ਲੁਧਿਆਣਾ : ਖੰਨਾ ਦੇ ਐਜੂਕੇਸ਼ਨ ਹੱਬ ਜੀਟੀਬੀ ਮਾਰਕੀਟ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਆਪਣਾ ਦਫ਼ਤਰ ਬੰਦ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਈ। ਹੁਣ ਇਸ ਕੰਪਨੀ ਦਾ ਸ਼ਿਕਾਰ ਹੋਏ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਰੋਜ਼ਾਨਾ ਕੰਪਨੀ ਦੇ ਦਫ਼ਤਰ ਆਉਂਦੇ-ਜਾਂਦੇ ਰਹਿੰਦੇ ਹਨ। ਪਰ, ਉੱਥੇ ਸਿਰਫ਼ ਤਾਲਾ ਲਟਕਿਆ ਹੋਇਆ ਮਿਲਦਾ ਹੈ। ਕੁਝ ਵਿਦਿਆਰਥੀਆਂ ਨੇ ਕੰਪਨੀ ਦੇ ਬੰਦ ਦਫ਼ਤਰ ਦੇ ਬਾਹਰ ਰੋਸ ਜ਼ਾਹਰ ਕੀਤਾ। ਕੰਪਨੀ ਮਾਲਕ ਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਦੂਜੇ ਪਾਸੇ ਕੰਪਨੀ ਦੀ ਇਸ ਧੋਖਾਧੜੀ ਕਾਰਨ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਪੁਲਿਸ ਨੇ ਮਾਲਕ ਸਮੇਤ ਇੱਕ ਲੜਕੀ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਕਾਸਟ ਵੇਅ ਇਮੀਗ੍ਰੇਸ਼ਨ ਸੈਂਟਰ ਜੀ.ਟੀ.ਬੀ ਮਾਰਕੀਟ ਖੰਨਾ ਲੱਖਾਂ ਰੁਪਏ ਅਡਵਾਂਸ ਵਸੂਲ ਕਰਦੇ ਸੀ।
ਕਰੋੜਾਂ ਦੀ ਠੱਗੀ ਮਾਰ ਕੇ ਫ਼ਰਾਰ: ਵਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਨੇ ਜੂਨ 2023 ਵਿੱਚ ਫਾਈਲ ਲਗਾਈ ਸੀ। ਸਾਢੇ ਤਿੰਨ ਲੱਖ ਰੁਪਏ ਐਡਵਾਂਸ ਲਏ ਗਏ। ਇਸ ਵਿੱਚ ਉਸ ਨੂੰ ਫੰਡ ਸ਼ੋਅ ਕਰਨ ਅਤੇ ਹੋਰ ਫਾਈਲ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ। ਕਈ ਮਹੀਨਿਆਂ ਬਾਅਦ ਉਸ ਨੂੰ ਇੱਕ ਰਿਫਿਊਜ ਲੈਟਰ ਸੌਂਪਿਆ ਗਿਆ, ਜੋ ਜਾਂਚ ਕਰਨ 'ਤੇ ਜਾਅਲੀ ਪਾਇਆ ਗਿਆ। ਉਸ ਦੀ ਫਾਈਲ ਵੀ ਨਹੀਂ ਲਗਾਈ ਗਈ ਸੀ।
ਇਸੇ ਤਰ੍ਹਾਂ ਕੰਪਨੀ ਵਾਲੇ ਫਰਜ਼ੀ ਆਫਰ ਲੈਟਰ ਦੇ ਕੇ ਗੁੰਮਰਾਹ ਕਰਦੇ ਰਹਿੰਦੇ ਸੀ। ਨਵਾਂਸ਼ਹਿਰ ਤੋਂ ਆਏ ਧੀਰਾ ਸਿੰਘ ਨੇ ਦੱਸਿਆ ਕਿ ਉਸ ਕੋਲੋਂ 6.5 ਲੱਖ ਰੁਪਏ ਲਏ ਗਏ ਸਨ, ਪਰ ਹਾਲੇ ਤੱਕ ਉਸ ਦਾ ਵੀਜ਼ਾ ਆਉਣ ਬਾਰੇ ਕੁੱਝ ਨਹੀਂ ਦੱਸਿਆ ਗਿਆ। ਰਿੰਕੂ ਨੇ ਦੱਸਿਆ ਕਿ ਉਸ ਤੋਂ 5 ਲੱਖ ਰੁਪਏ ਲਏ ਸਨ, ਪਰ ਬਾਅਦ ਵਿੱਚ ਕੁਝ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਕਰਕੇ ਕੰਪਨੀ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੀ ਹੈ।
ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ: ਖੰਨਾ ਸਿਟੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੰਪਨੀ ਮਾਲਕ ਤੇਜਾ ਸਿੰਘ ਵਾਸੀ ਕੂਹਲੀ ਕਲਾਂ ਅਤੇ ਸੁਖਪ੍ਰੀਤ ਕੌਰ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਥਾਣਾ ਸਿਟੀ 2 ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ। ਸ਼ੁਰੂ ਵਿੱਚ ਦਰਜਨ ਦੇ ਕਰੀਬ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਨਾਲ 18 ਲੱਖ 13 ਹਜ਼ਾਰ ਰੁਪਏ ਦੀ ਠੱਗੀ ਸਾਮਣੇ ਆਈ ਹੈ। ਜਿਵੇਂ ਜਿਵੇਂ ਹੋਰ ਵਿਦਿਆਰਥੀ ਸਾਮਣੇ ਆ ਰਹੇ ਹਨ, ਉਨ੍ਹਾਂ ਦੇ ਵੀ ਬਿਆਨ ਦਰਜ ਕੀਤੇ ਜਾ ਰਹੇ ਹਨ। ਦੂਜੇ ਪਾਸੇ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।