ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾਣਾ ਸੀ ਅਤੇ ਟੋਲ ਨੂੰ ਫਰੀ ਕੀਤਾ ਜਾਣਾ ਸੀ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਕਿਸਾਨਾਂ ਨੇ ਇਸ ਧਰਨੇ ਨੂੰ 48 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਸ਼ਾਸਨ ਤੋਂ ਮਿਲੇ ਸਹਿਯੋਗ ਦੇ ਚੱਲਦਿਆਂ ਇਸ ਧਰਨੇ ਨੂੰ ਮੁਲਤਵੀ ਕੀਤਾ ਗਿਆ ਹੈ।
ਰਵਨੀਤ ਬਿੱਟੂ ਅਤੇ ਭਾਜਪਾ ਖਿਲਾਫ ਵੀ ਜਮ ਕੇ ਬਿਆਨਬਾਜ਼ੀ ਕੀਤੀ
ਕਿਸਾਨਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉੱਤੇ ਵੀ ਵੱਡਾ ਹਮਲਾ ਕੀਤਾ ਹੈ। ਕਿਸਾਨਾਂ ਨੇ ਕਿਹਾ ਰਵਨੀਤ ਬਿੱਟੂ ਨੇ ਅਜਿਹੀ ਕਿਹੜੀ ਬੂਟੀ ਸੁੰਗੀ ਹੈ ਜਿਸ ਕਾਰਨ ਉਹ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਵਨੀਤ ਬਿੱਟੂ ਨੂੰ ਇਹ ਕਿਸਾਨ ਨਹੀਂ ਦਿਖਦੇ ਤਾਂ ਉਨ੍ਹਾਂ ਨੂੰ ਖੇਤਾਂ ਵਿੱਚ ਆ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਇੱਥੋਂ ਹੀ ਆਪਣੇ ਪਰਿਵਾਰ ਨੂੰ ਰੋਟੀ ਖਵਾਉਣੀ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਨਾਲ ਹੀ ਉਹ ਧਰਨਿਆਂ ਵਿੱਚ ਸ਼ਾਮਿਲ ਹੁੰਦੇ ਨੇ ਇਹੀ ਨਹੀਂ ਉਨ੍ਹਾਂ ਰਵਨੀਤ ਬਿੱਟੂ ਅਤੇ ਭਾਜਪਾ ਖਿਲਾਫ ਵੀ ਬਿਆਨਬਾਜ਼ੀ ਕੀਤੀ।
ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਭਾਜਪਾ ਦੇ ਆਗੂਆਂ ਦੇ ਖਿਲਾਫ ਪ੍ਰਦਰਸ਼ਨ
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਅਸੀਂ ਉੱਪਰ ਤੱਕ ਪਹੁੰਚਾ ਰਹੇ ਹਾਂ। ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਫਿਲਹਾਲ ਇਹ ਧਰਨਾ ਮੁੱਲਤਵੀ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਸਰਕਾਰ ਤੱਕ ਗੱਲਾਂ ਨਾ ਪਹੁੰਚੀਆਂ ਤਾਂ ਅਸੀਂ 48 ਘੰਟੇ ਬਾਅਦ ਮੁੜ ਤੋਂ ਇੱਥੇ ਪਹੁੰਚਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੀ ਹਨ। ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅੱਜ ਟੋਲ ਪਲਾਜ਼ਾ ਮੁਫਤ ਕੀਤੇ ਜਾਣੇ ਹਨ ਅਤੇ ਨਾਲ ਹੀ ਕੱਲ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਭਾਜਪਾ ਦੇ ਆਗੂਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਹੈ।