ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਬੀਤੀ ਰਾਤ ਅਚਾਨਕ ਇੱਕ ਕੈਮੀਕਲ ਦੇ ਗੋਦਾਮ ਦੇ ਵਿੱਚ ਅੱਗ ਲੱਗ ਗਈ। ਜਿਸ ਕਰਕੇ ਕਾਫੀ ਧਮਾਕਾ ਵੀ ਹੋਇਆ ਅਤੇ ਨੇੜੇ-ਤੇੜੇ ਦੇ ਘਰਾਂ ਦੇ ਵਿੱਚ ਵੀ ਨੁਕਸਾਨ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਿਰਾਏ 'ਤੇ ਜਗ੍ਹਾ ਲੈ ਕੇ ਇੱਥੇ ਕੈਮੀਕਲ ਦਾ ਕੰਮ ਕੀਤਾ ਜਾ ਰਿਹਾ ਸੀ।
ਅੱਗ ਲੱਗਣ ਨਾਲ ਧਮਾਕੇ ਦੀ ਖ਼ਬਰ
ਉਨ੍ਹਾਂ ਕਿਹਾ ਕਿ ਕਈ ਵਾਰੀ ਇਲਾਕਾ ਵਾਸੀਆਂ ਵੱਲੋ ਕਹਿਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਇਹ ਦੁਕਾਨ ਦੇ ਵਿੱਚੋਂ ਕੈਮੀਕਲ ਆਦਿ ਨਹੀਂ ਹਟਾਇਆ ਗਿਆ, ਜਿਸ ਕਰਕੇ ਅਚਾਨਕ ਇਸ ਕੈਮੀਕਲ ਦੇ ਗੋਦਾਮ ਨੂੰ ਅੱਗ ਲੱਗ ਗਈ। ਉਹਨਾਂ ਕਿਹਾ ਕਿ ਗੋਦਾਮ ਦੇ ਅੰਦਰ ਕੁਝ ਅਜਿਹਾ ਕੈਮੀਕਲ ਸੀ, ਜਿਸ ਨਾਲ ਅੱਗ ਲੱਗਣ ਕਰਕੇ ਕਾਫੀ ਧਮਾਕਾ ਵੀ ਹੋਇਆ। ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ, ਹਾਲਾਂਕਿ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਉਧਰ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ।
ਲੋਕਾਂ ਨੇ ਮੁਸ਼ਕਿਲ ਨਾਲ ਬਚਾਈ ਜਾਨ
ਸਥਾਨਕ ਲੋਕਾਂ ਨੇ ਕਿਹਾ ਕਿ ਫੈਕਟਰੀ ਜਿਸ ਦੀ ਵੀ ਹੈ, ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਹਾਲੇ ਵੀ ਕੁਝ ਡਰਮਾਂ ਨੂੰ ਅੱਗ ਲੱਗੀ ਹੋਈ ਹੈ, ਉਹਨਾਂ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਅਤੇ ਸਾਨੂੰ ਲੱਗ ਰਿਹਾ ਹੈ ਕਿ ਇਹਨਾਂ ਵਿੱਚ ਕੋਈ ਕੈਮੀਕਲ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਦੇ ਨਾਲ ਭੱਜ ਕੇ ਆਪਣੀ ਜਾਨ ਬਚਾਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਪੀਓਪੀ ਵੀ ਡਿੱਗ ਗਈ, ਗਮਲੇ ਆਦੀ ਵੀ ਟੁੱਟ ਗਏ।
ਲੋਕਾਂ ਦੀ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
ਹਾਲਾਂਕਿ ਇਸ ਹਾਦਸੇ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਲੋਕਾਂ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਹੁਣ ਨਗਰ ਨਿਗਮ ਨੂੰ ਅਤੇ ਨਾਲ ਹੀ ਲੋੜ ਪਈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਰਾਂਗੇ, ਤਾਂ ਜੋ ਇਸ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੋਦਾਮ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ।