ਫਿਰੋਜ਼ਪੁਰ: ਪੰਚਾਇਤੀ ਚੋਣਾਂ ‘ਚ ਕਈ ਤਰ੍ਹਾਂ ਦੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਕਈਆਂ ਨੂੰ ਜਿੱਤ ਮਿਲੀ ਤੇ ਕਈਆਂ ਨੂੰ ਹਾਰ ਨਸੀਬ ਹੋਈ ਪਰ ਇਸ ਵਿਚਾਲੇ ਇੱਕ ਅਜਿਹਾ ਸਰਪੰਚ ਵੀ ਚੁਣਿਆ ਗਿਆ ਹੈ ਜੋ ਜੇਲ੍ਹ ਦੇ ਵਿੱਚ ਬੰਦ ਹੈ। ਜਿਸ ਨੂੰ ਜੇਲ੍ਹ ‘ਚ ਬੈਠੇ ਨੂੰ ਹੀ ਸਰਪੰਚ ਬਣਾਇਆ ਗਿਆ ਹੈ।ਫਿਰੋਜ਼ਪੁਰ ਦੀ ਜੇਲ੍ਹ ‘ਚ ਬੰਦ ਇੱਕ ਨੌਜਵਾਨ ਪਿੰਡ ਦਾ ਸਰਪੰਚ ਬਣ ਗਿਆ ਹੈ। ਜਿਸ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ।
ਖੁਸ਼ੀ 'ਚ ਵਜਾਏ ਢੋਲ
ਤੁਹਾਨੂੰ ਦੱਸ ਦਈਏ ਕਿ ਲੋਕਾਂ ਨੇ ਤਾਂ ਪੂਰੇ ਪਿੰਡ ‘ਚ ਢੋਲ ਵਜਾ ਕੇ ਖੁਸ਼ੀ ਜ਼ਾਹਿਰ ਮਾਨਈ। ਫਿਰੋਜ਼ਪੁਰ ਦੇ ਮੱਧਰੇ ਪਿੰਡ ਤੋਂ ਸਰਪੰਚੀ ਦੇ ਉਮੀਦਵਾਰ ਰਵੀ ਕੁਮਾਰ ਉਰਫ ਭਲਵਾਨ ਵੱਲੋਂ ਸਰਪੰਚੀ ਲਈ ਨਾਮਜ਼ਦਗੀ ਪੱਤਰ ਭਰੇ ਗਏ ਸਨ ਅਤੇ ਜੇਲ੍ਹ ‘ਚ ਬੈਠੇ ਨੇ ਹੀ ਸਰਪੰਚੀ ਜਿੱਤ ਲਈ। ਜਿਸ ਤੋਂ ਬਾਅਦ ਉਸ ਨੂੰ ਚਾਹੁਣ ਵਾਲਿਆਂ ਨੇ ਆਪਣੇ-ਆਪਣੇ ਤਰੀਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਰਵੀ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਰਵੀ ਭਾਵੇਂ ਜੇਲ੍ਹ ਹੈ ਪਰ ਪਿੰਡ ਵਾਲਿਆਂ ਨੇ ਤਾਂ ਉਸ ਨੂੰ ਸਰਪੰਚ ਮੰਨ ਲਿਆ ਹੈ।
ਕਿਉਂ ਰਵੀ ਭਲਵਾਨ ਬਣਿਆ ਸਰਪੰਚ
ਰਵੀ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਬੜੀ ਮਿਹਨਤ ਕੀਤੀ ਹੈ। ਇਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਕਰਦਾ ਹੈ। ਉਸ ਨੇ ਘੋੜੀਆਂ ਰੱਖੀਆਂ ਹੋਈਆਂ ਹਨ, ਅਖਾੜੇ ਬਣਾਏ ਹਨ ਤੇ ਕੁਸ਼ਤੀਆਂ ਕਰਵਾਉਂਦਾ ਹੈ। ਲੋਕ ਇਸ ਨੂੰ ਪਿਆਰ ਕਰਦੇ ਹਨ। ਉਹ ਸਿਆਸਤ ਦੀ ਭੇਟ ਚੜ੍ਹ ਕੇ ਅੱਜ ਜੇਲ੍ਹ ਵਿਚ ਬੈਠਾ ਹੈ, ਪਰ ਸਾਨੂੰ ਅਦਾਲਤ ਅਤੇ ਨਿਆਂ ਪ੍ਰਕੀਰਿਆ 'ਤੇ ਪੂਰਾ ਭਰੋਸਾ ਹੈ ਕਿ ਉਹ ਛੇਤੀ ਜਿੱਤ ਕੇ ਬਾਹਰ ਆਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇ ਉਹ ਜੇਲ੍ਹ ਦੀ ਬਜਾਏ ਬਾਹਰ ਹੁੰਦਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਸਰਬਸੰਮਤੀ ਨਾਲ ਹੀ ਸਰਪੰਚ ਬਣਾ ਦੇਣਾ ਸੀ।
ਕਿੰਨੀਆਂ ਵੋਟਾਂ ਨਾਲ ਮਿਲੀ ਜਿੱਤ
ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਵਿੱਚ ਪਿੰਡ ਦੀਆਂ ਕੁੱਲ 290 ਵੋਟਾਂ ਸਨ ਅਤੇ 272 ਵੋਟਾਂ ਪੋਲ ਹੋਈਆਂ ਅਤੇ ਰਵੀ ਨੂੰ 137 ਵੋਟਾਂ ਪਈਆਂ ਹਨ। ਜਦਕਿ ਉਸ ਦੇ ਵਿਰੋਧੀ ਨੂੰ 135 ਵੋਟਾਂ ਮਿਲੀਆਂ ਅਤੇ ਰਵੀ ਦੋ ਵੋਟਾਂ ਨਾਲ ਜੇਲ੍ਹ ‘ਚ ਬੈਠਾ ਹੀ ਜਿੱਤ ਗਿਆ ਹੈ। ਰਵੀ ਉਪਰ ਕੁਝ ਮਾਮਲੇ ਦਰਜ ਹਨ ਜਿਸ ਨੂੰ ਲੈ ਕੇ ਰਵੀ ਜੇਲ੍ਹ ਵਿੱਚ ਬੰਦ ਹੈ ਪਰ ਹੁਣ ਰਵੀ ਦੀ ਜਿੱਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਪਰਿਵਾਰ ਵੱਲੋਂ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਚਾਹੇ ਰਵੀ ਜੇਲ੍ਹ ਵਿੱਚ ਬੰਦ ਹੈ, ਉਹ ਵੀ ਜਲਦ ਛੁਟ ਕੇ ਆ ਜਾਏਗਾ ਅਤੇ ਪਿੰਡ ਦੇ ਵਿਕਾਸ ਵਿੱਚ ਕੋਈ ਹੋਰ ਕਸਰ ਨਹੀਂ ਛੱਡੀ ਜਾਵੇਗੀ।
- ਪੰਜਾਬ ਦੇ ਕੁਝ ਪਿੰਡਾਂ ’ਚ ਮੁੜ ਪੈ ਰਹੀਆਂ ਪੰਚਾਇਤੀ ਚੋਣਾਂ ਲਈ ਵੋਟਾਂ, ਜਾਣੋਂ ਕਿੱਥੇ-ਕਿੱਥੇ ਹੋ ਰਹੀ ਵੋਟਿੰਗ
- ਬਠਿੰਡਾ 'ਚ 'ਆਪ' ਵਿਧਾਇਕ ਦੇ ਪਿੰਡ ਬੂਥ ਕੈਪਚਰ ਕਰਨ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਉੱਤੇ ਲੋਕਾਂ ਨੇ ਕੀਤਾ ਪਥਰਾਅ, ਕਈ ਮੁਲਾਜ਼ਮ ਜ਼ਖ਼ਮੀ
- ਲੁਧਿਆਣਾ ਦੇ ਰੂਪਨਗਰ 'ਚ ਬਣੀ ਯੂਪੀ, ਹਰਿਆਣਾ ਅਤੇ ਰਾਜਸਥਾਨ ਦੀ ਪੰਚਾਇਤ, ਜਿੱਤੀ ਪ੍ਰਵਾਸੀ ਮਹਿਲਾ ਸਰਪੰਚ, 407 ਵੋਟਾਂ ਤੋਂ ਮਾਰੀ ਬਾਜ਼ੀ