ਲੁਧਿਆਣਾ: ਦਿਵਾਲੀ ਦੇ ਤਿਉਹਾਰ ਤੋਂ ਦੌਰਾਨ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ਅਤੇ ਫਿਰ ਕਿਸਾਨਾਂ ਵੱਲੋਂ ਝੋਨੇ ਦੇ ਸੀਜ਼ਨ ਦੇ ਦੌਰਾਨ ਪਰਾਲੀ ਨੂੰ ਲਾਈ ਗਈ ਅੱਗ ਦੇ ਮਾਮਲਿਆਂ ਦੇ ਕਰਕੇ ਵਾਤਾਵਰਨ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ ਕਾਫੀ ਵੱਧ ਗਿਆ ਹੈ। ਜਿਸ ਦਾ ਅਸਰ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਜ਼ਿਆਦਾਤਰ ਮਾਮਲੇ ਬੱਚਿਆਂ ਅਤੇ ਬਜ਼ੁਰਗਾਂ ਦੇ ਵਿੱਚ ਦਮੇ ਅਤੇ ਸਾਂਹ ਆ ਰਹੇ ਹਨ, ਜਿਸ ਨੂੰ ਲੈ ਕੇ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦਿਨਾਂ ਦੇ ਵਿਚਕਾਰ ਕੋਸ਼ਿਸ਼ ਕੀਤੀ ਜਾਵੇ ਕਿ ਉਹ ਇੰਡੋਰ ਰਹਿਣ, ਜੇਕਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਣ ਕਿਉਂਕਿ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦੇ ਵਿੱਚ ਇਸ ਦਾ ਅਸਰ ਜਿਆਦਾ ਵੇਖਣ ਨੂੰ ਮਿਲਦਾ ਹੈ।
ਮਾਸਕ ਲਗਾ ਕੇ ਰੱਖਣ ਦੀ ਸਲਾਹ
ਸਿਵਲ ਸਰਜਨ ਨੇ ਕਿਹਾ ਕਿ ਲੋਕ ਮਾਸਕ ਲਗਾ ਕੇ ਰੱਖਣ ਅਤੇ ਕੋਸ਼ਿਸ਼ ਕਰਨ ਕਿ ਆਪਣੀ ਸਿਹਤ ਦਾ ਖਿਆਲ ਰੱਖਣ। ਜਿਆਦਾ ਟ੍ਰੈਫਿਕ ਵਿੱਚ ਨਾ ਜਾਣ ਖਾਸ ਕਰਕੇ ਸ਼ਾਮ ਵੇਲੇ ਜਿਆਦਾ ਹਾਲਾਤ ਖਰਾਬ ਹੋ ਜਾਂਦੇ ਹਨ। ਸਿਵਲ ਸਰਜਨ ਨੇ ਕਿਹਾ ਕਿ ਇਹਨਾਂ ਦਿਨਾਂ ਦੇ ਦੌਰਾਨ ਇਹ ਦਿੱਕਤਾਂ ਜ਼ਿਆਦਾ ਆਉਂਦੀਆਂ ਹਨ। ਇਸ ਕਰਕੇ ਜੇਕਰ ਕਿਸੇ ਨੂੰ ਸਾਹ ਆਦਿ ਦੀ ਦਿੱਕਤ ਆ ਰਹੀ ਹੈ ਤਾਂ ਉਹ ਜਰੂਰ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਇਲਾਜ ਮੁਫਤ ਕਰਵਾ ਸਕਦਾ ਹੈ।
ਮੀਂਹ ਤੋਂ ਬਾਅਦ ਹੋਵੇਗਾ ਮੌਸਮ ਸਾਫ਼
ਉਹਨਾਂ ਕਿਹਾ ਕਿ ਜਿਆਦਾ ਲੋਕ ਜਿਹੜੇ ਸਵੇਰੇ-ਸ਼ਾਮ ਸੈਰ ਦੇ ਲਈ ਜਾਂਦੇ ਹਨ, ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿਉਂਕਿ ਫਿਲਹਾਲ ਜੋ ਮੌਸਮ ਬਾਹਰ ਬਣਿਆ ਹੋਇਆ ਹੈ ਉਸ ਵਿੱਚ ਪ੍ਰਦੂਸ਼ਣ ਦੀ ਮਾਤਰਾ ਜਿਆਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਹੀ ਹੁਣ ਮੌਸਮ ਸਾਫ ਹੋਵੇਗਾ, ਜਦੋਂ ਤੱਕ ਬਾਰਿਸ਼ ਨਹੀਂ ਪੈਂਦੀ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਇਸ ਕਰਕੇ ਲੋਕ ਜ਼ਰੂਰ ਆਪਣੀ ਸਿਹਤ ਦਾ ਖਿਆਲ ਰੱਖਣ।
ਪੰਜਾਬ ਤੇ ਹਰਿਆਣਾ 'ਚ ਪਰਾਲੀ ਨੂੰ ਅੱਗ
ਕਾਬਿਲੇਗੌਰ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦਾ ਅਸਰ ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਹੁਣ ਤੱਕ 5299 ਕੇਸ ਦਰਜ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪਿਛਲੇ 10 ਦਿਨਾਂ ਵਿੱਚ ਹੀ 3162 ਕੇਸ ਦਰਜ ਕੀਤੇ ਗਏ ਹਨ। ਪੰਜਾਬ ਵਿੱਚ ਸਖ਼ਤੀ ਦੇ ਬਾਵਜੂਦ ਇਸ ਨੂੰ ਰੋਕਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਨ੍ਹਾਂ ਪ੍ਰਬੰਧਾਂ ਨੂੰ ਦੇਖਣ ਲਈ ਇੱਕ ਟੀਮ 13 ਨਵੰਬਰ ਨੂੰ ਪੰਜਾਬ ਪਹੁੰਚ ਰਹੀ ਹੈ। ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਕਾਰਨ ਚੰਡੀਗੜ੍ਹ ਰੈੱਡ ਜ਼ੋਨ ਵਿੱਚ ਪਹੁੰਚ ਗਿਆ ਹੈ। ਜਦਕਿ ਪੰਜਾਬ ਦੇ 5 ਜ਼ਿਲ੍ਹੇ ਓਰੇਂਜ ਅਲਰਟ 'ਤੇ ਹਨ।
ਸਿਖਰਾਂ 'ਤੇ ਪਹੁੰਚਿਆ ਪੰਜਾਬ 'ਚ AQI
ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਨੀਵਾਰ ਅੱਧੀ ਰਾਤ ਨੂੰ 325 ਅਤੇ ਵੱਧ ਤੋਂ ਵੱਧ 408 ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਘੱਟ AQI 280 ਦਰਜ ਕੀਤਾ ਗਿਆ, ਜਦੋਂ ਕਿ ਸਭ ਤੋਂ ਵੱਧ 360 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ AQI 240 ਸੀ, ਜਦੋਂ ਕਿ ਸਭ ਤੋਂ ਵੱਧ 312 ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਬਠਿੰਡਾ ਦਾ ਔਸਤ AQI 170, ਜਲੰਧਰ 173, ਖੰਨਾ 202, ਲੁਧਿਆਣਾ 216, ਪਟਿਆਲਾ 148 ਅਤੇ ਰੂਪਨਗਰ 225 ਦਰਜ ਕੀਤਾ ਗਿਆ ਹੈ।