ਹੈਦਰਾਬਾਦ ਡੈਸਕ: 43 ਸਾਲ ਦਾ ਰਾਮ ਸਿੰਘ ਉਰਫ਼ ਸੋਢੀ ਜੋ ਇੱਕ ਪੂਰੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਹੇਅਰ ਡਰੈਸਰ ਦਾ ਕੰਮ ਕਰਦਾ ਸੀ। ਉਸ ਦੀ ਇਹੀ ਪਛਾਣ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਹੇਅਰ ਡਰੈਸਰ ਦਾ ਕੰਮ ਕਰਨ ਵਾਲਾ ਰਾਮ ਸਿੰਘ ਰਾਤ ਦੇ ਹਨੇਰੇ 'ਚ ਕੀ ਕਰਦਾ ਹੈ? ਤੁਸੀਂ ਅਕਸਰ ਫਿਲਮਾਂ ਅਤੇ ਨਾਟਕਾਂ 'ਚ ਬਹੁਤ ਸਾਰੀਆਂ ਡਰਾਉਣ ਵਾਲੀਆਂ ਸੀਰੀਅਲ-ਕਿਲਰਾਂ ਦੀਆਂ ਕਹਾਣੀ ਦੇਖੀਆਂ ਅਤੇ ਸੁਣੀਆਂ ਹੋਣਗੀਆਂ ਪਰ ਰਾਮ ਸਿੰਘ ਦੀ ਕਹਾਣੀ ਦੀ ਤਾਂ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਰਾਮ ਸਿੰਘ ਉਰਫ਼ ਸੋਢੀ ਹੁਸ਼ਿਆਰਪੁਰ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਇਸ ਦੇ ਤੇਜ਼ ਦਿਮਾਗ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਅਤੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ।
ਕੌਣ-ਕੌਣ ਬਣੇ ਰਾਮ ਸਿੰਘ ਉਰਫ਼ ਸੋਢੀ ਦੇ ਸ਼ਿਕਾਰ ?
ਰਾਮ ਸਿੰਘ ਨੇ ਆਪਣਾ ਪਹਿਲਾ ਸ਼ਿਕਾਰ 24-01-24 ਨੂੰ ਹਰਪ੍ਰੀਤ ਸਿੰਘ ਉਰਫ਼ ਸੰਨੀ ਨੂੰ ਬਣਾਇਆ ਜੋ ਇੱਕ ਕਾਰ 'ਚ ਸਵਾਰ ਸੀ। ਪੁਲਿਸ ਨੂੰ ਉਸ ਦੀ ਲਾਸ਼ ਥਾਣਾ ਸਿਟੀ ਰੂਪਨਗਰ ਦੇ ਏਰੀਆ ਨਿਰੰਕਾਰੀ ਭਵਨ ਰੂਪਨਗਰ ਕੋਲ ਮਿਲੀ। ਜਿਸ ਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਮੁਹੱਲਾ ਜਗਜੀਤ ਨਗਰ ਰੂਪਨਗਰ ਵੱਜੋ ਹੋਈ ਸੀ। ਪੁਲਿਸ ਨੇ ਇਸ ਕਤਲ ਸਬੰਧੀ ਮੁਕੱਦਮਾ ਨੰਬਰ 15 ਮਿਤੀ 25.01.2024 ਨੂੰ ਥਾਣਾ ਸਿਟੀ ਰੂਪਨਗਰ 'ਚ ਦਰਜ ਕੀਤਾ।
ਦੂਜਾ ਸ਼ਿਕਾਰ ਰਾਮ ਸਿੰਘ ਨੇ ਮਿਤੀ 05 ਅਪ੍ਰੈਲ 2024 ਨੂੰ ਮੁਕੰਦਰ ਸਿੰਘ ਉਰਫ ਬਿੱਲਾ ਦਾ ਕੀਤਾ। ਜਿਸ ਦੀ ਉਮਰ 34 ਸਾਲ ਸੀ ਅਤੇ ਉਹ ਪਿੰਡ ਬੇਗਮਪੁਰਾ ਘਨੌਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਬਿੱਲਾ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਸੀ। ਜਿਸ ਦੀ ਲਾਸ਼ ਪੰਜੇਹਰਾ ਰੋਡ ਬੜਾ ਪਿੰਡ ਵਿਖੇ ਮਿਲੀ ਸੀ। ਜਿਸ ਦਾ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਸੀ।
ਹੁਣ ਵਾਰੀ ਤੀਜੇ ਸ਼ਿਕਾਰ ਦੀ ਆਉਂਦੀ ਹੈ ਜੋ 18 ਅਗਸਤ 2024 ਦੀ ਰਾਤ ਨੂੰ ਰਾਮ ਸਿੰਘ ਦੇ ਮਾਇਆ ਜਾਲ 'ਚ ਫਸ ਜਾਂਦਾ ਹੈ। ਇਹ ਸ਼ਿਕਾਰ ਮਨਿੰਦਰ ਸਿੰਘ ਬਣਦਾ ਜਿਸ ਦੀ ਉਮਰ 37 ਸਾਲ ਹੁੰਦੀ ਹੈ। ਮ੍ਰਿਤਕ ਵਾਰਡ ਨੰਬਰ 03 ਮੁਹੱਲਾ ਬਾਲਮੀਕੀ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀ ਜੋ ਟੋਲ ਪਲਾਜਾ ਮੋੜਾ ਵਿਖੇ ਚਾਹ-ਪਾਣੀ ਦਾ ਕੰਮ ਕਰਦਾ ਸੀ।
ਪੁਲਿਸ ਨੂੰ ਮਨਿੰਦਰ ਦੀ ਲਾਸ਼ ਮਨਾਲੀ ਰੋਡ ਜੀਓ ਪੈਟਰੋਲ ਪੰਪ ਦੇ ਸਾਹਮਣੇ ਝਾੜੀਆਂ 'ਚੋਂ ਮਿਲਦੀ ਹੈ। ਲਾਸ਼ ਮਿਲਣ 'ਤੇ ਪੁਲਿਸ ਨੇ ਮੁਕੱਦਮਾ ਨੰਬਰ 79 ਮਿਤੀ 19-08-2024 ਨੂੰ ਰਜਿਸਟਰ ਕੀਤਾ ਸੀ।
ਕਿੰਝ ਜਾਲ 'ਚ ਫਸਿਆ ਸ਼ਿਕਾਰੀ
ਕਾਬਲੇਜ਼ਿਕਰ ਹੈ ਕਿ ਜਦੋਂ ਪੁਲਿਸ ਟੀਮ ਵੱਲੋਂ ਮਨਿੰਦਰ ਦੇ ਕਤਲ ਕੇਸ 'ਚ ਦਰਜ ਮੁਕੱਦਮੇ ਨੂੰ ਟਰੇਸ ਕਰਨ ਲਈ ਮੁੱਢ ਤੋਂ ਹਲਾਤਾਂ ਨੂੰ ਵੇਖਦੇ ਹੋਏ ਤਕਨੀਕੀ ਢੰਗ ਨਾਲ ਤਫ਼ਤੀਸ਼ ਨੂੰ ਅਮਲ 'ਚ ਲਿਆਂਦਾ ਤਾਂ ਪੁਲਿਸ ਨੇ 3 ਬੱਚਿਆਂ ਦੇ ਪਿਓ ਯਾਨੀ ਕਿ ਰਾਮ ਸਿੰਘ ਗ੍ਰਿਫ਼ਤਾਰ ਕਰ ਲਿਆ। ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕਾਤਲ ਦਾ ਪਹਿਲਾਂ ਪਤਾ ਨਹੀਂ ਲੱਗ ਸਕਿਆ। ਜਿਸ ਤੋਂ ਬਾਅਦ ਕਾਤਲ ਨੂੰ ਫੜਨ ਲਈ ਟੀਮ ਬਣਾਈ ਗਈ। ਇਸੇ ਜਾਂਚ ਵਿੱਚ ਇਹ ਸੀਰੀਅਲ ਕਿਲਰ ਫੜਿਆ ਗਿਆ ਹੈ। ਪੁਲਿਸ ਮੁਤਾਬਿਕ ਤਿੰਨ ਜ਼ਿਲ੍ਹਿਆਂ ਵਿੱਚ 10 ਕਤਲ ਹੋਏ ਹਨ। ਸੀਰੀਅਲ ਕਿਲਰ ਨੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਚਾਰ ਕਤਲ, ਹੁਸ਼ਿਆਰਪੁਰ ਵਿੱਚ ਦੋ ਕਤਲ, ਸਰਹਿੰਦ ਪਟਿਆਲਾ ਰੋਡ ’ਤੇ ਇੱਕ ਕਤਲ ਅਤੇ ਰੋਪੜ ਜ਼ਿਲ੍ਹੇ ਵਿੱਚ ਤਿੰਨ ਕਤਲ ਕਰਨ ਦੀ ਗੱਲ ਵੀ ਕਬੂਲੀ ਹੈ। ਇਨ੍ਹਾਂ ਵਿੱਚੋਂ ਪੰਜ ਘਟਨਾਵਾਂ ਦੀ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਚੁੱਕੀ ਹੈ।
ਸੀਰੀਅਲ਼ ਕਿਲਰ ਨੇ ਕਿਉਂ ਕੀਤੇ ਇੱਕ ਤੋਂ ਬਾਅਦ ਇੱਕ ਕਤਲ?
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਆਮ ਸੀਰੀਅਲ਼ ਕਿਲਰ ਨਹੀਂ ਬਲਕਿ 'ਗੇ' ਸੀਰੀਅਲ਼ ਕਿਲਰ ਹੈ। ਇਹ ਸੀਰੀਅਲ ਕਿਲਰ ਪਹਿਲਾਂ ਨੌਜਵਾਨਾਂ ਦੀ ਭਾਲ ਕਰਦਾ ਸੀ।ਨੌਜਵਾਨਾਂ ਦੀ ਭਾਲ ਕਰਨ ਤੋਂ ਬਾਅਦ ਉਹ ਉਨ੍ਹਾਂ ਨਾਲ ਜ਼ਬਰਦਸਤੀ ਸਮਲਿੰਗੀ ਸਬੰਧ ਬਣਾਉਂਦਾ ਸੀ। ਇਸ ਤੋਂ ਬਾਅਦ ਉਹ ਨੌਜਵਾਨ ਤੋਂ ਪੈਸੇ ਮੰਗਦਾ ਸੀ। ਜਦੋਂ ਨੌਜਵਾਨ ਪੈਸੇ ਨਾ ਦਿੰਦੇ ਤਾਂ ਉਨ੍ਹਾਂ ਦਾ ਕਤਲ ਕਰ ਦਿੰਦਾ ਸੀ।
ਸੀਰੀਅਲ ਕਿਲਰ ਨੇ ਖੋਲ੍ਹੇ ਕਈ ਰਾਜ਼
ਗ੍ਰਿਫਤਾਰ ਹੋਣ ਤੋਂ ਬਾਅਦ ਸੀਰੀਅਲ ਕਿਲਰ ਨੇ ਕਈ ਰਾਜ਼ ਖੋਲ੍ਹੇ ਹਨ। ਉਸ ਨੇ ਦੱਸਿਆ ਕਿ "ਉਹ ਵੱਖ-ਵੱਖ ਥਾਵਾਂ ‘ਤੇ ਸੰਤਰੀ ਰੰਗ ਦੇ ਕੱਪੜੇ ਪਾ ਕੇ ਅਤੇ ਔਰਤਾਂ ਵਾਂਗ ਘੁੰਡ ਕੱਢ ਕੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ। ਇਸ ਤੋਂ ਬਾਅਦ ਉਹ ਕਈ ਲੋਕਾਂ ਨਾਲ ਸਬੰਧ ਬਣਾ ਲੈਂਦਾ ਸੀ। ਇਸ ਤੋਂ ਬਾਅਦ ਉਹ ਪੈਸਿਆਂ ਦੀ ਮੰਗ ਕਰਦਾ ਸੀ। ਜੇਕਰ ਕੋਈ ਉਸ ਨੂੰ ਪੈਸੇ ਨਾ ਦਿੰਦਾ ਤਾਂ ਉਹ ਉਸ ਦੀ ਕੁੱਟਮਾਰ ਕਰਦਾ ਸੀ। ਇਸ ਤੋਂ ਬਾਅਦ ਉਹ ਲੋਕਾਂ ਨੂੰ ਮਾਰਦਾ ਸੀ, ਮੁਲਜ਼ਮ ਕੋਲ ਕੋਈ ਹਥਿਆਰ ਨਹੀਂ ਸੀ, ਪਰ ਉਹ ਕੱਪੜੇ ਨਾਲ ਲੋਕਾਂ ਨੂੰ ਮਾਰਦਾ ਸੀ। ਇਸ ਤੋਂ ਬਾਅਦ ਉਸ ਦੇ ਪੈਰ ਛੂਹ ਕੇ ਮੁਆਫੀ ਵੀ ਮੰਗਦਾ ਸੀ"।
ਸੀਰੀਅਲ ਕਿਲਰ ਦੇ ਪਿਤਾ ਦਾ ਬਿਆਨ
ਮੁਲਜ਼ਮ ਦੇ ਪਿਤਾ ਦੇ ਬਿਆਨ ਮੁਤਾਬਿਕ ਉਸ ਨੇ ਕਦੇ ਵੀ ਕੋਈ ਅਜਿਹੀ ਹਰਕਤ ਨਹੀਂ ਕੀਤੀ, ਜਿਸ ਤੋਂ ਉਨ੍ਹਾਂ ਨੂੰ ਕਿਸੇ ਗੱਲ ਦਾ ਸ਼ੱਕ ਹੁੰਦਾ। ਉਨ੍ਹਾਂ ਦੱਸਿਆ ਕਿ ਉਹ ਦੁਬਈ ਅਤੇ ਕਤਰ 'ਚ ਵੀ ਕੰਮ ਕਰਕੇ ਆਇਆ ਹੈ। ਪਿੰਡ 'ਚ ਵੀ ਕੋਈ ਉਸ ਵੱਲ ਉਂਗਲ ਨਹੀਂ ਕਰ ਸਕਦਾ। ਉਹ 3 ਬੱਚਿਆਂ ਦਾ ਪਿਤਾ ਹੈ। ਭਾਵੇਂਕਿ ਅਸੀਂ ਉਸ ਨੂੰ ਬੇਦਖ਼ਲ ਕਰਨ ਦੀ ਗੱਲ ਸੋਚੀ ਸੀ ਪਰ ਅਸੀਂ ਉਸ ਨੂੰ ਬੇਦਖ਼ਲ ਨਹੀਂ ਕੀਤਾ ਗਿਆ।
ਮੌਕਾ ਵਾਰਦਾਤ 'ਤੇ ਲੈ ਕੇ ਆਈ ਪੁਲਿਸ
ਮੁਲਜ਼ਮ ਦਾ ਰਿਮਾਂਡ ਮਿਲਣ 'ਤੇ ਪੁਲਿਸ ਸੀਰੀਅਲ ਕਿਲਿੰਗ ਮਾਮਲੇ 'ਚ ਮੁਲਜ਼ਮ ਸੋਢੀ ਦੀ ਨਿਸ਼ਾਨਦੇਹੀ ਉੱਤੇ ਉਸ ਨੂੰ ਟਰੱਕ ਡਰਾਇਵਰ ਦੇ ਕਤਲ ਵਾਲੀ ਥਾਂ 'ਤੇ ਲੈ ਕੇ ਆਈ। ਪੁਲਿਸ ਮੁਤਾਬਿਕ ਉਸ ਨੇ 11 ਕਤਲ ਦੀ ਗੱਲ ਕਬੂਲੀ ਹੈ। ਹਾਲੇ ਪੁਲਿਸ ਨੂੰ ਇਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
- ਡੱਲੇਵਾਲ ਦੇ ਡਾਕਟਰਾਂ ਨਾਲ ਵਾਪਰਿਆ ਹਾਦਸਾ, ਗੱਡੀਆਂ ਦੀ ਹੋ ਗਈ ਭਿਆਨਕ ਟੱਕਰ, ਜਾਣੋ ਅੱਗੇ ਕੀ ਹੋਇਆ
- ਡੱਲੇਵਾਲ ਦੀ ਇਹ ਸਪੀਚ ਸੁਣ ਕੇ ਅੱਖਾਂ 'ਚ ਆ ਜਾਣਗੇ ਹੰਝੂ, ਕਹਿੰਦੇ- ਗੁਆਂਢੀ ਸੂਬਿਆਂ ਦਾ ਉਲਾਂਭਾ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਹੁਣ...
- ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਖ਼ਬਰ, ਹੁਣ ਬਿਨ੍ਹਾਂ ਰਾਸ਼ਨ ਕਾਰਡ ਦੇ ਮਿਲੇਗਾ ਰਾਸ਼ਨ, ਜਾਣਨ ਲਈ ਕਰੋ ਕਲਿੱਕ...
- ਲਓ ਜੀ, ਕਿਸਾਨਾਂ ਦੀ ਮੰਗ ਹੋਈ ਪੂਰੀ, ਐਮਐਸਪੀ 'ਤੇ ਫ਼ਸਲਾਂ ਖ਼ਰੀਦਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਜਾਣੋ ਕਿਸ-ਕਿਸ ਫ਼ਸਲ 'ਤੇ ਮਿਲੇਗਾ MSP