ਮਾਨਸਾ : ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸ਼ੰਬੂ ਅਤੇ ਖਨੌਰੀ ਬਾਰਡਰ 'ਤੇ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਦੌਰਾਨ ਡੱਲੇਵਾਲ ਮਰਨ ਵਰਤ 'ਤੇ ਬੈਠ ਕੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਿਹਾ ਹੈ। ਪਰ ਦੂਸਰੇ ਪਾਸੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 2020 ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਲੜਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ, ਰੇਲਵੇ ਲਾਈਨਾਂ ਜਾਮ ਕੀਤੀਆਂ ਗਈਆਂ, ਮੋਟਰਸਾਈਕਲ ਮਾਰਚ ਅਤੇ ਟਰੈਕਟਰ ਮਾਰਚ ਕੀਤੇ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਹੀ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਉਸ ਅੰਦੋਲਨ ਦੇ ਨਾਲ ਜੁੜੇ ਹਨ।
ਡੱਲੇਵਾਲ ਅਤੇ ਪੰਧੇਰ ਦੀ ਆਪਸੀ ਵੀ ਕੋਈ ਸਹਿਮਤੀ ਨਹੀਂ
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੇਰੇ ਖਿਆਲ ਨਾਲ ਇਹ ਅੰਦੋਲਨ ਹੁਣ ਗਲਤ ਸ਼ੁਰੂ ਕੀਤਾ ਗਿਆ ਹੈ। ਰੁਲਦੂ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਬਲਕਿ ਰਾਜ ਸਰਕਾਰਾਂ ਦੇ ਖਿਲਾਫ ਲੜਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਮਨਵਾਉਣ ਵਾਲੀਆਂ ਰਹਿੰਦੀਆਂ ਹਨ ਪਰ ਹੁਣ ਰਾਜ ਸਰਕਾਰਾਂ ਤੋਂ ਮੰਗਾਂ ਮਨਵਾਉਣੀਆਂ ਸਨ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਅਤੇ ਪੰਧੇਰ ਦੀ ਆਪਸੀ ਵੀ ਕੋਈ ਸਹਿਮਤੀ ਨਹੀਂ। ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ ਜਦੋਂ ਕਿ ਪੰਧੇਰ ਜੱਥੇ ਰਵਾਨਾ ਕਰ ਰਿਹਾ ਹੈ।
ਸਹਿਮਤੀ ਨਾ ਹੋਣ ਕਾਰਨ ਫਸ ਗਿਆ ਅੰਦੋਲਨ
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇਕਰ ਡੱਲੇਵਾਲ ਸਾਡੀ ਕਿਸਾਨ ਜਥੇਬੰਦੀਆਂ ਦੀ ਹਮਾਇਤ ਚਾਹੁੰਦੇ ਹਨ ਤਾਂ ਆਪਣਾ ਮਰਨ ਵਰਤ ਛੱਡ ਕੇ ਸਾਡੇ ਨਾਲ ਮੀਟਿੰਗ ਕਰੇ ਅਤੇ ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਅੰਦੋਲਨ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅੰਦੋਲਨ ਫਸ ਗਿਆ ਹੈ ਅਤੇ ਡੱਲੇਵਾਲ ਵੀ ਇਸ ਤੋਂ ਪਹਿਲਾਂ ਵੀ ਕਈ ਵਾਰ ਵਰਤ ਰੱਖ ਚੁੱਕੇ ਹਨ ਅਤੇ ਇਹ ਉਨ੍ਹਾਂ ਦਾ ਛੇਵਾਂ ਵਰਤ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਮਨਵਾਉਣ ਦੇ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬਹੁਤ ਜਰੂਰੀ ਸੀ ਪਰ ਹੁਣ ਸਮਾਂ ਬੀਤ ਗਿਆ ਹੈ। ਜਿਸ ਲਈ ਡੱਲੇਵਾਲ ਵੀ ਖੁਦ ਅੰਦੋਲਨ ਵਿੱਚ ਫਸ ਗਏ ਹਨ।