ਬਠਿੰਡਾ: ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਸਰੇ ਪਾਸੇ ਆਮ ਲੋਕਾਂ ਵੱਲੋਂ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਭੇਜਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਨਜ਼ਾਰਾ ਬਠਿੰਡਾ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਵੇਖਣ ਨੂੰ ਮਿਲਿਆ। ਇਸ ਸਕੂਲ 'ਚ ਪਿਛਲੇ 3 ਸਾਲਾਂ ਤੋਂ ਇੱਕ ਹੀ ਬੱਚਾ ਪੜਨ ਲਈ ਆ ਰਿਹਾ ਹੈ। ਜਦਕਿ ਇੱਕ ਹੀ ਅਧਿਆਪਕ ਪੜਾਉਣ ਲਈ ਆ ਰਿਹਾ ਹੈ।
ਸਮਾਰਟ ਸਕੂਲ 'ਚ ਕੀ ਘਾਟ: ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ ਸਮੇਂ ਸਮੇਂ ਸਿਰ ਗ੍ਰਾਟਾਂ ਜਾਰੀ ਕਰਕੇ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਗਿਆ ਪਰ ਲੋਕਾਂ ਵੱਲੋਂ ਫਿਰ ਵੀ ਇਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਸਮਾਰਟ ਸਕੂਲ ਵਿੱਚ ਇਕੱਲੇ ਹੀ ਤਿੰਨ ਸਾਲਾਂ ਤੋਂ ਪੜ੍ਹਾਈ ਕਰ ਰਹੇ ਵਿਦਿਆਰਥੀ ਭਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਭਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਦੇ ਪਿੰਡ ਦੇ ਬੱਚੇ ਪ੍ਰਾਇਮਰੀ ਸਕੂਲਾਂ ਵਿੱਚ ਪੜਨ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਉਹਨਾਂ ਦੇ ਮਾਪਿਆਂ ਨੂੰ ਲੱਗਦਾ ਹੈ ਕਿ ਸਰਕਾਰੀ ਸਕੂਲ ਵਿੱਚ ਚੰਗੀ ਪੜ੍ਹਾਈ ਨਹੀਂ ਹੁੰਦੀ।
ਲੋਕਾਂ ਨੂੰ ਸਰਕਾਰੀ ਸਕੂਲਾਂ 'ਤੇ ਨਹੀਂ ਯਕੀਨ: ਪੰਜਵੀਂ ਕਲਾਸ ਦੇ ਵਿਦਿਆਰਥੀ ਭਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਸਾਥੀ ਵਿਦਿਆਰਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਉਸ ਦੇ ਦੋਸਤਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਿੱਖਿਆ ਲੈਣ ਲਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਬਹੁਤਾ ਵਧੀਆ ਨਹੀਂ ਹੈ।
ਸਕੂਲ਼ 'ਚ ਹਰ ਸਹੂਲਤ ਮੌਜੂਦ: ਉਧਰ ਅਧਿਆਪਕ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਮਈ ਮਹੀਨੇ ਵਿੱਚ ਇਸ ਸਕੂਲ ਵਿੱਚ ਜੁਆਇਨ ਕੀਤਾ ਗਿਆ ਸੀ ।ਇਸ ਸਮੇਂ ਸਕੂਲ ਵਿੱਚ ਇੱਕ ਹੀ ਵਿਿਦਆਰਥੀ ਸੀ।ਉਨ੍ਹਾਂ ਦੱਸਿਆ ਕਿ ਇਸ ਇੱਕ ਬੱਚੇ ਲਈ ਵੀ ਹਰ ਰੋਜ਼ ਮਿਡ ਡੇ ਮੀਲ ਦਾ ਖਾਣਾ ਬਣਦਾ ਹੈ। ਭਾਵੇਂ ਪਿੰਡ ਕੋਠੇ ਬੁੱਧ ਸਿੰਘ ਵਾਲਾ ਦੀ ਆਬਾਦੀ ਕਰੀਬ 350 ਹੈ ਪਰ ਸਰਕਾਰੀ ਸਕੂਲ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਬੱਚੇ ਪੜਾਉਣ ਤੋਂ ਗਰੇਜ਼ ਕੀਤਾ ਜਾ ਰਿਹਾ ਹੈ। ਭਾਵੇਂ ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਸਕੂਲ ਸਬੰਧੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਦੱਸਿਆ ਜਾਂਦਾ ਹੈ, ਪਰ ਫਿਰ ਵੀ ਪਿੰਡ ਵਾਸੀਆਂ ਵੱਲੋਂ ਬੱਚਿਆਂ ਨੂੰ ਪੜਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ । ਇਸ ਸਬੰਧੀ ਬਕਾਇਦਾ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕੈਂਪ ਵੀ ਲਗਾਏ ਜਾਂਦੇ ਰਹੇ ਹਨ ।
ਕੀ ਕਹਿੰਦੇ ਨੇ ਡੀਈਓ: ਕੋਠੇ ਬੁੱਧ ਸਿੰਘ ਵਾਲਾ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਹੀ ਵਿਦਿਆਰਥੀ ਦੇ ਦਾਖਲੇ ਸਬੰਧੀ ਜਦੋਂ ਅਧਿਕਾਰੀ ਡਿਪਟੀ ਡੀਈਓ ਦਾ ਕਹਿਣਾ ਹੈ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਚੰਗੀਆਂ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾਂਦੇ ਹਨ। ਪੰਜਾਬ ਦੇ ਹਰੇਕ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੋਲਿਆ ਗਿਆ ਹੈ। ਜਿਸ ਵਿੱਚ ਵਿਦਿਆਰਥੀ ਪੜਨ ਵਾਸਤੇ ਆਉਂਦੇ ਨੇ, ਕੁਝ ਅਜਿਹੇ ਸਕੂਲ ਨੇ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਜਾਂਦੀ ਹੈ ਪਰ ਹਰੇਕ ਸਕੂਲ ਵਿੱਚ ਪੜਾਉਣ ਲਈ ਟੀਚਰ ਮੁਹੱਈਆ ਕਰਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਅਸੀਂ ਹਰ ਸਾਲ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਬੱਚੇ ਉਸ ਪਿੰਡ ਵਿੱਚ ਦਾਖਲਾ ਲੈਣ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਮਾਰਟ ਸਕੂਲ 'ਚ ਭੇਜਣ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਦਾ ਲਾਭ ਮਿਲ ਸਕੇ।