ਖਨੌਰੀ ਬਾਰਡਰ (ਸੰਗਰੂਰ): ਹਰਿਆਣਾ-ਪੰਜਾਬ ਬਾਰਡਰ 'ਤੇ ਪਿਛਲੇ 10 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ 14 ਦਸੰਬਰ ਨੂੰ ਤੀਜੀ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮਹੀਨੇ ਕਿਸਾਨਾਂ ਨੇ ਦੋ ਵਾਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਹਰਿਆਣਾ ਪੁਲਿਸ ਨੇ ਉਨ੍ਹਾਂ ਦਾ ਰਾਹ ਡੱਕਿਆ ਅਤੇ ਬਾਰਡਰ ਪਾਰ ਨਹੀਂ ਕਰਨ ਦਿੱਤਾ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਖੁਦ ਦਿੱਲੀ ਮਾਰਚ ਬਾਰੇ ਜਾਣਕਾਰੀ ਦਿੱਤੀ ਹੈ।
ਕਿਸਾਨਾਂ ਨੇ ਸਮਝਾਇਆ ਪੂਰਾ ਪਲੈਨ
ਖਨੌਰੀ ਬਾਰਡਰ ਉੱਤੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਬੀਤੇ ਦਿਨ ਪੂਰੇ ਪੰਜਾਬ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਗਏ ਹਨ ਉੱਥੇ ਹੀ ਅੱਜ 14 ਦਸੰਬਰ ਨੂੰ 101 ਕਿਸਾਨਾਂ ਦਾ ਜਥਾ ਪੈਦਲ ਮਾਰਚ ਰਾਹੀਂ ਦਿੱਲੀ ਵੱਲ ਕੂਚ ਕਰੇਗਾ ਅਤੇ ਇਸੇ ਤਰ੍ਹਾਂ ਹੀ 16 ਦਸੰਬਰ ਨੂੰ ਪੰਜਾਬ ਸੂਬਾ ਛੱਡ ਕੇ ਬਾਕੀ ਪੂਰੇ ਭਾਰਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਫੋਟੋਆਂ ਲਗਾ ਕੇ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ। ਦੂਜੇ ਪਾਸੇ ਅੰਬਾਲਾ ਦੇ ਐੱਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨੂੰ ਬਿਨਾਂ ਇਜਾਜ਼ਤ ਦੇ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਆਖਿਆ ਕਿ ਡੱਲੇਵਾਲ ਦੀ ਸਿਹਤ ਬੇਹੱਦ ਗੰਭੀਰ ਹੈ ਪਰ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ।
ਰਾਕੇਸ਼ ਟਿਕੈਤ ਨੇ ਜਾਣਿਆ ਡੱਲੇਵਾਲ ਦਾ ਹਾਲ
ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜਾਣਨ ਲਈ ਉੱਘੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਖਨੌਰੀ ਬਾਰਡਰ ਉੱਤੇ ਪਹੁੰਚੇ,ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਕਦੇ ਨਹੀਂ ਡਰਦੀ, ਸਿੱਖਾਂ ਨੇ ਅਨੇਕਾਂ ਸ਼ਹਾਦਤਾਂ ਦਿੱਤੀਆਂ ਹਨ। ਟਿਕੈਟ ਨੇ ਕਿਹਾ ਕਿ ਸ਼ਹੀਦੀ ਉਹਨਾਂ ਲਈ ਮਾਇਨੇ ਨਹੀਂ ਰੱਖਦੀ ਜੋ ਸਰਕਾਰ ਘੋਟਾਲਿਆਂ ਅਤੇ ਕਤਲਾਂ 'ਤੇ ਬਣੀ ਹੋਵੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਸਥਿਤੀ ਵਿੱਚ ਡੱਲੇਵਾਲ ਚਲੇ ਗਏ ਹਨ, ਅਜਿਹਾ ਨਹੀਂ ਲੱਗਦਾ ਕਿ ਉਹ ਮਰਨ ਵਰਤ ਵਾਪਸ ਲੈਣਗੇ, ਸਰਕਾਰ ਨੂੰ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।