ਫਿਰੋਜ਼ਪੁਰ: ਬਸਤੀ ਬੂਟਾ ਵਾਲੀ ਦੀ 23 ਸਾਲਾ ਵਿਦਿਆਰਥਣ ਰਾਜਵੀਰ ਕੌਰ ਸਰਪੰਚ ਬਣ ਗਈ ਹੈ, ਜਿਸ ਤੋਂ ਬਾਅਦ ਉਸ ਦੇ ਘਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਫਿਲਹਾਲ ਚੋਣ ਕਮਿਸ਼ਨ ਵੱਲੋਂ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਗਏ ਪਰ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਸੂਬੇ 'ਚ ਅੱਜ 13937 ਗ੍ਰਾਮ ਪੰਚਾਇਤਾਂ ਲਈ ਚੋਣਾਂ ਹੋਈਆਂ, ਜਿੰਨ੍ਹਾਂ 'ਚੋਂ 3798 ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਚੁੱਕੀ ਹੈ, ਜਦਕਿ ਬਾਕੀ ਦੇ ਨਤੀਜੇ ਆਉਣ ਤੋਂ ਬਾਅਦ ਐਲਾਨੇ ਜਾਣਗੇ।
ਸਰਪੰਚ ਰਾਜਵੀਰ ਕੌਰ
ਨੌਜਵਾਨਾਂ ਨੇ ਇਸ ਚੋਣ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਪਿੰਡ ਅਤੇ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਦਿਖਾਇਆ। 23 ਸਾਲਾਂ ਰਾਜਵੀਰ ਨੇ ਇੰਨੀ ਛੋਟੀ ਉਮਰ ਵਿੱਚ ਸਰਪੰਚ ਬਣ ਕੇ ਪੂਰੇ ਪਿੰਡ ਅਤੇ ਸ਼ਹਿਰ ਵਿੱਚ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ।
ਕਿੱਥੇ ਵੇਖਣ ਨੂੰ ਮਿਲਿਆ ਤਣਾਅ
ਇਸ ਦੇ ਨਾਲ ਹੀ ਇਸ ਵਾਰ ਹੋਈਆਂ ਪੰਚਾਇਤੀ ਚੋਣਾਂ 'ਚ ਜ਼ਿਆਦਾਤਰ ਇਲਾਕਿਆਂ 'ਚ ਤਣਾਅ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਕਈ ਥਾਵਾਂ 'ਤੇ ਖੂਨੀ ਝੜਪਾਂ ਵੀ ਦੇਖਣ ਨੂੰ ਮਿਲੀਆਂ। ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਮੋਗਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲਿਆਂ ਵਿੱਚ ਚੋਣਾਂ ਦੌਰਾਨ ਝੜਪਾਂ ਹੋਣ ਦੀਆਂ ਖ਼ਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ 7 ਜ਼ਿਲਿਆਂ 'ਚ ਪਥਰਾਅ ਅਤੇ ਗੋਲੀਬਾਰੀ ਹੋ ਚੁੱਕੀ ਹੈ, ਜਦਕਿ ਮੋਗਾ ਅਤੇ ਪਟਿਆਲਾ 'ਚ ਵੀ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਪਟਿਆਲਾ 'ਚ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸ ਦੇਈਏ ਕਿ ਪਟਿਆਲਾ ਦੇ ਸਨੌਰ ਦੇ ਪਿੰਡ ਖੁੰਡਾ 'ਚ ਗੋਲੀਬਾਰੀ ਅਤੇ ਪਥਰਾਅ ਹੋਇਆ ਸੀ। ਜਿਸ 'ਚ 2 ਲੋਕ ਜ਼ਖਮੀ ਹੋ ਗਏ ਸਨ। ਬਠਿੰਡਾ ਦੇ ਪਿੰਡ ਅਕਲੀਆਂ ਕਲਾਂ 'ਚ ਚੋਣਾਂ ਦੌਰਾਨ ਕੁਝ ਨੌਜਵਾਨਾਂ ਨੇ ਕਾਰ 'ਤੇ ਹਮਲਾ ਕਰ ਦਿੱਤਾ। ਤਰਨਤਾਰਨ 'ਚ ਗੋਲੀਬਾਰੀ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਕਿੰਨੇ ਸਰਪੰਚ ਅਤੇ ਕਿੰਨੇ ਪੰਚ
ਦੱਸ ਦੇਈਏ ਕਿ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ 25,588 ਉਮੀਦਵਾਰ ਮੈਦਾਨ ਵਿੱਚ ਹਨ। ਪੰਚ ਦੇ ਅਹੁਦੇ ਲਈ 80598 ਉਮੀਦਵਾਰ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ 3798 ਸਰਪੰਚ ਅਤੇ 48861 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।
- ਪੰਚਾਇਤੀ ਚੋਣਾਂ 'ਚ ਮੱਚਿਆ ਘਮਸਾਣ, ਚੱਲੀਆਂ ਗੋਲੀਆਂ, ਪੁਲਿਸ ਦੇ ਨਾਲ ਆਰਮੀ ਵੀ ਪਹੁੰਚੀ, ਹਸਪਤਾਲ 'ਚ ਦਾਖਲ ਲੋਕ
- ਲਾਈਵ Voting for Punjab Panchayat Elections: ਚੋਣ ਨਤੀਜੇ ਆਉਣੇ ਹੋਏ ਸ਼ੁਰੂ, ਲੋਕਾਂ 'ਚ ਉਤਸਾਹ, ਆਪਣੇ ਉਮੀਦਵਾਰਾਂ ਦੇ ਜਿੱਤਣ ਦੀ ਖੁਸ਼ੀ 'ਚ ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜ੍ਹੇ
- ਪੰਚਾਇਤੀ ਚੋਣਾਂ 'ਚ ਵਰਤ ਗਿਆ ਭਾਣਾ, ਆਨ ਡਿਊਟੀ ਪੁਲਿਸ ਮੁਲਾਜ਼ਮ ਦੀ ਮੌਤ