੀ ਵੀ ਹੋਈ। ਇੱਕ ਪਾਸੇ ਜਿੱਥੇ ਗੜੇਮਾਰੀ ਪੈਣ ਦੇ ਨਾਲ ਠੰਡ ਹੋਰ ਵੱਧ ਗਈ, ਉੱਥੇ ਹੀ ਸਵੇਰ ਤੋਂ ਹੀ ਬੱਦਲ ਹੋਣ ਕਰਕੇ ਕੁੱਪ ਹਨੇਰਾ ਛਾਇਆ ਹੋਇਆ ਹੈ।
ਮੀਂਹ ਕਾਰਨ ਦਿੱਕਤਾਂ: ਲਗਾਤਾਰ ਤੇਜ਼ ਬਾਰਿਸ਼ ਪੈਣ ਕਰਕੇ ਟਰੈਫਿਕ 'ਤੇ ਵੀ ਬ੍ਰੇਕਾਂ ਲੱਗ ਗਈਆਂ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਫਰਵਰੀ ਦੀ ਸ਼ੁਰੂਆਤ ਵਿੱਚ ਹੀ ਪਹਿਲੇ ਦੋ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਪਰ ਅੱਜ ਲਗਾਤਾਰ ਤੇਜ਼ ਬਾਰਿਸ਼ ਪੈ ਰਹੀ ਹੈ। ਇਹਨਾਂ ਹੀ ਨਹੀਂ ਮੌਸਮ ਵਿਭਾਗ ਵੱਲੋਂ ਇਤਿਹਾਤ ਦੇ ਤੌਰ 'ਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਸੀ।
ਧੁੰਦ ਦਾ ਅਸਰ ਘੱਟ: ਹਾਲਾਂਕਿ ਬਾਰਿਸ਼ ਅਤੇ ਬੱਦਲਵਾਈ ਹੋਣ ਕਰਕੇ ਧੁੰਦ ਦਾ ਅਸਰ ਘੱਟ ਵੇਖਣ ਨੂੰ ਮਿਲਿਆ ਹੈ ਪਰ ਲਗਾਤਾਰ ਤੇਜ਼ ਬਾਰਿਸ਼ ਪੈਣ ਦੇ ਨਾਲ ਤਾਪਮਾਨ ਜ਼ਰੂਰ ਥੋੜਾ ਬਹੁਤ ਹੇਠਾ ਡਿੱਗਿਆ ਹੈ। ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧੁੱਪ ਨਿਕਲ ਰਹੀ ਸੀ ਬੀਤੀ ਸ਼ਾਮ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਪਈ ਹੈ। ਅੱਜ ਮਾਲਵੇ ਇਲਾਕੇ ਦੇ ਵਿੱਚ ਬਾਰਿਸ਼ ਵੇਖਣ ਨੂੰ ਮਿਲੀ ਹੈ। ਹਾਲਾਂਕਿ ਠੰਡ ਦਾ ਮੌਸਮ ਕਣਕ ਲਈ ਲਾਹੇਵੰਦ ਦੱਸਿਆ ਜਾਂਦਾ ਹੈ ਪਰ ਗੜੇ ਮਾਰੀ ਦਾ ਨੁਕਸਾਨ ਜ਼ਰੂਰ ਕਣਕ ਦੀ ਫਸਲ ਨੂੰ ਹੋ ਸਕਦਾ ਹੈ। ਹਾਲਾਂਕਿ ਬਾਰਿਸ਼ਾਂ ਪੈਣ ਤੋਂ ਬਾਅਦ ਮੌਸਮ ਵਿਭਾਗ ਨੇ ਵੀ ਕਿਹਾ ਸੀ ਕਿ ਮੌਸਮ ਸਾਫ ਹੋ ਜਾਵੇਗਾ ਅਤੇ ਤਾਪਮਾਨ ਦੇ ਵਿੱਚ ਵੀ ਵਾਧਾ ਹੋਵੇਗਾ।