ਬਠਿੰਡਾ: ਪੰਜਾਬ ਵਿੱਚ ਇੰਨੀ ਦਿਨੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਆਏ ਦਿਨ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਸਰਬਸੰਮਤੀ ਨੂੰ ਲੈ ਕੇ ਲੱਖਾਂ ਤੋਂ ਸ਼ੁਰੂ ਹੋਈ ਬੋਲੀ ਕਰੋੜਾਂ ਤੱਕ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਪਿੰਡਾਂ ਵਿੱਚ ਜ਼ਮੀਨ ਪੰਚਾਇਤ ਨੂੰ ਦੇਣ ਤੱਕ ਦੇ ਫੈਸਲੇ ਕੀਤੇ ਗਏ ਹਨ, ਪਰ ਇੱਕ ਤਸਵੀਰ ਉਹ ਵੀ ਸੀ ਜਦੋਂ ਉਸ ਵਿਅਕਤੀ ਨੂੰ ਸਰਪੰਚ ਬਣਾਇਆ ਜਾਂਦਾ ਸੀ ਜਿਸਦਾ ਕਿਰਦਾਰ ਅਤੇ ਪ੍ਰਭਾਵ ਸਮਾਜ ਵਿੱਚ ਚੰਗਾ ਹੁੰਦਾ ਸੀ। ਇਹ ਗੱਲ ਹੈ ਕਰੀਬ ਅੱਜ ਤੋਂ ਚਾਰ ਦਹਾਕੇ ਪਹਿਲਾਂ ਚੁਣੇ ਜਾਂਦੇ ਪਿੰਡਾਂ ਵਿੱਚ ਸਰਪੰਚਾਂ ਦੀ, ਜਦੋਂ ਪੈਸੇ ਨਾਲੋਂ ਵੱਧ ਕਿਰਦਾਰ ਹੁੰਦੇ ਸੀ।
ਸਾਬਕਾ ਸਰਪੰਚ ਨੇ ਦੱਸੀ ਕਹਾਣੀ
ਇਸ ਸਬੰਧੀ ਬਠਿੰਡਾ ਦੇ ਪਿੰਡ ਭਾਗੂ ਦੇ ਰਹਿਣ ਵਾਲੇ ਸਾਬਕਾ ਸਰਪੰਚ ਜਗਮੀਤ ਸਿੰਘ ਨੇ ਦੱਸਿਆ ਕਿ ਉਹ 1982 ਤੋਂ ਲੈ ਕੇ 1993 ਤੱਕ ਲਗਾਤਾਰ ਸਰਪੰਚ ਰਹੇ ਹਨ ਅਤੇ 1982 ਤੋਂ ਪਹਿਲਾਂ ਉਹ ਪਿੰਡ ਦੇ ਪੰਚਾਇਤ ਮੈਂਬਰ ਹੁੰਦੇ ਸਨ। ਅੱਜ ਦੇ ਦੌਰ 'ਤੇ ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਸਰਪੰਚੀ ਲਈ ਲੱਖਾਂ ਤੋਂ ਸ਼ੁਰੂ ਹੋ ਕੇ ਕਰੋੜਾਂ ਰੁਪਏ ਖਰਚ ਰਿਹਾ ਹੈ, ਉਹ ਪਿੰਡ ਦਾ ਵਿਕਾਸ ਨਹੀਂ ਕਰਵਾ ਸਕਦਾ। ਉਨ੍ਹਾਂ ਕਿਹਾ ਕਿ ਇੰਨੇ ਪੈਸੇ ਖਰਚਣ ਤੋਂ ਬਾਅਦ ਪਹਿਲਾਂ ਉਹ ਆਪਣੇ ਪੈਸਿਆਂ ਦੀ ਪੂਰਤੀ ਲਈ ਟੇਢੇ-ਵਿੰਗੇ ਰਾਹ ਅਪਣਾਵੇਗਾ।
ਪਹਿਲਾਂ ਨਹੀਂ ਆਉਂਦਾ ਸੀ ਕੋਈ ਖਰਚਾ
ਉਹਨਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸਰਪੰਚ ਬਣੇ ਸਨ ਤਾਂ ਉਸ ਸਮੇਂ ਉਹਨਾਂ ਦੇ ਕਾਗਜ ਪੱਤਰਾਂ ਉੱਪਰ ਖਰਚਾ ਜ਼ਰੂਰ ਹੋਇਆ ਸੀ ਪਰ ਹੋਰ ਕੋਈ ਬਹੁਤਾ ਖਰਚ ਨਹੀਂ ਹੋਇਆ। ਉਹਨਾਂ ਕਿਹਾ ਕਿ ਉਸ ਸਮੇਂ ਪੰਚਾਇਤ ਦੀ ਇੰਨੀ ਇੱਜ਼ਤ ਹੁੰਦੀ ਸੀ ਕਿ ਪਿੰਡ ਵਿੱਚ ਲੜਕੀ ਦੇ ਵਿਆਹ ਕਾਰਜ ਸਮੇਂ ਬਰਾਤ ਦਾ ਸਵਾਗਤ ਪੰਚਾਇਤ ਵੱਲੋਂ ਕੀਤਾ ਜਾਂਦਾ ਸੀ ਅਤੇ ਸ਼ਗਨ ਵੀ ਸਰਪੰਚ ਵੱਲੋਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਦੁਖਦੇ-ਸੁਖਦੇ ਪੰਚਾਇਤ ਮੋਢੀ ਦੇ ਤੌਰ 'ਤੇ ਪਿੰਡ ਵਿੱਚ ਵਿਚਰਦੀ ਸੀ ਅਤੇ ਵਿਕਾਸ ਕਾਰਜਾਂ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਵਿੱਚ ਵੱਡਾ ਰੋਲ ਅਦਾ ਕਰਦੀ ਸੀ।
ਸਿਆਸੀ ਦਖ਼ਲ ਨੇ ਕੀਤੀ ਭਾਈਚਾਰਕ ਸਾਂਝ ਖ਼ਤਮ
ਸਾਬਕਾ ਸਰਪੰਚ ਜਗਮੀਤ ਸਿੰਘ ਨੇ ਕਿਹਾ ਕਿ ਮੇਰੇ ਪੰਚਾਇਤ ਮੈਂਬਰ ਤੋਂ ਸਰਪੰਚ ਦੇ 15 ਸਾਲ ਦੇ ਕਾਰਜਕਾਲ ਸਮੇਂ ਇੱਕ ਜਾਂ ਦੋ ਕੇਸ ਥਾਣੇ ਚਲੇ ਗਏ ਹੋਣ ਪਰ ਉਹਨਾਂ ਵੱਲੋਂ ਪਿੰਡ ਵਿੱਚ ਹੀ ਘਰੇਲੂ ਵਿਵਾਦਾਂ ਨੂੰ ਨਿਬੇੜਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸਰਪੰਚ ਦੇ ਬੋਲਾਂ ਦੀ ਇੰਨੀ ਕੀਮਤ ਹੁੰਦੀ ਸੀ ਕਿ ਕਈ ਲੋਕ ਘਰ ਹੀ ਫੈਸਲਾ ਕਰ ਲੈਂਦੇ ਸਨ ਤਾਂ ਜੋ ਪੰਚਾਇਤ ਵਿੱਚ ਜਾ ਕੇ ਮੁਆਫ਼ੀ ਨਾ ਮੰਗਣੀ ਪਵੇ। ਉਹਨਾਂ ਕਿਹਾ ਕਿ ਉਸ ਸਮੇਂ ਵਿਧਾਇਕ ਜਿੰਨੀ ਅਹਿਮੀਅਤ ਇੱਕ ਸਰਪੰਚ ਦੀ ਹੁੰਦੀ ਸੀ ਅਤੇ ਰਾਜਨੀਤਿਕ ਬਹੁਤਾ ਦਖਲ ਨਹੀਂ ਹੁੰਦਾ ਸੀ, ਜਿਵੇਂ ਅੱਜ ਕੱਲ ਪਿੰਡਾਂ ਵਿੱਚ ਰਾਜਨੀਤਿਕ ਤੌਰ 'ਤੇ ਆਪਸੀ ਭਾਈਚਾਰਕ ਸਾਂਝ ਵਿੱਚ ਵਿਗਾੜ ਪੈ ਚੁੱਕਿਆ ਹੈ। ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਮੇਂ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਸੀ।
ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਰਹਿੰਦੇ ਸੀ ਇਕੱਠੇ
ਉਨ੍ਹਾਂ ਕਿਹਾ ਕਿ ਸਵੇਰੇ ਵੋਟਾਂ ਪੈਣ ਤੋਂ ਬਾਅਦ ਸ਼ਾਮੀ ਨਤੀਜੇ ਆਉਣ 'ਤੇ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਸੀ ਅਤੇ ਇੱਕ ਦੂਸਰੇ ਦਾ ਸਾਥ ਦਿੱਤਾ ਜਾਂਦਾ ਸੀ, ਪਰ ਅੱਜ ਕੱਲ ਉਲਟ ਹੋਇਆ ਪਿਆ ਹੈ। ਪਿੰਡਾਂ ਵਿੱਚ ਰਾਜਨੀਤਿਕ ਦਖਲ ਵੱਧਣ ਕਾਰਨ ਲੋਕਾਂ ਦੀਆਂ ਆਪਸੀ ਖੈ-ਬਾਜ਼ੀਆਂ ਵੱਧਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਸ ਸਮੇਂ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵੱਲੋਂ ਸਰਪੰਚ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ ਅਤੇ ਸਰਪੰਚ ਵੱਲੋਂ ਵੀ ਅੜ ਕੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਂਦੇ ਸਨ।
ਨੌਜਵਾਨਾਂ ਨੂੰ ਵੀ ਕੀਤੀ ਖਾਸ ਅਪੀਲ
ਇਸ ਦੇ ਨਾਲ ਹੀ ਸਾਬਕਾ ਸਰਪੰਚ ਜਗਮੀਤ ਸਿੰਘ ਨੇ ਕਿਹਾ ਕਿ ਅੱਜ ਤੇਜ਼ੀ ਨਾਲ ਆਏ ਬਦਲਾਅ ਕਾਰਨ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਖਤਮ ਹੁੰਦੀ ਜਾ ਰਹੀ ਹੈ ਅਤੇ ਹੁਣ ਜੋ ਸਰਪੰਚੀ ਲਈ ਬੋਲੀਆਂ ਦਾ ਦੌਰ ਸ਼ੁਰੂ ਹੋਇਆ ਹੈ, ਇਹ ਬਹੁਤ ਖਤਰਨਾਕ ਹੈ। ਇਸ ਲਈ ਸਰਪੰਚੀ ਲਈ ਚੋਣ ਲੜਨ ਵਾਲੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਪੈਸਿਆਂ ਦੀ ਖੇਡ ਵਿੱਚ ਨਾ ਪੈ ਕੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਅਹਿਮ ਰੋਲ ਅਦਾ ਕਰਨ। ਜੇਕਰ ਉਹਨਾਂ ਦਾ ਕਿਰਦਾਰ ਉੱਚਾ ਹੋਵੇਗਾ ਤਾਂ ਲੋਕ ਉਹਨਾਂ ਨੂੰ ਸਰਬਸੰਮਤੀ ਨਾਲ ਵੀ ਸਰਪੰਚ ਬਣਾ ਦੇਣਗੇ।
- ਬਰਨਾਲਾ ਵਿੱਚ ਭਿੜੀਆਂ ਦੋ ਧਿਰਾਂ ਤੇ ਚੱਲੀ ਗੋਲੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ - clash between two parties
- ਪੁਲਿਸ ਮੁਲਾਜ਼ਮ ਵੀ ਨਹੀਂ ਸੁਰੱਖਿਅਤ, ਮਹਿਲਾ ਕਾਂਸਟੇਬਲ ਤੋਂ ਲੁੱਟ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ - robbed a woman constable
- CM ਦੇ ਜੱਦੀ ਪਿੰਡ 'ਚ ਨਹੀਂ ਹੋਈ ਸਰਬਸੰਮਤੀ! ਮੁੱਖ ਮੰਤਰੀ ਨੇ ਪਿੰਡ ਸਤੌਜ ਦੇ ਲੋਕਾਂ ਨੂੰ ਪੰਚਾਇਤਾਂ ਦੀ ਚੋਣ ਲਈ ਕੀਤੀ ਇਹ ਖਾਸ ਅਪੀਲ - CM Bhagwant Mann