ਲੁਧਿਆਣਾ: ਪੰਜਾਬ ਭਰ ਦੇ ਵਿੱਚ ਦਿਨੋਂ ਦਿਨ ਅਵਾਰਾ ਕੁੱਤਿਆਂ ਦੀ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ। ਜੇਕਰ ਗੱਲ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਰੀਏ ਤਾਂ ਉਥੇ ਰੋਜ਼ਾਨਾ 150 ਦੇ ਕਰੀਬ ਟੀਕਾਕਰਨ ਲਗਵਾਉਣ ਲਈ ਲੋਕ ਆ ਰਹੇ ਹਨ। ਜ਼ਿਆਦਾਤਰ ਮਾਮਲੇ ਅਵਾਰਾ ਕੁੱਤਿਆਂ ਦੇ ਕੱਟਣ ਦੇ ਹਨ। ਨਵੇਂ ਕੇਸ ਰੋਜ਼ਾਨਾ 50 ਦੇ ਕਰੀਬ ਹਨ। ਗਰਮੀਆਂ ਦੇ ਵਿੱਚ ਇਹਨਾਂ ਕੇਸਾਂ ਦੇ ਅੰਦਰ ਕਾਫੀ ਵਾਧਾ ਹੋਇਆ ਹੈ। ਅਕਸਰ ਹੀ ਗਰਮੀਆਂ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਦੇ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਦਾ ਹੈ ਅਤੇ ਸਿਵਲ ਹਸਪਤਾਲ ਦੇ ਵਿੱਚ ਵੀ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲ ਰਹੇ ਹਨ।
ਪਿਛਲੇ ਸਾਲਾਂ ਦਾ ਡਾਟਾ: ਜੇਕਰ ਸਾਲ 2023 ਦੇ ਡਾਟਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 17 ਹਜ਼ਾਰ 309 ਮਾਮਲੇ, ਪਟਿਆਲਾ ਦੇ ਵਿੱਚ 13 ਹਜ਼ਾਰ 51, ਮੋਹਾਲੀ ਦੇ ਵਿੱਚ 11 ਹਜ਼ਾਰ 870 ਮਾਮਲੇ ਜਦੋਂ ਕਿ ਜਲੰਧਰ ਦੇ ਵਿੱਚ 11,601, ਅਤੇ ਅੰਮ੍ਰਿਤਸਰ ਦੇ ਵਿੱਚ 9000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸਾਲ ਦਰਸਾਲ ਲਗਾਤਾਰ ਇਜਾਫਾ ਹੋ ਰਿਹਾ ਹੈ। 2020 ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਇਕ ਲੱਖ ਦੇ ਕਰੀਬ ਸੀ, ਉਹ 2022 ਦੇ ਵਿੱਚ ਇਕ ਲੱਖ 65 ਹਜ਼ਾਰ ਦੇ ਕਰੀਬ ਪਹੁੰਚ ਗਏ। ਪਿਛਲੇ ਸਾਲ ਵੀ ਲਗਭਗ ਡੇਢ ਲੱਖ ਦੇ ਕਰੀਬ ਅਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ 50 ਰੋਜ਼ਾਨਾ ਨਵੇਂ ਕੇਸ ਆ ਰਹੇ ਹਨ, ਜਦੋਂ ਕਿ ਟੀਕਾਕਰਨ ਲਈ 150 ਦੇ ਕਰੀਬ ਲੋਕ ਆ ਰਹੇ ਹਨ।
ਕੇਸ ਸਟੱਡੀ: ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਟੀਕਾਕਰਨ ਕਰਵਾਉਣ ਲਈ ਪਹੁੰਚੇ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨ ਹੀ ਉਸ ਨੂੰ ਲੁਧਿਆਣਾ ਦੇ ਵਿੱਚ ਹੀ ਕਵਾਰਾ ਕੁੱਤੇ ਨੇ ਗਲੀ ਵਿੱਚ ਵੱਢ ਲਿਆ। ਉਹਨਾਂ ਕਿਹਾ ਕਿ ਇਸ ਦਾ ਹੱਲ ਹੋਣਾ ਜਰੂਰੀ ਹੈ। ਉਹਨਾਂ ਕਿਹਾ ਕਿ ਅਵਾਰਾ ਕੁੱਤਿਆਂ ਦੀ ਤਾਦਾਦ ਲਗਾਤਾਰ ਵੱਧ ਰਹੀ ਹੈ ਅਤੇ ਉਹ ਹਰ ਆਉਂਦੇ ਜਿਉਂਦੇ ਨੂੰ ਭੋਂਕਦੇ ਹਨ ਅਤੇ ਉਹਨਾਂ ਨੂੰ ਕੱਟਦੇ ਹਨ। ਉਹਨਾਂ ਕਿਹਾ ਕਿ ਕਈ ਵਾਰ ਉਹਨਾਂ ਕਰਕੇ ਹਾਦਸੇ ਵੀ ਹੁੰਦੇ ਹਨ। ਉਹਨਾਂ ਕਿਹਾ ਕਿ ਬੇਜ਼ੁਬਾਨ ਜਾਨਵਰ ਹੈ, ਇਸ ਕਰਕੇ ਉਸ ਨੂੰ ਮਾਰਿਆ ਵੀ ਨਹੀਂ ਜਾ ਸਕਦਾ।
ਦੋ ਤੋਂ ਤਿੰਨ ਵਾਰ ਕੁੱਤੇ ਨੇ ਲਾਏ ਦੰਦ: ਉੱਥੇ ਹੀ ਇੱਕ ਬਜ਼ੁਰਗ ਜੋ ਕਿ ਅੰਮ੍ਰਿਤਸਰ ਦੁਕਾਨ ਚਲਾਉਂਦਾ ਹੈ, ਉਸ ਨੇ ਦੱਸਿਆ ਕਿ ਉਸ ਦੇ ਨਾਲ ਦੀ ਦੁਕਾਨ 'ਤੇ ਹੀ ਰੱਖੇ ਕੁੱਤੇ ਨੇ ਉਸ ਨੂੰ ਇੱਕ ਵਾਰ ਨਹੀਂ ਸਗੋਂ ਦੋ ਤੋਂ ਤਿੰਨ ਵਾਰ ਕੱਟ ਲਿਆ ਹੈ। ਉਹਨਾਂ ਕਿਹਾ ਕਿ ਹੁਣ ਜ਼ਖਮ ਦਾ ਕੋਈ ਇਲਾਜ ਵੀ ਨਹੀਂ ਹੈ। ਉਹਨਾਂ ਕਿਹਾ ਕਿ ਤਿੰਨ ਵਾਰੀ ਇੰਜੈਕਸ਼ਨ ਲਗਾਉਣਾ ਪੈਂਦਾ ਹੈ। ਉਹਨਾਂ ਕਿਹਾ ਕਿ ਕਈ ਲੋਕ ਤਾਂ ਆਪਣੇ ਕੁੱਤਿਆਂ ਨੂੰ ਇੰਜੈਕਸ਼ਨ ਤੱਕ ਨਹੀਂ ਲਗਾਉਂਦੇ। ਜੇਕਰ ਲੋਕਾਂ ਨੇ ਕੁੱਤੇ ਪਾਲਣੇ ਹਨ ਤਾਂ ਉਹਨਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਿਰ ਇੰਜੈਕਸ਼ਨ ਵੀ ਲਗਵਾਉਣੇ ਚਾਹੀਦੇ ਹਨ।
ਮੁਫਤ ਇਲਾਜ: ਹਾਲਾਂਕਿ ਕੁੱਤੇ ਦੇ ਕੱਟਣ 'ਤੇ ਜੇਕਰ ਸਮਾਂ ਰਹਿੰਦਿਆਂ ਇਲਾਜ ਕਰਾ ਲਿਆ ਜਾਵੇ ਤਾਂ ਰੇਬਿਜ਼ ਹੋਣ ਦਾ ਖਤਰਾ ਘੱਟ ਜਾਂਦਾ ਹੈ ਅਤੇ ਇਹ ਜ਼ਰੂਰੀ ਹੈ। ਸਾਰੇ ਹੀ ਸਰਕਾਰੀ ਸਿਵਲ ਹਸਪਤਾਲਾਂ ਦੇ ਵਿੱਚ ਕੁੱਤੇ ਦੇ ਕੱਟਣ ਦੇ ਮੁਫਤ ਵਿੱਚ ਇੰਜੈਕਸ਼ਨ ਲਗਵਾਏ ਜਾਂਦੇ ਹਨ। ਤਿੰਨ ਵਾਰ ਇਹ ਇੰਜੈਕਸ਼ਨ ਲੱਗਦੇ ਹਨ। ਇਸ ਸਬੰਧੀ ਲੁਧਿਆਣਾ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਕੋਲ ਪ੍ਰਾਪਤ ਗਿਣਤੀ ਦੇ ਵਿੱਚ ਇਹ ਇੰਜੈਕਸ਼ਨ ਹੁੰਦੇ ਹਨ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਅਸੀਂ ਹੋਰ ਵੀ ਮੰਗਵਾ ਲੈਂਦੇ ਹਾਂ।