ਲੁਧਿਆਣਾ: ਆਉਣ ਵਾਲਾ ਭਵਿੱਖ ਖੇਤੀ ਤਕਨੀਕ ਦਾ ਹੈ ਅਤੇ ਆਧੁਨਿਕ ਤਕਨੀਕ ਦੇ ਨਾਲ ਖੇਤੀ ਨੂੰ ਕਿਸ ਤਰ੍ਹਾਂ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ। ਕਿਸਾਨ ਲਈ ਖੇਤੀ ਮਸ਼ੀਨਰੀ ਉਸ ਦਾ ਕੰਮ ਕਿਸ ਤਰ੍ਹਾਂ ਸੁਖਾਲਾ ਕਰ ਸਕਦੀ ਹੈ, ਇਸ ਸਬੰਧੀ ਲਗਾਤਾਰ ਯਤਨ ਹੋ ਰਹੇ ਸਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਯੂਨੀਵਰਸਿਟੀ ਦੇ ਵਿੱਚ ਲੱਗੇ ਦੋ ਦਿਨਾਂ ਕਿਸਾਨ ਮੇਲੇ ਦੇ ਪਹਿਲੇ ਦਿਨ ਡਰੋਨ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਦੌਰਾਨ ਡਰੋਨ ਨਾਲ ਹੋਣ ਵਾਲੀ ਖੇਤੀ ਸਬੰਧੀ ਮਹਾਰ ਡਾਕਟਰਾਂ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਇਸ 'ਤੇ ਡੈਮੋ ਵੀ ਦਿੱਤੇ ਗਏ। ਇਸ ਦੌਰਾਨ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਮਾਹਿਰਾਂ ਨਾਲ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਕਿ ਕਿਸ ਤਰ੍ਹਾਂ ਡਰੋਨ ਪੰਜਾਬ ਦੀ ਖੇਤੀ ਦੇ ਵਿੱਚ ਖਾਸ ਕਰਕੇ ਦੇਸ਼ ਦੀ ਖੇਤੀ ਦੇ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ।
ਡਰੋਨ ਦੀ ਖਰੀਦ 'ਤੇ ਕਿਸਾਨਾਂ ਨੂੰ ਸਬਸਿਡੀ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਰੋਨ ਮਾਹਿਰ ਡਾਕਟਰ ਸੰਤੋਸ਼ ਕੁਮਾਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂਰਪ ਦੇ ਵਿੱਚ ਵੱਡੇ ਰਕਬੇ ਅੰਦਰ ਬਹੁਤ ਘੱਟ ਕਿਸਾਨ ਖੇਤੀ ਕਰਦੇ ਹਨ ਅਤੇ ਖੇਤੀ ਦੇ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਨਾਂ ਵਿੱਚੋਂ ਡਰੋਨ ਤਕਨੀਕ ਇੱਕ ਅਹਿਮ ਤਕਨੀਕ ਹੈ, ਜਿਸ ਨਾਲ ਇੱਕ ਕਿਸਾਨ ਵੱਡੇ ਖੇਤ ਨੂੰ ਵੀ ਸੰਭਾਲ ਸਕਦਾ ਹੈ। ਉਹਨਾਂ ਦੱਸਿਆ ਕਿ ਫਿਲਹਾਲ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡਰੋਨ ਨਾਲ ਹੋਣ ਵਾਲੀ ਖੇਤੀ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਮਾਨਤਾ ਪ੍ਰਾਪਤ ਕੰਪਨੀਆਂ ਤੋਂ ਡਰੋਨ ਲੈਣ ਲਈ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਸਾਨਾਂ ਨੂੰ ਸਬਸਿਡੀਆਂ ਮਿਲ ਰਹੀਆਂ ਹਨ। ਜੇਕਰ ਇਕੱਲਾ ਕਿਸਾਨ ਡਰੋਨ ਖਰੀਦਦਾ ਹੈ ਤਾਂ ਉਸ ਨੂੰ 40 ਫੀਸਦੀ ਤੱਕ ਸਬਸਿਡੀ ਮਿਲਦੀ ਹੈ ਅਤੇ ਜੇਕਰ ਕਿਸਾਨਾਂ ਦਾ ਵੱਡਾ ਗਰੁੱਪ ਜਿਵੇਂ ਕਿ ਕੋਆਪਰੇਟਿਵ ਸੁਸਾਇਟੀਆਂ ਆਦਿ ਡਰੋਨ ਖਰੀਦਦੀਆਂ ਹਨ ਤਾਂ ਉਹਨਾਂ ਨੂੰ 75 ਫੀਸਦੀ ਤੱਕ ਵੀ ਸਬਸਿਡੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।
ਸਵਾ ਏਕੜ ਜ਼ਮੀਨ ਨੂੰ ਮਹਿਜ਼ 15 ਮਿੰਟ ਦੇ ਵਿੱਚ ਸਪਰੇਅ : ਡਰੋਨ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹੋਏ ਡਾਕਟਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਇਸ ਡਰੋਨ ਦੇ ਨਾਲ ਲਗਭਗ ਸਵਾ ਏਕੜ ਜ਼ਮੀਨ ਨੂੰ ਮਹਿਜ਼ 15 ਮਿੰਟ ਦੇ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਡਰੋਨ ਦੇ ਵਿੱਚ 10 ਲੀਟਰ ਦਾ ਟੈਂਕ ਲੱਗਾ ਹੈ, ਜਿਸ ਵਿੱਚ ਪਾਣੀ ਦੇ ਨਾਲ ਦਵਾਈ ਮਿਲਾ ਕੇ ਇਸ ਦਾ ਛਿੜਕਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਰਿਮੋਟ ਦੇ ਨਾਲ ਕੰਟਰੋਲ ਕਰਕੇ ਇਸ ਨੂੰ ਬਕਾਇਦਾ ਲੈਂਡਮਾਰਕ ਕਰਕੇ ਦਿੱਤੀ ਜਾ ਸਕਦੀ ਹੈ, ਜਿਸ ਨਾਲ ਇਹ ਉਹਨਾਂ ਇਲਾਕਿਆਂ ਦੇ ਵਿੱਚ ਹੀ ਛਿੜਕਾ ਕਰੇਗਾ ਜਿੱਥੇ ਤੁਹਾਨੂੰ ਲੋੜ ਹੈ। ਉਹਨਾਂ ਕਿਹਾ ਕਿ 15 ਮਿੰਟ ਦੇ ਵਿੱਚ ਇਸ ਨੂੰ ਇੰਸਟਾਲ ਕਰਨ ਤੋਂ ਲੈ ਕੇ ਸਪਰੇ ਪਾਉਣ ਤੱਕ ਦਾ ਸਾਰਾ ਸਮਾਂ ਵਿੱਚ ਹੈ ਉਹਨਾਂ ਕਿਹਾ ਕਿ ਜਦੋਂ ਇਹ ਉੜਦਾ ਹੈ ਤਾਂ ਇਹ ਪੰਜ ਤੋਂ ਛੇ ਮਿੰਟ ਦੇ ਵਿੱਚ ਹੀ ਇੱਕ ਏਕੜ ਤੋਂ ਵੱਧ ਜਮੀਨ 'ਤੇ ਸਪਰੇ ਕਰ ਦਿੰਦਾ ਹੈ। ਉਹਨਾਂ ਦੱਸਿਆ ਕਿ ਇਸ ਦੇ ਵਿੱਚ ਬੈਟਰੀ ਲੱਗੀ ਹੈ ਜੋ ਕਿ ਚਾਰ ਤੋਂ ਪੰਜ ਘੰਟੇ ਦਾ ਸਮਾਂ ਕੱਢ ਦਿੰਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਨੂੰ ਧਿਆਨ ਨਾਲ ਕਿਸਾਨ ਜੇਕਰ ਵਰਤਣ ਤਾਂ ਇਹ ਕਾਫੀ ਕਾਰਗਰ ਸਾਬਿਤ ਹੋ ਸਕਦਾ।
ਡਰੋਨ ਨਾਲ ਹੋਣ ਵਾਲੀ ਖੇਤੀ ਦੀ ਸਿਫਾਰਿਸ਼: ਡਾਕਟਰ ਸੰਤੋਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਫਿਲਹਾਲ ਇਸ ਲਈ ਸਿਫਾਰਿਸ਼ ਪੀਏਯੂ ਵੱਲੋਂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸਿਖਲਾਈ ਵੀ ਜੂਨ ਤੋਂ ਜੁਲਾਈ ਮਹੀਨੇ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਨਾਲ ਕਿਸਾਨ ਇਸ ਦੀ ਸਿਖਲਾਈ ਹਾਸਿਲ ਕਰਕੇ ਬਕਾਇਦਾ ਸਰਟੀਫਿਕੇਟ ਹਾਸਿਲ ਕਰ ਸਕਣਗੇ ਅਤੇ ਇਸ ਨੂੰ ਉੜਾਉਣ ਦੇ ਲਈ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਜਾਵੇਗੀ। ਉਹਨਾਂ ਕਿਹਾ ਕਿ ਡਰੋਨ ਉਡਾਉਣ ਦੇ ਲਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ, ਇੱਕ ਇਸ ਤੋਂ ਬਣਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਦੂਜਾ ਜਿੱਥੇ ਤੱਕ ਤੁਹਾਡੀ ਨਜ਼ਰ ਹੈ ਉੱਥੇ ਤੱਕ ਹੀ ਡਰੋਨ ਨੂੰ ਲਿਜਾਣਾ ਚਾਹੀਦਾ ਹੈ,ਉਸ ਤੋਂ ਬਾਅਦ ਵਾਪਿਸ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਲਈ ਕਿਸਾਨਾਂ ਨੂੰ ਬਕਾਇਦਾ ਸਿਖਲਾਈ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਪਾਇਲਟ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਡਰੋਨ ਦੀ ਕੀਮਤ ਲਗਭਗ ਪੰਜ ਤੋਂ 6 ਲੱਖ ਰੁਪਏ ਤੱਕ ਦੀ ਹੈ ਅਤੇ ਇਸ 'ਤੇ ਸਰਕਾਰ ਵੱਲੋਂ ਅੱਗੇ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਲੇਬਰ ਦੀ ਨਹੀਂ ਪਵੇਗੀ ਲੋੜ: ਇਸ ਦੌਰਾਨ ਮੌਕੇ 'ਤੇ ਮੌਜੂਦ ਕਿਸਾਨਾਂ ਨੇ ਡਰੋਨ ਉੱਡਣ ਦੀ ਵੀਡੀਓ ਬਣਾਈ ਅਤੇ ਉਸ ਦੇ ਨਾਲ ਸੈਲਫੀਆਂ ਵੀ ਲਈਆਂ। ਇਸ ਦੌਰਾਨ ਕਿਸਾਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਤਕਨੀਕ ਖੇਤੀ ਦੇ ਲਈ ਬੇਹਦ ਜ਼ਰੂਰੀ ਹੈ ਜਿਸ ਨਾਲ ਖੇਤੀ ਨੂੰ ਹੋਰ ਸੁਖਾਲਾ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਲੇਬਰ ਦੀ ਸਭ ਤੋਂ ਵੱਡੀ ਖੇਤੀ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਅਤੇ ਅਜਿਹੀ ਤਕਨੀਕਾਂ ਇਜਾਦ ਹੋਣ ਦੇ ਨਾਲ ਲੇਬਰ ਦੀ ਲੋੜ ਨਹੀਂ ਪਵੇਗੀ। ਕਿਸਾਨ ਇਕੱਲਾ ਹੀ ਵੱਡੇ ਰਕਬੇ ਨੂੰ ਸਾਂਭ ਸਕੇਗਾ ਅਤੇ ਖੇਤੀ ਨੂੰ ਹੋਰ ਸੁਖਾਲੇ ਢੰਗ ਦੇ ਨਾਲ ਕਰ ਸਕੇਗਾ। ਉਹਨਾਂ ਨੇ ਕਿਹਾ ਪਰ ਇਸ ਵਿੱਚ ਇਹ ਗੱਲ ਜ਼ਰੂਰ ਹੈ ਕਿ ਜੋ ਟੈਂਕ ਲੱਗਾ ਹੈ, ਉਹ ਛੋਟਾ ਹੈ ਅਜਿਹੇ ਦੇ ਵਿੱਚ ਸਪਰੇਅ ਕਿੰਨੀ ਪਾਉਣੀ ਹੈ ਕਿੰਨੀ ਫਸਲ ਨੂੰ ਲੋੜ ਹੈ ਇਹ ਗਿਆਨ ਹੋਣਾ ਬੇਹਦ ਜ਼ਰੂਰੀ ਹੈ।