ਫਾਜ਼ਿਲਕਾ: ਪੰਚਾਇਤੀ ਚੋਣਾਂ ਤੋਂ ਪਹਿਲਾਂ ਫਾਜ਼ਿਲਕਾ ਸੀ.ਆਈ.ਏ ਸਟਾਫ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਜਾਇਜ਼ ਹਥਿਆਰਾਂ ਦੀ ਨੋਕ 'ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ 3 ਨਜਾਇਜ਼ ਪਿਸਟਲ, 2 ਮੈਗਜ਼ੀਨ, 21 ਰੌਂਦ ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ 'ਚ ਦੱਸਿਆ ਜਾ ਰਿਹਾ ਕਿ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ।
ਹਥਿਆਰਾਂ ਦੀ ਨੋਕ 'ਤੇ ਵਾਰਦਾਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਫਾਜ਼ਿਲਕਾ ਪੀ.ਐਸ ਸੰਧੂ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਵੱਲੋਂ ਜਲਾਲਾਬਾਦ ਸ਼ਹਿਰੀ ਇਲਾਕੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਨੂੰ ਮੁਖਬਰ ਵੱਲੋ ਇਤਲਾਹ ਮਿਲੀ ਸੀ ਕਿ ਜਲਾਲਾਬਾਦ ਬੀਡੀਓ ਦਫਤਰ ਨਜ਼ਦੀਕ ਕਾਰ ਸਵਾਰ ਕੁਝ ਵਿਅਕਤੀ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ 'ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਾਰ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿੰਨਾਂ ਕੋਲੋਂ ਮੌਕੇ 'ਤੇ ਇੱਕ ਕਾਰ ਅਤੇ ਦੋ ਨਾਜਾਇਜ਼ ਪਿਸਟਲ ਅਤੇ 21 ਰੌਂਦ ਬਰਾਮਦ ਕੀਤੇ ਗਏ।
ਗਸ਼ਤ ਦੌਰਾਨ ਮੁਲਜ਼ਮ ਕੀਤੇ ਕਾਬੂ
ਇਸ ਦੇ ਨਾਲ ਹੀ ਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਇੰਨਾਂ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ ਇੱਕ ਕਾਰ ਅਤੇ ਇੱਕ ਨਾਜਾਇਜ਼ ਪਿਸਤੋਲ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਨਿਲ ਕੁਮਾਰ ਪੁੱਤਰ ਹੰਸ ਰਾਜ ਵਾਸੀ ਪਿੰਡ ਚੱਕ ਕਾਠਗੜ੍ਹ, ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੂਰ ਵਾਲਾ ਥਾਣਾ ਅਮੀਰ ਖਾਸ, ਕੁਨਾਲ ਸ਼ਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਪਿੰਡ ਕੋਟੂ ਵਾਲਾ ਥਾਣਾ ਸਿਟੀ ਜਲਾਲਾਬਾਦ ਅਤੇ ਸੁਖਮੰਦਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਤੌਰ 'ਤੇ ਹੋਈ ਹੈ।
ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
ਉਨ੍ਹਾਂ ਦੱਸਿਆ ਕਿ ਇੰਨਾਂ ਮੁਲਜ਼ਮਾਂ ਦੇ ਖਿਲਾਫ ਥਾਣਾ ਸਿਟੀ ਵਿਖੇ ਆਰਮਜ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਤੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕੀ ਕਾਬੂ ਕੀਤੇ ਗਏ ਮੁਲਜ਼ਮ ਸੁਖਮੰਦਰ ਸਿੰਘ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅੱਠ ਮਾਮਲੇ ਦਰਜ ਹਨ ਅਤੇ ਮੁਲਜ਼ਮ ਅਨਿਲ ਕੁਮਾਰ ਉੱਪਰ ਵੀ ਦੋ ਮਾਮਲੇ ਪਹਿਲਾਂ ਦਰਜ ਹਨ। ਇਸ ਦੇ ਨਾਲ ਹੀ ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਚੋਣਾਂ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਗੁੰਡਾਗਰਦੀ ਕਰੇਗਾ, ਉਸ ਉੱਪਰ ਸਖ਼ਤ ਕਾਰਵਾਈ ਕੀਤੀ ਜਾਏਗੀ।