ਬਰਨਾਲਾ: "ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਤਾਂ ਇੱਕ ਨਾਅਰਾ ਲਿਖਿਆ ਜਾਂਦਾ ਸੀ "ਹਮ ਦੋ ਹਮਾਰੇ ਦੋ" ਫਿਰ ਮੋਦੀ ਸਰਕਾਰ ਨੇ ਨਾਅਰਾ ਦਿੱਤਾ "ਸਭ ਕਾ ਸਾਥ, ਸਭ ਕਾ ਵਿਕਾਸ" ਪਰ ਹੁਣ ਇੱਕ ਨਵਾਂ ਨਾਅਰਾ ਆ ਗਿਆ "ਦੋ ਕਾ ਵਿਕਾਸ, ਬਾਕੀ ਸਭ ਕਾ ਸਤਿਆਨਾਸ਼"। ਇਹ ਤਿੱਖੇ ਸ਼ਬਦ ਸੰਗਰੂਰ ਦੇ ਐੱਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ 'ਚ ਬੋਲੇ। ਬਜਟ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਮੀਤ ਹੇਅਰ ਨੇ ਕੇਂਦਰ ਨੂੰ ਅਜਿਹੇ ਸਵਾਲ ਅਤੇ ਅੰਕੜੇ ਦੱਸੇ ਜਿਸ ਨਾਲ ਵਿਰੋਧੀਆਂ ਵੱਲੋਂ ਮੋਦੀ ਸਰਕਾਰ ਨੂੰ ਸ਼ਰਮ ਕਰਨ ਲਈ ਆਖਿਆ ਗਿਆ। ਮੀਤ ਹੇਅਰ ਨੇ ਬੋਲਦੇ ਕਿਹਾ ਕਿ ਗਰੀਬਾਂ ਨੂੰ ਰਾਸ਼ਨ ਦੇਣ ਵਾਲੇ ਅੰਕੜੇ ਮੋਦੀ ਸਰਕਾਰ ਬਹੁਤ ਮਾਣ ਨਾਲ ਦੱਸਦੀ ਹੈ ਪਰ ਸਵਾਲ ਤਾਂ ਇਹ ਹੈ ਕਿ 10 ਸਾਲਾਂ 'ਚ ਮੋਦੀ ਸਰਕਾਰ ਗਰੀਬ ਲੋਕਾਂ ਨੂੰ ਗਰੀਬ ਰੇਖਾ ਤੋਂ ਉੱਪਰ ਨਹੀਂ ਕਰ ਪਾਈ।
ਸੰਸਦ ‘ਚੋਂ… pic.twitter.com/vDlyEW6h3w
— Gurmeet Singh Meet Hayer (@meet_hayer) July 26, 2024
ਪੰਜਾਬ ਬਰਬਾਦ ਹੋ ਗਿਆ: ਐਮ.ਪੀ. ਮੀਤ ਹੇਅਰ ਨੇ ਗੁੱਸੇ 'ਚ ਆਖਿਆ ਕਿ ਕੇਂਦਰ ਨੇ ਉਸ ਪੰਜਾਬ ਨੂੰ ਅਣਦੇਖਾ ਕੀਤਾ ਜਿਸ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਨੂੰ ਬਰਬਾਦ ਕਰ ਲਿਆ। ਅੱਜ ਪੰਜਾਬ ਕੋਲ ਪੀਣ ਖਤਮ ਹੋ ਰਿਹਾ। ਕੈਂਸਰ ਦੀ ਟ੍ਰੇਨ ਚੱਲਣ ਲੱਗ ਗਈ, ਸਾਡੇ ਨੌਜਵਾਨ ਬਾਰਡਰ 'ਤੇ ਸ਼ਹੀਦ ਹੋ ਰਹੇ ਹਨ, ਫਿਰ ਵੀ ਪੰਜਾਬ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਜਿਸ 'ਤੇ ਕੇਂਦਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਸਭ ਦੇ ਬਾਵਜੂਦ ਪੰਜਾਬ ਨੂੰ ਬਜਟ ਵਿੱਚੋਂ ਮਹਿਰੂਮ ਰੱਖਿਆ ਗਿਆ ਜਿਸ ਤੋਂ ਕੇਂਦਰ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
‘ਬੇਗਾਨਗੀ ਦਾ ਅਹਿਸਾਸ’: ਕੇਂਦਰੀ ਬਜਟ ਨੂੰ ਪੰਜਾਬ ਨੂੰ ‘ਬੇਗਾਨਗੀ ਦਾ ਅਹਿਸਾਸ’ ਕਰਵਾਉਣ ਵਾਲਾ ਬਜਟ ਕਰਾਰ ਦਿੰਦਿਆਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ । ਜਿਸ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬੀਆਂ ਦੀਆਂ ਦੇਸ਼ ਪ੍ਰਤੀ ਮਹਾਨ ਕੁਰਬਾਨੀਆਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ। ਅੱਜ ਲੋਕ ਸਭਾ ਦੇ ਇਜਲਾਸ ਵਿੱਚ ਬਜਟ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੇ ਸਖਤ ਲਹਿਜ਼ੇ ਵਿੱਚ ਕਿਹਾ ਕਿ ਬਜਟ ਦੀ ਕਾਪੀ ਪੜ੍ਹ ਕੇ ਅਜਿਹਾ ਮਹਿਸੂਸ ਹੁੰਦਾ ਜਿਵੇਂ ਪੰਜਾਬ ਇਸ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਘੱਟੋ-ਘੱਟ ਇਸ ਗੱਲ ਦਾ ਹੀ ਜਵਾਬ ਦੇ ਦਿਓ ਕਿ ਕੇਂਦਰ ਸਰਕਾਰ ਪੰਜਾਬ ਨਾਲ ਇੰਨੀ ਨਫ਼ਰਤ ਕਿਉਂ ਕਰਦੀ ਹੈ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਭੁੱਖਮਰੀ ਵਿੱਚੋਂ ਕੱਢਿਆ ਅਤੇ ਦੇਸ਼ ਦੀ ਰਾਖੀ ਲਈ ਸਾਡੇ ਨੌਜਵਾਨਾਂ ਨੇ ਜਾਨਾਂ ਨਿਛਾਵਰ ਕਰ ਦਿੱਤੀਆਂ ਪਰ ਸਾਨੂੰ ਸਨਮਾਨ ਦੇਣ ਦੀ ਬਜਾਏ ਕੇਂਦਰ ਸਰਕਾਰ ਬੇਗਾਨਗੀ ਵਾਲਾ ਵਤੀਰਾ ਅਪਣਾ ਰਹੀ ਹੈ।
ਸੂਬੇ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ: ਪੰਜਾਬ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਮਨ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਦੀਆਂ ਕੁਰਬਾਨੀਆਂ ਪ੍ਰਤੀ ਸਤਿਕਾਰ ਹੈ ਤਾਂ ਸੂਬੇ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਉਦਯੋਗ ਲਈ ਵੱਖਰੇ ਤੌਰ ਉੱਤੇ ਵਿਸ਼ੇਸ਼ ਯੋਜਨਾ ਉਲੀਕੀ ਜਾਵੇ। ਬਜਟ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਨੂੰ ਫੰਡ ਦੇਣ ਦੀ ਵਿਵਸਥਾ ਦਾ ਤਿੱਖਾ ਵਿਰੋਧ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਸਾਡੇ ਗੁਆਂਢੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਤਬਾਹੀ ਪੰਜਾਬ ਵਿੱਚ ਮਚਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਪੰਜਾਬ ਦੀ ਬਹੁਤ ਸਾਰੀ ਉਪਜਾਊ ਜ਼ਮੀਨ ਏਨੀ ਜ਼ਿਆਦਾ ਬਰਬਾਦ ਹੋ ਚੁੱਕੀ ਹੈ ਕਿ ਦੋ ਦਹਾਕਿਆਂ ਤੱਕ ਕਿਸਾਨ ਖੇਤੀ ਨਹੀਂ ਕਰ ਸਕਦੇ।
- ਸ਼ੰਭੂ ਬਾਰਡਰ ਖੋਲ੍ਹੇ ਜਾਣ ਵਾਲੇ ਮਾਮਲੇ 'ਤੇ ਭੜਕੇ ਸੀਐਮ ਭਗਵੰਤ ਮਾਨ, ਭਾਜਪਾ 'ਤੇ ਕੱਸਿਆ ਤੰਜ, ਕਿਹਾ-"ਕਿਸਾਨ ਦਿੱਲੀ ਨਹੀਂ ਹੋਰ ਕੀ ਲਾਹੌਰ ਜਾਣਗੇ" - Bhagwant mann rally hisar barwala
- ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਵੱਡਾ ਬਿਆਨ, ਕਿਹਾ-ਸੀਐੱਮ ਨੂੰ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ - GOVERNOR VS CHIEF MINISTER
- ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ, ਕਿਹਾ- ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ 'ਤੇ ਕੱਸਿਆ ਸ਼ਿਕੰਜਾ - Fake Bill Scam