ਅੰਮ੍ਰਿਤਸਰ: ਤਰਨਤਰਨ ਰੋਡ 'ਤੇ ਇੱਕ ਰੇਹੜੀ ਚਾਲਕ ਪਾਰਸ ਕੁਮਾਰ ਦੀ ਟਰੱਕ ਹੇਠਾਂ ਆਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰੇਹੜੀ ਚਾਲਕ ਤਰਨਤਰਨ ਰੋਡ 'ਤੇ ਰੇੜੀ ਲਗਾਉਂਦਾ ਸੀ ਅਤੇ ਰਾਤ ਨੂੰ ਇਹ ਆਪਣੇ ਘਰ ਜਾ ਰਿਹਾ ਸੀ। ਜਿਸ ਦੌਰਾਨ ਟਰੱਕ ਵਾਲੇ ਵੱਲੋਂ ਇਸ ਨੂੰ ਸਾਈਡ ਮਾਰ ਦਿੱਤੀ ਗਈ ਅਤੇ ਇਹ ਟਰੱਕ ਹੇਠਾਂ ਆ ਗਿਆ ਅਤੇ ਇਸ ਦੀ ਮੌਤ ਹੋ ਗਈ।
ਟਰੱਕ ਨੇ ਦਰੜਿਆ
ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ ਦੇ ਰਾਤ ਉਨ੍ਹਾਂ ਦੇ ਪਿਤਾ ਦੀ ਟਰੱਕ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਤਰਨ ਤਰਨ ਰੋਡ 'ਤੇ ਰੇੜੀ ਲਗਾਉਂਦੇ ਸਨ। ਦੇਰ ਰਾਤ ਆਪਣਾ ਕੰਮ ਬੰਦ ਕਰਕੇ ਜਦੋਂ ਘਰ ਨੂੰ ਵਾਪਸ ਆ ਰਹੇ ਸਨ ਤਾਂ ਇੱਕ ਟਰੱਕ ਵਾਲੇ ਵੱਲੋਂ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਗਈ ਅਤੇ ਉਹ ਟਰੱਕ ਹੇਠਾਂ ਆ ਗਏ ਅਤੇ ਉਸਦੇ ਨਾਲ ਹੀ ਪਿੱਛੋਂ ਆ ਰਹੇ ਦੂਸਰੇ ਟਰੱਕ ਵਾਲੇ ਨੇ ਇਕਦਮ ਉਨ੍ਹਾਂ ਉੱਤੇ ਫਿਰ ਟਰੱਕ ਚੜਾ ਦਿੱਤਾ, ਜਿਸ ਦੇ ਚਲਦੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੀਸੀਟੀਵੀ ਫੁਟੇਜ
ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਇਸ ਹਾਦਸੇ ਦੀ ਉਨ੍ਹਾਂ ਕੋਲ ਸਾਰੀ ਸੀਸੀਟੀਵੀ ਫੁਟੇਜ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਸਵੇਰ ਦੇ ਆ ਕੇ ਥਾਣਾ ਬੀਰ ਡਿਵੀਜ਼ਨ ਦੇ ਬਾਹਰ ਬੈਠੇ ਹਾਂ ਪਰ ਪੁਲਿਸ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਸਾਡੇ ਨਾਲ ਟਾਲ ਮਟੋਲ ਕੀਤੀ ਜਾ ਰਹੀ ਹੈ, ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ
ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਰਨ ਤਰਨ ਰੋਡ 'ਤੇ ਇੱਕ ਰੇਹੜੀ ਚਾਲਕ ਦੀ ਟਰੱਕ ਹੇਠਾਂ ਦੇ ਨਾਲ ਮੌਤ ਹੋ ਗਈ ਸੀ। ਜਦੋਂ ਸੂਚਨਾ ਮਿਲੀ ਅਸੀਂ ਮੌਕੇ 'ਤੇ ਪਹੁੰਚੇ ਅਤੇ ਟਰੱਕ ਚਾਲਕ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬੰਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ।