ਅੰਮ੍ਰਿਤਸਰ: ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲੈ ਕੇ 13 ਫ਼ਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਦਿੱਲੀ ਅੰਦੋਲਨ ਲਈ ਕੌਮੀ ਪੱਧਰ ਉੱਤੇ ਤਿਆਰੀਆਂ ਦੇ ਦੌਰ ਚੱਲ ਰਹੇ ਹਨ। ਭਾਰਤ ਦੇ 76 ਸੰਘਰਸ਼ੀਲ ਸੰਗਠਨਾਂ ਵੱਲੋਂ ਕਿਸਾਨ ਮਜਦੂਰ ਮੋਰਚਾ ਦੇ ਫ਼ੋਰਮ ਵਜੋਂ ਵੱਡੀਆਂ ਲਾਮਬੰਦੀਆਂ ਜਾਰੀ ਹਨ, ਇਸ ਦੀ ਜਾਣਕਾਰੀ ਕਿਸਾਨ ਮਜਦੂਰ ਮੋਰਚੇ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਵੀਡੀਓ ਜਾਰੀ ਕਰਦੇ ਹੋਏ ਸਾਂਝੀ ਕੀਤੀ।
ਇਨ੍ਹਾਂ ਸੂਬਿਆਂ ਨੇ ਖਿੱਚੀ ਤਿਆਰੀ: ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲੱਖਾਂ ਕਿਸਾਨ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਦਿੱਲੀ ਮੋਰਚੇ ਨੂੰ ਰਵਾਨਾ ਹੋਣਗੇ। ਹੁਣ ਤੱਕ ਪੰਜਾਬ ਤੋਂ 10, ਹਰਿਆਣਾ ਤੋਂ 6 , ਉੱਤਰ ਪ੍ਰਦੇਸ਼ ਤੋਂ 5, ਰਾਜਿਸਥਾਨ ਤੋਂ 3, ਪੋਂਡੀਚੇਰੀ ਤੋਂ 5, ਬਿਹਾਰ ਤੋਂ 5, ਤਾਮਿਲਨਾਡੂ ਤੋਂ 22 , ਕੇਰਲ ਤੋਂ 17, ਹਿਮਾਚਲ ਪ੍ਰਦੇਸ਼ ਤੋਂ 3 ਜਥੇਬੰਦੀਆਂ ਨੇ ਵੱਧ ਚੜ੍ਹ ਕੇ ਦਿੱਲੀ ਅੰਦੋਲਨ ਵਿੱਚ ਪਹੁੰਚਣ ਲਈ ਤਿਆਰੀ ਪ੍ਰੋਗਰਾਮ ਉਲੀਕੇ ਹਨ।
ਇਹ ਹਨ ਮੁੱਖ ਮੰਗਾਂ: ਪੰਧੇਰ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਕਿ ਸਾਰੀਆਂ ਫ਼ਸਲਾਂ ਦੀ ਖ਼ਰੀਦ ਤੇ ਐਮਐਸਪੀ ਗਰੰਟੀ ਕਨੂੰਨ ਬਣਾਇਆ ਜਾਵੇ ਅਤੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਸੀ 2 +50% ਨਾਲ ਦਿੱਤੇ ਜਾਣ, ਕਿਸਾਨ ਅਤੇ ਖੇਤ ਮਜ਼ਦੂਰ ਦੀ ਕਰਜ਼ਾ ਮੁਕਤੀ ਕੀਤੀ, 58 ਸਾਲ ਦੀ ਉਮਰ ਤੋਂ ਵੱਧ ਦੇ ਕਿਸਾਨ ਅਤੇ ਖੇਤ ਮਜ਼ਦੂਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਸੋਧਾਂ ਰੱਦ ਕਰਕੇ ਜਮੀਨ ਐਕਵਾਇਰ ਕਰਨ ਸਬੰਧੀ ਕਾਨੂੰਨ ਨੂੰ 2013 ਦੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਭਾਰਤ ਵਿਸ਼ਵ ਵਪਾਰ ਸੰਸਥਾ (Farmers Protest In Delhi) ਵਿੱਚੋ ਬਾਹਰ ਆਵੇ, ਲਖੀਮਪੁਰ ਖੀਰੀ ਦੇ ਕਤਲਕਾਂਡ ਕੇਸ ਵਿੱਚ ਮੁਲਜ਼ਮ ਵਿਰੁੱਧ ਕਾਰਵਾਈ ਕਰ ਇਨਸਾਫ ਕੀਤਾ ਜਾਵੇ।
ਟਰਾਂਸਪੋਰਟਰਾਂ ਨੂੰ ਵੀ ਸਮਰਥਨ: ਇਸ ਤੋਂ ਇਲਾਵਾ, ਬਿਜਲੀ ਸੋਧ ਬਿੱਲ 2020 ਨੂੰ ਪੂਰੇ ਤਰੀਕੇ ਨਾਲ ਰੱਦ ਕੀਤਾ ਜਾਵੇ, ਕਿਸਾਨੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿੱਚੋ ਬਾਹਰ ਕੱਢਿਆ ਜਾਵੇ, ਫ਼ਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਪੰਧੇਰ ਨੇ ਕਿਹਾ ਕਿ ਭਾਰਤ ਭਰ ਤੋਂ ਜਥੇਬੰਦੀਆਂ ਲਗਾਤਾਰ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅੰਦੋਲਨ ਲਈ ਸੈਂਕੜੇ ਸੰਗਠਨ ਅਤੇ ਲੱਖਾਂ ਕਿਸਾਨ ਮਜਦੂਰ ਉੱਤੇ ਆਮ ਲੋਕ ਸੰਘਰਸ਼ ਦੇ ਮੈਦਾਨ ਵਿੱਚ ਉਤਰਨਗੇ। ਪੰਧੇਰ ਨੇ ਕਿਹਾ ਕਿ ਟਰਾਂਸਪੋਰਟਰਾ ਅਤੇ ਐਕਸ ਸਰਵਿਸਮੈਨਾਂ ਨੂੰ ਸਮਰਥਨ ਦੇਣ ਦਾ ਵੀ ਐਲਾਨ ਕਰਦੇ ਹਾਂ।