ਲੁਧਿਆਣਾ: ਇੱਕ ਪਾਸੇ ਜਿੱਥੇ ਤੱਪਦੀ ਗਰਮੀ ਕਰਕੇ ਆਮ ਲੋਕਾਂ ਦਾ ਜਿਉਣਾ ਮੁਹਾਲ ਹੋ ਰੱਖਿਆ ਹੈ, ਉੱਥੇ ਹੀ ਦੂਜੇ ਪਾਸੇ ਲਗਾਤਾਰ ਬਿਜਲੀ ਦੇ ਕੱਟਾਂ ਦੇ ਕਰਕੇ ਵੀ ਲੋਕ ਪਰੇਸ਼ਾਨ ਹਨ। ਬਿਜਲੀ ਦੇ ਅਣ-ਐਲਾਨੇ ਕੱਟਾਂ ਕਰਕੇ ਲੋਕਾਂ ਨੂੰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਆਉਣ ਕਰਕੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਲੋਕਾਂ ਲਈ ਵੱਡੀ ਸਮੱਸਿਆ ਖੜੀ ਹੋ ਗਈ ਹੈ।
ਨਗਰ ਨਿਗਮ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਈਸਰ ਨਗਰ ਇਲਾਕੇ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੈ, ਜਿਸ ਕਰਕੇ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਪੂਰਤੀ ਦੇ ਲਈ ਖੁਦ ਪੈਸੇ ਖਰਚ ਕੇ ਟੈਂਕਰ ਮੰਗਾਉਣੇ ਪੈ ਰਹੇ ਹਨ। ਇਲਾਕੇ ਦੇ ਵਿੱਚ ਸਰਕਾਰੀ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ ਅਤੇ ਨਗਰ ਨਿਗਮ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੂੰ ਇਸੇ ਕਰਕੇ ਵੋਟਾਂ ਪਾ ਕੇ ਵਿਧਾਇਕ ਬਣਾਇਆ ਸੀ ਤਾਂ ਜੋ ਇਲਾਕੇ ਦੇ ਮਸਲੇ ਹੱਲ ਕਰ ਸਕੇ ਤੇ ਬਦਲਾਅ ਲਿਆ ਸਕੇ ਪਰ ਉਹਨਾਂ ਵੱਲੋਂ ਵੀ ਕੋਈ ਪਾਣੀ ਦੀ ਸਮੱਸਿਆ ਨੂੰ ਲੈ ਕੇ ਹੱਲ ਨਹੀਂ ਕੀਤਾ ਗਿਆ।
ਕਈ ਵਾਰ ਵਿਧਾਇਕ ਨੂੰ ਲਾ ਚੁੱਕੇ ਗੁਹਾਰ: ਲੋਕਾਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਹੋਣ ਕਰਕੇ ਉਹਨਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਮੁਹਾਲ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਪਾਣੀ ਦੀ ਸਪਲਾਈ ਹੋਣੀ ਜ਼ਰੂਰੀ ਹੈ, ਬੀਤੇ ਲੰਬੇ ਸਮੇਂ ਤੋਂ ਪਾਣੀ ਦੀ ਸਪਲਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਮੌਹਤਵਰ ਬੰਦਿਆਂ ਨੂੰ ਅਤੇ ਨਾਲ ਹੀ ਇਲਾਕੇ ਦੀ ਵਿਧਾਇਕ ਨੂੰ ਵੀ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪਰ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਰਹੇ। ਲੋਕਾਂ ਨੇ ਕਿਹਾ ਕਿ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਉਹ ਕੰਮਾਂ ਕਾਰਾਂ 'ਤੇ ਜਾਣ ਲਈ ਵੀ ਲੇਟ ਹੋ ਜਾਂਦੇ ਹਨ। ਇਥੋਂ ਤੱਕ ਕਿ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਕੋਈ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਨਹੀਂ ਆਉਂਦੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਉਹ ਵੱਡਾ ਸੰਘਰਸ਼ ਕਰਨਗੇ।
ਪੰਜਾਬ 'ਚ ਵੱਡਾ ਬਿਜਲੀ ਸੰਕਟ: ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਨੂੰ ਲੈਕੇ ਮੁੱਖ ਮੰਤਰੀ ਮਾਨ ਭਾਵੇਂ ਕੁਝ ਵੀ ਕਹਿਣ ਪਰ ਸੂਬੇ 'ਚ ਬਿਜਲੀ ਸੰਕਟ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਰਗੇ ਮਹਾਂਨਗਰ 'ਚ ਲੋਕਾਂ ਨੂੰ 48-48 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ ਹੈ ਤੇ ਜੋ ਹਾਲਾਤ ਬਿਜਲੀ ਬੋਰਡ ਦੇ ਹੋ ਚੁੱਕੇ ਹਨ ਤਾਂ ਇੰਝ ਲੱਗ ਰਿਹਾ ਕਿ ਬਿਜਲੀ ਬੋਰਡ ਨੂੰ ਹੀ ਤਾਲਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਲਟਾ ਬਿਜਲੀ ਦੇ ਰੇਟ ਵਧਾ ਕੇ ਲੋਕਾਂ ਦੀ ਜੇਬ੍ਹ 'ਤੇ ਬੋਝ ਪਾਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਹਾਲ ਇਹ ਹੋ ਗਿਆ ਕਿ ਲੋਕ ਪੀਣ ਵਾਲੇ ਪਾਣੀ ਤੋਂ ਵੀ ਤੰਗ ਹੋ ਗਏ, ਕਿਉਂਕਿ ਬਿਜਲੀ ਨਾ ਆਉਣ ਕਾਰਨ ਮੋਟਰ ਨਹੀਂ ਚੱਲਦੀ ਤੇ ਇਸ ਨਾਲ ਪਾਣੀ ਦੀ ਸਪਲਾਈ ਨਹੀਂ ਹੋ ਰਹੀ।
- ਸੇਵਾ ਮੁਕਤ DSP ਨੇ ਚੁੱਕਿਆ ਖੌਫ਼ਨਾਕ ਕਦਮ: ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਪਤਨੀ ਤੇ ਬੱਚੇ ਰਹਿੰਦੇ ਨੇ ਵਿਦੇਸ਼ - Retired DSP committed suicide
- ਸ਼ਰਮਨਾਕ...ਦਾਦੀ ਨੇ 15 ਸਾਲ ਦੀ ਪੋਤੀ ਦਾ ਕੀਤਾ 30 ਸਾਲ ਦੇ ਆਦਮੀ ਨਾਲ ਵਿਆਹ, ਗਰਭਵਤੀ ਹੋਣ ਤੋਂ ਬਾਅਦ ਹੋਇਆ ਖੁਲਾਸਾ - Punjab child marriage
- ਬਠਿੰਡਾ ਦੀ ਡਾਇਮੰਡ ਵੈਲਫੇਅਰ ਸੁਸਾਇਟੀ ਨੇ ਲਗਾਇਆ ਕਲਾ ਦਾ ਮੁਫ਼ਤ ਲੰਗਰ - The Diamond Welfare Society