ਲੁਧਿਆਣਾ: ਕਿਸਾਨ ਅੰਦੋਲਨ ਦਾ ਅਸਰ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਟਰਾਂਸਪੋਰਟ ਉੱਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੇ ਸ਼ੰਭੂ ਬਾਰਡਰ ਅਤੇ ਖਨੌਰੀ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਅਤੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ। ਇਸ ਦਾ ਸਿੱਧਾ ਅਸਰ ਪੰਜਾਬ ਦੇ ਵਪਾਰ ਉੱਤੇ ਪੈ ਰਿਹਾ ਹੈ। ਨਾ ਸਿਰਫ, ਪੰਜਾਬ ਤੋਂ ਬਾਹਰ ਜਾਣ ਵਾਲਾ ਸਮਾਨ, ਸਗੋਂ ਪੰਜਾਬ ਵਿੱਚ ਆਉਣ ਵਾਲੇ ਸਮਾਨ ਉੱਤੇ ਵੀ ਬ੍ਰੇਕਾਂ ਲੱਗ ਗਈਆਂ ਹਨ ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ। ਟਰਾਂਸਪੋਰਟ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ।
![Farmer Protest Impact In Punjab](https://etvbharatimages.akamaized.net/etvbharat/prod-images/22-02-2024/20811339_taa.jpg)
ਪੰਜਾਬ ਵਿੱਚ ਅਸਰ: ਪੰਜਾਬ ਤੋਂ ਦਿੱਲੀ ਜਾਣ ਲਈ, ਜਿੱਥੇ ਪਹਿਲਾਂ 300 ਕਿਲੋਮੀਟਰ ਟਰੱਕ ਚੱਲਦਾ ਸੀ, ਉੱਥੇ ਹੁਣ 500 ਕਿਲੋਮੀਟਰ ਚਲਾਉਣਾ ਪੈ ਰਿਹਾ ਹੈ। ਟਰਾਂਸਪੋਰਟਰਾਂ ਨੂੰ ਵੱਧ ਟੋਲ ਟੈਕਸ ਅਤੇ ਵੱਧ ਡੀਜ਼ਲ ਦਾ ਖ਼ਰਚਾ ਪੈ ਰਿਹਾ ਹੈ। ਸੜਕਾਂ ਖਰਾਬ ਹੋਣ ਕਰਕੇ ਟਰੱਕਾਂ ਦੀ ਵੀ ਟੁੱਟ ਭੱਜ ਹੋ ਰਹੀ ਹੈ। ਉੱਥੇ ਹੀ, ਦੂਜੇ ਪਾਸੇ ਕਾਰੋਬਾਰ ਦੇ ਵਿੱਚ ਵੀ ਸਿੱਧਾ ਨੁਕਸਾਨ ਹੋ ਰਿਹਾ ਹੈ। ਕਾਰੋਬਾਰੀ ਨੇ ਕਿਹਾ ਹੈ ਕਿ ਕੋਈ ਵੀ ਗਾਹਕ ਪੰਜਾਬ ਨਾਲ ਵਪਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਹੈ। ਸਾਡੇ ਪਹਿਲਾਂ ਦੇ ਭੇਜੇ ਹੋਏ ਮਾਲ ਡਿਲੇ ਜਾ ਰਹੇ ਹਨ ਜਿਸ ਦਾ ਸਿੱਧਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਰੋਬਾਰੀ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਵੀ ਇਹੀ ਹਾਲ ਰਿਹਾ ਤਾਂ ਸਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਫੈਕਟਰੀਆਂ ਬੰਦ ਕਰਨੀਆਂ ਪੈਣਗੀਆਂ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।
ਟਰਾਂਸਪੋਰਟ ਦਾ ਨੁਕਸਾਨ: ਜਨਕਰਾਜ ਗੋਇਲ ਪ੍ਰਧਾਨ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਨੇ ਦੱਸਿਆ ਇਸ ਵਕਤ ਟਰਾਂਸਪੋਰਟ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਹੈ। ਕਾਰੋਬਾਰੀ ਸਾਡਾ ਨੁਕਸਾਨ ਦੇਣ ਨੂੰ ਤਿਆਰ ਨਹੀਂ ਹਨ। ਉੱਥੇ ਹੀ, ਸਾਡੇ ਟਰੱਕ ਬਾਰਡਰਾਂ ਉੱਤੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਟਰੱਕਾਂ ਦੀ ਛੋਟ ਹੋ ਗਈ ਹੈ। ਸਿਰਫ ਪੰਜਾਬ ਤੋਂ ਦਿੱਲੀ ਜਾਣ ਲਈ ਜੋ ਪਹਿਲਾਂ ਸਫਰ 300 ਕਿਲੋਮੀਟਰ ਦਾ ਤੈਅ ਕਰਨਾ ਪੈਂਦਾ ਸੀ ਹੁਣ ਉਹ 500 ਕਿਲੋਮੀਟਰ ਦਾ ਤੈਅ ਕਰਨਾ ਪੈ ਰਿਹਾ ਹੈ ਜਿਸ ਨਾਲ ਦੁੱਗਣਾ ਡੀਜ਼ਲ ਅਤੇ ਦੁਗਣਾ ਟੋਲ ਟੈਕਸ ਲੱਗ ਰਿਹਾ ਹੈ। ਇਸ ਕਰਕੇ ਸਿੱਧਾ ਨੁਕਸਾਨ ਟਰਾਂਸਪੋਰਟ ਨੂੰ ਹੋ ਰਿਹਾ ਹੈ ਅਤੇ ਇਹ ਨੁਕਸਾਨ ਦੀ ਭਰਪਾਈ ਕਰਨ ਨੂੰ ਕੋਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਟਰਾਂਸਪੋਰਟਰ ਬਾਰਡਰਾਂ ਉੱਤੇ ਫਸੇ ਹੋਏ ਹਨ। ਉਨ੍ਹਾਂ ਨੂੰ ਨਾ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਪਿੱਛੇ ਇੱਥੋਂ ਤੱਕ ਕਿ ਉਨ੍ਹਾਂ ਦੇ ਕੋਲ ਜੋ ਕੱਚਾ ਸਮਾਨ ਹੈ ਉਹ ਖ਼ਰਾਬ ਹੋਣ ਦਾ ਖਦਸ਼ਾ ਹੈ ਜਿਸ ਦਾ ਖਾਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪਵੇਗਾ।
![Farmer Protest Impact In Punjab](https://etvbharatimages.akamaized.net/etvbharat/prod-images/22-02-2024/20811339_taaaa.jpg)
ਇੰਡਸਟਰੀ ਨੂੰ ਨੁਕਸਾਨ: ਦੂਜੇ ਪਾਸੇ, ਕਾਰੋਬਾਰੀ ਨੂੰ ਵੀ ਇਸ ਦਾ ਸਿੱਧਾ ਨੁਕਸਾਨ ਹੋ ਰਿਹਾ ਹੈ। ਕਿਸਾਨ ਅੰਦੋਲਨ ਦਾ ਹੁਣ ਕਾਰੋਬਾਰ ਉੱਤੇ ਪ੍ਰਭਾਵ ਵਧਣ ਲੱਗਾ ਹੈ। ਖਾਸ ਕਰਕੇ ਬਾਰਡਰ ਸੀਲ ਹੋਣ ਕਰਕੇ ਨਾ ਤਾਂ ਬਾਹਰੋਂ ਆਰਡਰ ਆ ਰਹੇ ਹਨ ਅਤੇ ਨਾ ਹੀ ਰਾਅ ਮਟੀਰੀਅਲ ਪੰਜਾਬ ਆ ਰਿਹਾ ਹੈ। ਇਸ ਕਰਕੇ ਮਟੀਰੀਅਲ ਮਹਿੰਗੇ ਹੋਣ ਕਰਕੇ ਕਾਰੋਬਾਰੀ ਨੂੰ ਨੁਕਸਾਨ ਹੋ ਰਿਹਾ ਹੈ।
ਲੁਧਿਆਣਾ ਤੋ ਕੱਪੜਾ ਕਾਰੋਬਾਰੀ ਬਿੱਟੂ ਨਵਕਰ ਨੇ ਕਿਹਾ ਹੈ ਕਿ ਨੁਕਸਾਨ ਇਨਾ ਵੱਧ ਗਿਆ ਹੈ ਕਿ ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਬਾਰਡਰ ਸੀਲ ਕਰ ਦਿੱਤੇ ਹਨ, ਕਿਸਾਨਾਂ ਨੂੰ ਰੋਕਣ ਲਈ ਅਤੇ ਖੱਟੜ ਸਰਕਾਰ, ਜੋ ਕਰ ਰਹੀ ਹੈ ਉਸ ਦਾ ਖਾਮਿਆਜਾ ਕਾਰੋਬਾਰੀ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਪੰਜਾਬ ਦੇ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਦੇ ਕਿਸਾਨ ਆਪਣੇ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਹਨ ਅਤੇ ਉਨਾਂ ਨੂੰ ਰੋਕ ਦਿੱਤਾ ਗਿਆ ਹੈ।
![Farmer Protest Impact In Punjab](https://etvbharatimages.akamaized.net/etvbharat/prod-images/22-02-2024/20811339_tatt.jpg)
ਸਬਜ਼ੀਆਂ ਮਹਿੰਗੀਆਂ: ਟਰਾਂਸਪੋਰਟ ਬੰਦ ਹੋਣ ਕਰਕੇ ਅਤੇ ਬਾਰਡਰ ਸੀਲ ਹੋਣ ਕਰਕੇ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਨਹੀਂ ਆ ਪਾ ਰਹੀਆਂ ਹਨ। ਖਾਸ ਕਰਕੇ ਲਸਣ, ਅਦਰਕ, ਖੀਰਾ, ਟਮਾਟਰ, ਪਿਆਜ਼ ਦੇ ਨਾਲ-ਨਾਲ ਹੋਰ ਕਈ ਸਬਜ਼ੀਆਂ ਹਨ, ਜੋ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਹਨ ਅਤੇ ਉਹ ਨਾ ਆਉਣ ਕਰਕੇ ਹੁਣ ਪੰਜਾਬ ਵਿੱਚ ਜੋ ਸਬਜ਼ੀ ਬੀਜੀ ਜਾ ਰਹੀ ਹੈ, ਉਹੀ ਰਹਿ ਗਈ ਹੈ। ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਮਿਲ ਵੀ ਰਹੀਆਂ ਹਨ, ਤਾਂ ਉਹ ਦੁੱਗਣੀਆਂ ਕੀਮਤਾਂ ਉੱਤੇ ਮਿਲ ਰਹੀਆਂ ਹਨ, ਕਿਉਂਕਿ ਟਰਾਂਸਪੋਰਟ ਬੰਦ ਹੋਣ ਕਰਕੇ ਸਮਾਨ ਇਧਰ ਨਹੀਂ ਆ ਪਾ ਰਿਹਾ। ਸਬਜ਼ੀ ਵਿਕਰੇਤਾਵਾਂ ਨੇ ਕਿਹਾ ਹੈ ਕਿ ਮੰਡੀ ਵਿੱਚ ਮੰਦੀ ਦੀ ਮਾਰ ਚੱਲ ਰਹੀ ਹੈ। ਆਉਂਦੇ ਦਿਨਾਂ ਵਿੱਚ ਸਬਜ਼ੀਆਂ ਹੋਰ ਮਹਿੰਗੀਆਂ ਹੋ ਜਾਣਗੀਆਂ ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ।