ਅੰਮ੍ਰਿਤਸਰ: ਕਿਸਾਨ ਮੋਰਚਾ 2.0 ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਮੇਤ ਹੋਰਨਾਂ (ਗੈਰ ਰਾਜਨੀਤਿਕ) ਜਥੇਬੰਦੀਆਂ ਵਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕੀਤੀ ਗਈ ਸੀ। ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਬਾਰਡਰਾਂ ਦੇ ਉੱਤੇ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਲਗਾਈਆਂ ਗਈਆਂ ਰੋਕਾਂ ਨੂੰ ਲੰਘਣ ਦੇ ਲਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜੱਦੋ ਜਹਿਦ ਦੌਰਾਨ ਹਿੰਸਾ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਦੇ ਵਿੱਚ ਕੇਂਦਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇਆਂ ਉੱਤੇ ਬਣੇ ਟੋਲ ਪਲਾਜ਼ਿਆਂ ਨੂੰ ਟੈਕਸ ਮੁਕਤ ਕੀਤਾ ਗਿਆ ਹੈ।
ਇਸ ਦੌਰਾਨ 17 ਫਰਵਰੀ ਨੂੰ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਉੱਤੇ ਸਥਿਤ ਮਾਨਾਵਾਲਾ (ਨਿੱਜਰਪੁਰਾ) ਟੋਲ ਪਲਾਜ਼ਾ ਟੈਕਸ ਮੁਕਤ ਹੋਇਆ ਸੀ ਜੋ ਕਿ ਬੀਤੇ ਦਿਨ ਰਾਤ 12 ਵਜੇ ਤੋਂ ਹੁਣ ਮੁੜ ਸ਼ੁਰੂ ਹੋ ਚੁੱਕਾ ਹੈ ਅਤੇ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਕੋਲੋਂ ਹੁਣ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ।
ਦੂਜੇ ਪਾਸੇ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਅਤੇ ਬਿਆਸ ਦਰਿਆ ਨੇੜੇ ਬਣੇ ਢਿਲਵਾਂ ਟੋਲ ਪਲਾਜ਼ਾ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 20 ਫਰਵਰੀ ਤੋਂ ਟੈਕਸ ਮੁਕਤ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਟੈਕਸ ਮੁਕਤ ਹੀ ਚੱਲ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਢਿਲਵਾਂ ਟੋਲ ਪਲਾਜ਼ਾ ਦੇ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ 20 ਫਰਵਰੀ ਤੋਂ ਉਹਨਾਂ ਦਾ ਟੋਲ ਪਲਾਜ਼ਾ ਟੈਕਸ ਮੁਫਤ ਚੱਲ ਰਿਹਾ ਹੈ ਜੋ ਕਿ ਹੁਣ ਤੱਕ ਟੈਕਸ ਮੁਕਤ ਹੀ ਨਿਰੰਤਰ ਜਾਰੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਢਿਲਵਾਂ ਟੋਲ ਪਲਾਜ਼ਾ ਉੱਤੇ ਰੋਜ਼ਾਨਾ 13 ਤੋਂ 15 ਲੱਖ ਰੁਪਏ ਦੀ ਕਲੈਕਸ਼ਨ ਹੈ ਅਤੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਇਸ ਟੋਲ ਪਲਾਜ਼ਾ ਨੂੰ ਟੈਕਸ ਮੁਕਤ ਰੱਖਣ ਦੇ ਨਾਲ ਕੰਪਨੀ ਨੂੰ ਲੱਖਾਂ ਦਾ ਘਾਟਾ ਪੈ ਚੁੱਕਾ ਹੈ। ਉਹਨਾਂ ਕਿਹਾ ਕਿ ਫਿਲਹਾਲ ਕਿਸਾਨ ਜਥੇਬੰਦੀਆਂ ਵੱਲੋਂ ਟੂਲ ਪਲਾਜ਼ਾ ਨੂੰ ਟੈਕਸ ਮੁਕਤ ਰੱਖਣ ਲਈ ਕਿਹਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਉਹਨਾਂ ਵੱਲੋਂ ਟੋਲ ਨੂੰ ਮੁੜ ਚਾਲੂ ਕਰਨ ਦੀ ਗੱਲ ਕਹੀ ਜਾਏਗੀ ਤਾਂ ਦੁਬਾਰਾ ਤੋਂ ਇਸ ਟੋਲ ਪਲਾਜ਼ਾ ਨੂੰ ਸ਼ੁਰੂ ਕੀਤਾ ਜਾਵੇਗਾ।