ਅੰਮ੍ਰਿਤਸਰ: ਪੰਜਾਬ ਵਿੱਚ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਤੇ ਭਾਵੇਂ ਨਗਰ ਨਿਗਮ ਦੀਆਂ ਚੋਣਾਂ, ਇਸ ਦੌਰਾਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਮੁੱਦਾ ਭਗਤਾਂ ਵਾਲਾ ਡੰਪ ਮੰਨਿਆ ਜਾਂਦਾ ਰਿਹਾ ਹੈ। ਅੰਮ੍ਰਿਤਸਰ ਦੀ ਸਾਰੀ ਗੰਦਗੀ ਭਗਤਾਂ ਵਾਲੇ ਡੰਪ ਦੇ ਉੱਤੇ ਪਹੁੰਚਦੀ ਹੈ ਅਤੇ ਉਥੋਂ ਦੀਆਂ ਗੰਦੀਆਂ ਹਵਾਵਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੱਕ ਪਹੁੰਚਦੀਆਂ ਹਨ। ਜਿਸ ਨੂੰ ਲੈ ਕੇ ਅੱਜ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਇਸ ਡੰਪ 'ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ।
ਭਗਤਾਂ ਵਾਲੇ ਡੰਪ 'ਤੇ ਸਿਆਸਤ
ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਦਰਜਾ ਮਿਲਿਆ ਹੋਇਆ ਹੈ, ਲੇਕਿਨ ਇਸ ਡੰਪ ਦੀ ਹਵਾ ਪਾਕਿਸਤਾਨ ਤੱਕ ਪਹੁੰਚ ਰਹੀ ਹੈ। ਉਹਨਾਂ ਨੇ ਕਿਹਾ ਕਿ ਸਿਆਸਤਦਾਨ ਕਿਸੇ ਵੀ ਢੰਗ ਨਾਲ ਇਸ ਦਾ ਹੱਲ ਨਹੀਂ ਕੱਢ ਰਹੇ ਅਤੇ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਸ ਵੇਲੇ ਉਹਨਾਂ ਵੱਲੋਂ ਸਿਰਫ ਅਤੇ ਸਿਰਫ ਇਸ ਉੱਤੇ ਸਿਆਸਤ ਖੇਡੀ ਜਾਂਦੀ ਹੈ।
ਚੋਣਾਂ 'ਚ ਮੁੱਦੇ ਨੂੰ ਦਿੱਤਾ ਜਾਂਦਾ ਤੂਲ
ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਵੱਲੋਂ ਅੱਜ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਤਾਂ ਵਾਲੇ ਡੰਪ ਤੋਂ ਗੰਦੀਆਂ ਹਵਾਵਾਂ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਰਹੀਆਂ ਹਨ, ਜਿਸ ਕਰਕੇ ਉਸ ਦੇ ਸੋਨੇ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਉਥੇ ਹੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਚੋਣਾਂ ਹੁੰਦੀਆਂ ਹਨ ਅਤੇ ਚੋਣਾਂ ਦੇ ਦੌਰਾਨ ਬਹੁਤ ਵੱਡੇ-ਵੱਡੇ ਮੁੱਦੇ ਪੰਜਾਬ ਵਿੱਚ ਛੇੜੇ ਜਾਂਦੇ ਹਨ। ਇਸ 'ਚ ਭਗਤਾਂ ਵਾਲੇ ਡੰਪ ਨੂੰ ਲੈ ਕੇ ਬਹੁਤ ਸਾਰੇ ਸਿਆਸਤਦਾਨ ਵੱਡੀਆਂ-ਵੱਡੀਆਂ ਗੱਲਾਂ ਤੇ ਦਾਅਵੇ ਤਾਂ ਕਰਦੇ ਹਨ ਲੇਕਿਨ ਇਸ ਦਾ ਹੱਲ ਨਹੀਂ ਕੱਢ ਰਹੇ ਤੇ ਨਾ ਹੀ ਦਾਅਵੇ ਪੂਰੇ ਕਰ ਰਹੇ ਹਨ। ਉਥੇ ਹੀ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਲਗਾਤਾਰ ਹੀ ਖਰਾਬ ਹੋ ਰਹੇ ਹਨ ਅਤੇ ਚੋਣਾਂ ਦੇ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।
ਡੰਪ ਨੂੰ ਲੈਕੇ ਮੋਰਚੇ ਦੀ ਤਿਆਰੀ
ਇਸ ਮੌਕੇ ਇਮਾਨ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੈ ਕੇ ਹੁਣ ਅਸੀਂ ਜਲਦ ਹੀ ਇੱਕ ਵੱਡਾ ਮੋਰਚਾ ਖੋਲ੍ਹਣ ਜਾ ਰਹੇ ਹਾਂ ਅਤੇ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਣ ਤਾਂ ਜੋ ਇਸ ਡੰਪ ਨੂੰ ਖ਼ਤਮ ਕਰਨ ਲਈ ਅਸੀਂ ਕੋਈ ਨਾ ਕੋਈ ਯੋਜਨਾ ਬਣਾ ਸਕੀਏ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਕੋਹੀਨੂਰ ਹੀਰੇ ਦੀ ਤਾਂ ਗੱਲ ਕਰ ਰਹੇ ਹਾਂ ਲੇਕਿਨ ਜੋ ਸਾਡੇ ਕੋਲ ਅਨਮੋਲ ਹੀਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰੂਪ ਦੇ ਵਿੱਚ ਹੈ ਅਸੀਂ ਉਸ ਨੂੰ ਬਿਲਕੁਲ ਸੰਭਾਲ ਨਹੀਂ ਪਾ ਰਹੇ। ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਨੂੰ ਲੈ ਕੇ ਇੱਕ ਵੱਡਾ ਮੋਰਚਾ ਖੋਲਿਆ ਜਾਵੇਗਾ ਤਾਂ ਜੋ ਇਸ ਭਗਤਾਂ ਵਾਲੇ ਡੰਪ ਨੂੰ ਇੱਥੋਂ ਹਟਾਇਆ ਜਾ ਸਕੇ ਅਤੇ ਇਸ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
- ਲੁਧਿਆਣਾ ਦੀ ਧਾਂਦਰਾ ਰੋਡ 'ਤੇ ਚੱਲੀ ਗੋਲੀ, ਪੁਲਿਸ 'ਤੇ ਲੱਗੇ ਫਾਇਰ ਕਰਨ ਦੇ ਇਲਜ਼ਾਮ, ਡੀਸੀਪੀ ਨੇ ਦਿੱਤੀ ਸਫਾਈ - Shot fired in Ludhiana
- ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ- ਮੁਫ਼ਤੀ ਖ਼ਲੀਲ ਕਾਸਮੀ - Khairuddin Masjid Press Conference
- ਗੋਲਡ ਮੈਡਲ ਵਿਜੇਤਾ ਅਵਨੀਤ ਕੌਰ ਕੰਗ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ - Gold medal winning in nepal