ਬਰਨਾਲਾ: ਪੰਜਾਬ ਵਿੱਚ ਝੋਨੇ ਦੀ ਪਰਾਲੀ ਦਾ ਮੁੱਦਾ ਗਰਮਾਇਆ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਸੁਚੇਤ ਕਰ ਰਿਹਾ ਹੈ। ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਵੀ ਇਸ ਮਾਮਲੇ ਬਾਰੇ ਕਿਸਾਨਾਂ ਨੂੰ ਸਮਝਾਉਣ ਗਏ ਏਡੀਸੀ ਬਰਨਾਲਾ ਨੂੰ ਕਿਸਾਨਾਂ ਨੇ ਹੀ ਘੇਰ ਲਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਪਰਾਲੀ ਦੇ ਮੁੱਦੇ ਨੂੰ ਲੈ ਕੇ ਫੇਲ੍ਹ ਹੋਈ ਹੈ। ਪਰਾਲੀ ਪ੍ਰਬੰਧਨ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਉਹ ਅੱਗ ਲਾਏ ਬਿਨਾਂ ਨਹੀਂ ਰਹਿ ਸਕਦੇ।
ਕਿਸਾਨਾਂ ਨੇ ADC ਨੂੰ ਘੇਰਿਆ
ਪਿੰਡ ਚੀਮਾ ਦੀ ਸੱਥ ਵਿੱਚ ਏਡੀਸੀ ਬਰਨਾਲਾ ਲਤੀਫ਼ ਅਹਿਮਦ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਬੀਕੇਯੂ ਕਾਦੀਆਂ ਨਾਲ ਸਬੰਧਤ ਕਿਸਾਨ ਉੱਥੇ ਪੁੱਜੇ ਅਤੇ ਪਰਾਲੀ ਦੇ ਮੁੱਦੇ ’ਤੇ ਏਡੀਸੀ ਸਾਹਮਣੇ ਸਖ਼ਤ ਸਵਾਲ ਚੁੱਕੇ ਗਏ।
ਖਰਚਾ ਵੱਧ ਤੇ ਸੁੰਡੀ ਦੀ ਬਿਮਾਰੀ ਦਾ ਖਦਸਾ
ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ, ਰਾਜਿੰਦਰ ਸਿੰਘ, ਦਰਸ਼ਨ ਸਿੰਘ ਗੀਤਕਾਰ, ਸੋਨੀ ਸਿੰਘ, ਗੋਗੀ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਉਪਰਲੀ ਲਿੱਦ(ਫੂਸਾ) ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਬੱਬ ਹੈ। ਜਿਸ ਨੂੰ ਅੱਗ ਲਾਉਣ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਜੇਕਰ ਇਸ ਤਰ੍ਹਾਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਕਣਕ ਵਿੱਚ ਸੁੰਡੀ ਦੀ ਸਮੱਸਿਆ ਆ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਖਰਚੇ ਵੀ ਵਧ ਜਾਂਦੇ ਹਨ।
ਝੋਨੇ ਦੀ ਖਰੀਦ ਤੇ ਡੀਏਪੀ ਖਾਦ ਸਮੱਸਿਆ
ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਨੂੰ ਪਰਾਲੀ ਸਾੜਨ ਦੀ ਇਜਾਜ਼ਤ ਦੇਵੇ ਜਾਂ ਨਾ, ਉਹ ਪਰਾਲੀ ਨੂੰ ਅੱਗ ਲਗਾਉਣਗੇ। ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਉਨ੍ਹਾਂ ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਨਹੀਂ ਹੋ ਰਹੀ ਹੈ। ਕਣਕ ਦੀ ਬਿਜਾਈ ਲਈ ਡੀਏਪੀ ਖਾਦ ਉਪਲਬਧ ਨਹੀਂ ਹੈ। ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ।
ਜ਼ਿਲ੍ਹੇ ਵਿੱਚ ਜਲਦ ਲੱਗੇਗਾ ਬਾਇਓ ਗੈਸ ਪਲਾਂਟ
ਇਸ ਮੌਕੇ ਏਡੀਸੀ ਲਤੀਫ਼ ਅਹਿਮਦ ਨੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅੱਗ ਲਗਾਉਣਾ ਕੋਈ ਹੱਲ ਨਹੀਂ ਹੈ। ਇਸ ਕਾਰਨ ਪ੍ਰਦੂਸ਼ਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਸਰਕਾਰ ਜਲਦੀ ਹੀ ਬਾਇਓ ਗੈਸ ਪਲਾਂਟ ਲਗਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ 20 ਹੈਪੇਸੀਟਰ ਮਸ਼ੀਨਾਂ 80 ਫੀਸਦੀ ਸਬਸਿਡੀ ’ਤੇ ਦਿੱਤੀਆਂ ਗਈਆਂ ਹਨ। ਜਿਸ ਨਾਲ ਸਾਰੇ ਕਿਸਾਨ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਸਕਦੇ ਹਨ।