ਚੰਡੀਗੜ੍ਹ: ਅੱਜ ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ-ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨ ਲਗਾਤਾਰ ਡਟੇ ਹੋਏ ਹਨ, ਜਿਹਨਾਂ ਨੂੰ ਹਰਿਆਣਾ ਸਰਕਾਰ ਨੇ ਬੈਰੀਕੇਡ ਲਗਾਕੇ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਦੇਰ ਰਾਤ ਤਕ ਹੋਈ ਬੈਠਕ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਹੈ, ਜਿਸ ਉੱਤੇ ਕਿਸਾਨ ਅੱਜ ਵਿਚਾਰ ਕਰਨਗੇ ਅਜੇ ਇਸ ਸਬੰਧੀ ਭਲਕੇ ਫੈਸਲਾ ਲੈਣਗੇ ਕਿ ਉਹਨਾਂ ਨੇ ਦਿੱਲੀ ਵੱਲ ਵਧਣਾ ਹੈ ਜਾਂ ਫਿਰ ਕੇਂਦਰ ਦਾ ਪ੍ਰਸਤਾਵ ਮਨਜ਼ੂਰ ਹੈ।
ਦੇਰ ਰਾਤ ਤਕ ਚੱਲੀ ਬੈਠਕ: ਚੰਡੀਗੜ੍ਹ ਵਿੱਚ ਕੇਂਦਰ-ਕਿਸਾਨਾਂ ਦੀ ਮੀਟਿੰਗ ਦਾ ਚੌਥਾ ਦੌਰ ਐਤਵਾਰ ਦੇਰ ਰਾਤ ਸਮਾਪਤ ਹੋ ਗਿਆ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੀ ਗੱਲਬਾਤ ਸਕਾਰਾਤਮਕ ਰਹੀ। ਅਸੀਂ ਕਿਸਾਨਾਂ ਨੂੰ ਦਾਲਾਂ, ਕਪਾਹ ਅਤੇ ਮੱਕੀ ਦੀ ਫਸਲ ਉੱਤੇ 5 ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ। ਇਸ 'ਤੇ ਕਿਸਾਨਾਂ ਨੇ ਕਿਹਾ ਕਿ ਉਹ ਵਿਚਾਰ ਕਰਨਗੇ ਤੇ 21 ਫਰਵਰੀ ਨੂੰ ਆਪਣਾ ਫੈਸਲਾ ਸੁਣਾਉਣਗੇ।
ਕਿਸਾਨ ਕੱਲ੍ਹ ਲੈਣਗੇ ਫੈਸਲਾ: ਦੂਜੇ ਪਾਸੇ ਮੀਟਿੰਗ ਤੋਂ ਬਾਅਦ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਪ੍ਰਸਤਾਵ 'ਤੇ ਚਰਚਾ ਕਰਾਂਗੇ। ਅਸੀਂ ਅੱਜ ਸਵੇਰੇ ਜਾਂ ਸ਼ਾਮ ਜਾਂ ਕੱਲ੍ਹ ਤੱਕ ਇਸ ਬਾਰੇ ਫੈਸਲਾ ਲਵਾਂਗੇ। ਮੰਤਰੀ ਨੇ ਕਿਹਾ ਕਿ ਉਹ ਦਿੱਲੀ ਵਿੱਚ ਗੱਲਬਾਤ ਕਰਕੇ ਸਾਡੀਆਂ ਹੋਰ ਮੰਗਾਂ ਬਾਰੇ ਵੀ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਮੰਗਾਂ 'ਤੇ ਅਜੇ ਤੱਕ ਸਰਕਾਰ ਨਾਲ ਗੱਲਬਾਤ ਨਹੀਂ ਹੋਈ ਹੈ। ਅਸੀਂ ਅਗਲੇ ਦੋ ਦਿਨਾਂ (19-20 ਫਰਵਰੀ) ਵਿੱਚ ਸਰਕਾਰ ਦੇ ਪ੍ਰਸਤਾਵ 'ਤੇ ਵਿਚਾਰ ਕਰਾਂਗੇ। ਇਸ ਤੋਂ ਬਾਅਦ ਅਸੀਂ 21 ਫਰਵਰੀ ਨੂੰ ਹੋਣ ਵਾਲੇ ਦਿੱਲੀ ਚਲੋ ਮਾਰਚ ਬਾਰੇ ਫੈਸਲਾ ਲਵਾਂਗੇ। ਅਸੀਂ ਵੀ ਚਾਹੁੰਦੇ ਹਾਂ ਕਿ ਸਰਕਾਰ ਨਾਲ ਬੈਠ ਕੇ ਕੋਈ ਹੱਲ ਕੱਢਿਆ ਜਾਵੇ।
ਸੰਯੁਕਤ ਕਿਸਾਨ ਮੋਰਚੇ ਨੇ ਲਿਆ ਇਹ ਫੈਸਲਾ: ਸੰਯੁਕਤ ਕਿਸਾਨ ਮੋਰਚਾ (SKM) ਦੀ ਪੰਜਾਬ ਇਕਾਈ ਦੀ ਲੁਧਿਆਣਾ ਵਿਖੇ ਮੀਟਿੰਗ ਹੋਈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਟੋਲ 22 ਫਰਵਰੀ ਤੱਕ ਮੁਕਤ ਕਰ ਦਿੱਤੇ ਜਾਣਗੇ। ਭਾਜਪਾ ਦੇ ਵੱਡੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਹਰਿਆਣਾ ਵਿੱਚ ਵੀ ਕਿਸਾਨਾਂ ਦਾ ਪੱਕਾ ਮੋਰਚਾ: ਹਿਸਾਰ ਦੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਦਦ ਲਈ ਜਾ ਰਹੇ ਕਿਸਾਨ ਆਗੂ ਸੁਰੇਸ਼ ਕੋਠ ਅਤੇ ਰਵੀ ਆਜ਼ਾਦ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਉਸ ਦੀ ਰਿਹਾਈ ਲਈ ਕਿਸਾਨਾਂ ਨੇ ਹਿਸਾਰ ਵਿੱਚ ਪੱਕਾ ਮੋਰਚਾ ਲਾਇਆ ਹੈ। ਹਰਿਆਣਾ 'ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਦੀ ਕੁਰੂਕਸ਼ੇਤਰ 'ਚ ਐਤਵਾਰ ਦੁਪਹਿਰ ਨੂੰ ਕਿਸਾਨ-ਖਾਪ ਪੰਚਾਇਤ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੀਆਂ।
ਪੰਜਾਬ-ਹਰਿਆਣਾ ਦੇ 14 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੰਜਾਬ ਦੇ 7 ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ, ਮੋਹਾਲੀ ਅਤੇ ਮੁਕਤਸਰ ਦੇ ਕੁਝ ਹਿੱਸਿਆਂ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ 19 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।