ਹਰਿਆਣਾ/ਪੰਜਾਬ: ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ, ਜੋ ਫਿਲਹਾਲ ਦੋ ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਵਿੱਚ 7 ਜ਼ਿਲ੍ਹਿਆਂ 'ਚ ਮੋਬਾਈਲ ਇੰਟਰਨੈਟ ਪਾਬੰਦੀ ਵਧਾ ਦਿੱਤੀ ਗਈ ਹੈ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 7 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ 'ਤੇ ਪਹਿਲਾਂ ਤੋਂ ਲੱਗੀ ਪਾਬੰਦੀ ਨੂੰ ਵਧਾ ਦਿੱਤਾ ਹੈ। ਹੁਣ ਅੰਬਾਲਾ, ਕੁਰੂਕਸ਼ੇਤਰ, ਹਿਸਾਰ, ਫਤਿਹਾਬਾਦ, ਸਿਰਸਾ, ਕੈਥਲ, ਜੀਂਦ 'ਚ 23 ਫਰਵਰੀ ਦੀ ਅੱਧੀ ਰਾਤ 12 ਵਜੇ ਤੱਕ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ ਰਹੇਗੀ।
Update 12:25 PM, 22 Feb, 2024
*ਕਿਸਾਨ ਅੰਦੋਲਨ ਸਬੰਧੀ SKM ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਮੀਟਿੰਗ ਜਾਰੀ
SKM ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਣ ਜਾਰੀ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਫੈਸਲਾਕੁੰਨ ਐਕਸ਼ਨ ਲਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਚੰਡੀਗੜ੍ਹ ਕਿਸਾਨ ਭਵਨ ਵਿਖੇ ਹੋਈ। ਡਾ. ਦਰਸ਼ਨ ਪਾਲ, ਸੁਰੇਸ਼ ਕੁਮਾਰ ਛਿੱਲਰ, ਗੁਰਮੁੱਖ ਸਿੰਘ, ਸੁੱਖਾ ਸਿੰਘ ਗਿੱਲ, ਬਿੰਦਰ ਸਿੰਘ ਗੋਲੇਵਾਲ, ਨਵਦੀਪ ਸਿੰਘ ਕਿਸਾਨ ਆਗੂ ਪਹੁੰਚੇ। ਰਾਕੇਸ਼ ਟਿਕੈਤ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ ਹਨ।
Update 08:00 AM, 22 Feb, 2024
- ਅੱਜ ਹਰਿਆਣਾ ਵਿੱਚ ਕਿਸਾਨ ਰੋਡ ਜਾਮ ਕਰਨਗੇ ਕਿਸਾਨ
ਤੇ ਦਿਨ ਕਿਸਾਨ ਜਥੇਬੰਦੀਆਂ ਵਲੋਂ ਦੋ ਦਿਨਾਂ ਲਈ ਦਿੱਲੀ ਕੂਚ ਨੂੰ ਟਾਲਿਆ ਗਿਆ ਹੈ। ਖਨੌਰੀ ਬਾਰਡਰ ਉੱਤੇ 21 ਸਾਲ ਦੇ ਨੌਜਵਾਨ ਸ਼ੁੱਭ ਕਰਨ ਸਿੰਘ ਦੀ ਹਰਿਆਣਾ ਪੁਲਿਸ ਵਲੋਂ ਫਾਇਰਿੰਗ ਦੌਰਾਨ ਗੋਲੀ ਲੱਗਣ ਨਾਲ ਮੌਤ ਹੋਈ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ।
Update 07:04 AM, 22 Feb, 2024
- ਬਾਰਡਰ ਉੱਤੇ ਪੰਜਾਬ ਸਰਕਾਰ ਵਲੋਂ ਅੱਖਾਂ ਦਾ ਡਾਕਟਰ ਤੇ SSF ਟੀਮ ਤੈਨਾਤ
ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ। ਮੰਗਾਂ ਮੰਨਣਾ ਕੇਂਦਰ ਦਾ ਕੰਮ ਹੈ ਤੇ ਪ੍ਰਸਤਾਵ ਮੰਨਣਾ ਜਥੇਬੰਦੀਆਂ ਦਾ ਕੰਮ ਹੈ। ਮੈਂ 21 ਸਾਲਾ ਸ਼ੁਭਕਰਨ ਦੀ ਮੌਤ ਤੋਂ ਬਹੁਤ ਦੁਖੀ ਹਾਂ। ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਨਾ ਰੋਕਿਆ ਹੁੰਦਾ ਤਾਂ ਕਿਸਾਨ ਅੱਗੇ ਵਧ ਜਾਂਦੇ। 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ। ਅੱਜ ਅਸੀਂ ਕਿਸਾਨਾਂ ਲਈ ਸਰਹੱਦ 'ਤੇ SSF ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ। ਮੈਂ ਅੱਜ ਦੋ ਮੰਤਰੀਆਂ ਅਤੇ ਇੱਕ ਵਿਧਾਇਕ ਨੂੰ ਡਿਊਟੀ 'ਤੇ ਲਾਇਆ ਹੈ, ਜੋ ਅੱਖਾਂ ਦਾ ਡਾਕਟਰ ਹੈ। ਉਨ੍ਹਾਂ ਨੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ।
Update 06:59 AM, 22 Feb, 2024
- ਗੰਨੇ ਦੀ ਖਰੀਦ ਕੀਮਤ ਵਿੱਚ 8 ਫੀਸਦੀ ਦਾ ਵਾਧਾ: ਅਨੁਰਾਗ ਠਾਕੁਰ
ਕਿਸਾਨ ਅੰਦੋਲਨ ਵਿਚਾਲੇ ਇੱਕ ਚੰਗੀ ਖਬਰ ਵੀ ਸਾਹਮਣੇ ਆਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ, ''ਭਾਰਤ ਦੁਨੀਆ 'ਚ ਗੰਨੇ ਦੀ ਸਭ ਤੋਂ ਜ਼ਿਆਦਾ ਕੀਮਤ ਅਦਾ ਕਰ ਰਿਹਾ ਹੈ ਅਤੇ ਇਸ ਸਾਲ ਵੀ ਮੋਦੀ ਸਰਕਾਰ ਨੇ 8 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ, ਮਤਲਬ ਕਿ 315 ਰੁਪਏ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਕਿਸਾਨਾਂ ਦੇ ਹਿੱਤ ਵਿੱਚ, ਇਹ ਕਿਸਾਨਾਂ ਦੀ ਆਮਦਨ ਪ੍ਰਤੀ ਸਾਡੀ ਵਚਨਬੱਧਤਾ ਹੈ, ਘੱਟੋ-ਘੱਟ ਲਾਗਤ + 50% ਮੁਨਾਫਾ, ਪਰ ਇੱਥੇ ਜੇ ਤੁਸੀਂ ਵੇਖਦੇ ਹੋ, ਤਾਂ ਇਹ 107% ਦੇ ਨੇੜੇ ਹੈ। ਭਾਵੇਂ ਦੁਨੀਆ ਭਰ ਵਿੱਚ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਸੀਂ ਆਪਣੇ ਕਿਸਾਨਾਂ 'ਤੇ ਇਸ ਦਾ ਅਸਰ ਨਹੀਂ ਪੈਣ ਦਿੱਤਾ, ਅਸੀਂ 3 ਲੱਖ ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ, ਅਸੀਂ ਨੈਨੋ ਯੂਰੀਆ ਲਿਆਏ ਯੂ.ਪੀ.ਏ. ਦੇ 10 ਸਾਲਾਂ ਦੌਰਾਨ, ਕਣਕ, ਝੋਨਾ ਦਾਲਾਂ, ਤੇਲ ਬੀਜਾਂ 'ਤੇ, ਖਰੀਦ ਦੌਰਾਨ 5.5 ਲੱਖ ਕਰੋੜ ਰੁਪਏ ਖਰਚੇ ਗਏ। MSP ਦੇ, ਮੋਦੀ ਸਰਕਾਰ ਨੇ 18 ਲੱਖ 39 ਕਰੋੜ ਰੁਪਏ ਖਰਚੇ।"
Update 06:59 AM, 22 Feb, 2024
- "ਉਹ ਸਾਡੇ ਅੰਨਦਾਤਾ ਹਨ"
ਕਿਸਾਨਾਂ ਦੀਆਂ ਮੰਗਾਂ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ, ''ਪਹਿਲਾਂ ਵੀ ਅਸੀਂ ਗੱਲਬਾਤ ਲਈ ਤਿਆਰ ਸੀ, ਹੁਣ ਵੀ ਤਿਆਰ ਹਾਂ ਅਤੇ ਭਵਿੱਖ 'ਚ ਵੀ ਤਿਆਰ ਰਹਾਂਗੇ। ਸਾਨੂੰ ਕੋਈ ਸਮੱਸਿਆ ਨਹੀਂ ਹੈ, ਉਹ ਸਾਡੇ ਅੰਨਦਾਤਾ ਹਨ।"
2 ਦਿਨ ਲਈ ਟਲਿਆ ਦਿੱਲੀ ਕੂਚ: ਕਿਸਾਨ ਲੀਡਰ ਅੱਗੇ ਵਧੇ ਤਾਂ ਖਨੌਰੀ ਪੁਲਿਸ ਦੀ ਗੋਲੀ ਲੱਗਣ ਕਾਰਨ ਇੱਕ 21 ਸਾਲ ਦੇ ਨੌਜਵਾਨ ਸ਼ੁੱਭ ਕਰਨ ਸਿੰਘ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਦਿੱਲੀ ਕੂਚ ਨੂੰ 2 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਗਲੇ 2 ਦਿਨ ਸ਼ਾਂਤੀ ਰਹੇਗੀ। ਦਿੱਲੀ ਕੂਚ ਨੂੰ ਦੋ ਦਿਨਾਂ ਲਈ ਟਾਲ ਦਿੱਤਾ ਗਿਆ ਹੈ, ਪਰ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਦੀ ਕਿਸਾਨਾਂ ਨੂੰ ਅਪੀਲ: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨ ਅੰਦੋਲਨ 'ਤੇ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀ ਦੇ ਮਾਹੌਲ ਵਿੱਚ ਗੱਲਬਾਤ ਕਰਨ ਅਤੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਅਪੀਲ ਕੀਤੀ ਹੈ। ਅਸੀਂ ਗੁੰਝਲਦਾਰ ਸਮੱਸਿਆਵਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਹੈ ਅਤੇ ਅਸੀਂ ਇਸ ਸਮੱਸਿਆ ਨੂੰ ਵੀ ਸਕਾਰਾਤਮਕ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ। ਭਾਵੇਂ ਅਸੀਂ ਆਪਣੀਆਂ ਪਿਛਲੀਆਂ ਮੀਟਿੰਗਾਂ ਵਿਚ ਕਿਸੇ ਸਿੱਟੇ 'ਤੇ ਪਹੁੰਚਣ ਵਿਚ ਅਸਫਲ ਰਹੇ, ਪਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਜ਼ਰੂਰ ਕੱਢ ਲਵਾਂਗੇ।
ਖਨੌਰੀ ਬਾਰਡਰ 'ਤੇ 21 ਸਾਲ ਦੇ ਨੌਜਵਾਨ ਦੀ ਮੌਤ: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨੌਜਵਾਨ ਕਿਸਾਨ ਦੇ ਕਤਲ ਦੀ ਦਰਦਨਾਕ ਵੀਡੀਓ ਦੇਖੀ ਹੈ, ਜੋ ਸਿਰਫ਼ ਆਪਣੇ ਜਮਹੂਰੀ ਹੱਕ ਦਾ ਪ੍ਰਗਟਾਵਾ ਕਰਨ ਲਈ ਉਥੇ ਗਿਆ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ ਅਤੇ ਉਹ ਸਮਾਜਿਕ ਅਤੇ ਆਰਥਿਕ ਤੌਰ ਉਤੇ ਇਸ ਪਰਿਵਾਰ ਦੀ ਇਮਦਾਦ ਕਰਨਗੇ।