ਅੰਮ੍ਰਿਤਸਰ: ਭਾਰਤੀ ਹਾਕੀ ਟੀਮ ਦੇ ਸਰਪੰਚ ਵਜੋਂ ਜਾਣੇ ਜਾਂਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਇਸ ਵਾਰ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਵੱਲੋਂ ਖੇਡ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ 'ਚ ਉਨ੍ਹਾਂ ਦੇ ਜੱਦੀ ਪਿੰਡ ਤਿੰਮੋਵਾਲ ਦੇ ਵਿੱਚ ਸਥਿਤ ਘਰ ਅੰਦਰ ਬੇਹਦ ਖੁਸ਼ੀ ਦਾ ਮਾਹੌਲ ਹੈ।
ਖੇਡ ਰਤਨ ਮਿਲਣ 'ਤੇ ਪਰਿਵਾਰ 'ਚ ਖੁਸ਼ੀ
ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਮਾਤਾ ਰਾਜਵਿੰਦਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਤੋਂ ਪਹਿਲਾਂ ਹਰਮਨਪ੍ਰੀਤ ਸਿੰਘ ਨੂੰ ਅਰਜੁਨ ਐਵਾਰਡ ਮਿਲ ਚੁੱਕਿਆ ਹੈ ਜੋ ਕਿ ਬੇਹੱਦ ਫਖ਼ਰ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਹਰਮਨਪ੍ਰੀਤ ਸਿੰਘ ਨੂੰ ਖੇਡ ਰਤਨ ਐਵਾਰਡ ਦੇ ਨਾਲ ਨਿਵਾਜਿਆ ਜਾਣਾ ਹੈ, ਜਿਸ ਦਾ ਪਤਾ ਚੱਲਣ 'ਤੇ ਉਹਨਾਂ ਦੇ ਪਰਿਵਾਰ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਹੈ।
ਹਰਮਨਪ੍ਰੀਤ ਨੂੰ ਅਰਜੁਨ ਐਵਾਰਡ ਵੀ ਮਿਲ ਚੁੱਕਿਆ
ਉਹਨਾਂ ਕਿਹਾ ਕਿ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਦੇਸ਼ ਦੁਨੀਆ ਦੇ ਵਿੱਚ ਇੰਨਾ ਵੱਡਾ ਨਾਮ ਬਣਾਉਣ ਵਾਲੇ ਹਰਮਨਪ੍ਰੀਤ ਸਿੰਘ ਦੀ ਮਾਤਾ ਹੋਣ ਦੇ ਉੱਤੇ ਉਹਨਾਂ ਨੂੰ ਬੇਹਦ ਖੁਸ਼ੀ ਹੈ ਤੇ ਮਾਣ ਵੀ ਹੈ। ਹਰਮਨਪ੍ਰੀਤ ਸਿੰਘ ਨੂੰ ਦਿੱਤੇ ਜਾਣ ਵਾਲੇ ਇਸ ਐਵਾਰਡ ਦੇ ਲਈ ਮਾਤਾ ਰਾਜਵਿੰਦਰ ਕੌਰ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮਾਣ-ਸਨਮਾਨਾਂ ਦੇ ਨਾਲ ਖਿਡਾਰੀਆਂ ਦਾ ਹੌਂਸਲਾ ਵੱਧਦਾ ਹੈ ਅਤੇ ਉਹ ਆਪਣੇ ਦੇਸ਼ ਦੇ ਲਈ ਹੋਰ ਵੀ ਸ਼ਿੱਦਤ ਅਤੇ ਮਿਹਨਤ ਦੇ ਨਾਲ ਖੇਡਦੇ ਹਨ।
ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ
ਇਸ ਦੇ ਨਾਲ ਹੀ ਮਾਤਾ ਰਾਜਵਿੰਦਰ ਕੌਰ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਖੇਡਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇਸ ਦੇ ਨਾਲ ਹੀ ਖੇਡ ਮੈਦਾਨ ਦੇ ਨਾਲ ਪਿਆਰ ਬਣਾਉਣਾ ਪਵੇਗਾ ਤਾਂ ਜੋ ਤੁਸੀਂ ਅੱਗੇ ਵੱਧ ਕੇ ਦੇਸ਼ ਦੇ ਲਈ ਖੇਡ ਸਕੋ ਅਤੇ ਦੇਸ਼ ਦੁਨੀਆ ਦੇ ਵਿੱਚ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕੋ।