ਲੁਧਿਆਣਾ: ਜ਼ਿਲ੍ਹੇ ਵਿੱਚ ਢਾਈ ਸਾਲ ਦੀ ਬੱਚੀ ਦਾ ਕਤਲ ਕਰਨ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਉਸ ਨੇ ਦੋ ਸਾਲ ਪਹਿਲਾਂ ਬੱਚੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਫੈਸਲਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦਿੱਤਾ ਹੈ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ।
ਕੀ ਹੈ ਪੂਰਾ ਮਾਮਲਾ : ਅਦਾਲਤ ਨੇ ਸ਼ੁੱਕਰਵਾਰ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੁਝ ਕਾਰਨਾਂ ਕਰਕੇ ਉਸ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ। ਦੱਸ ਦੇਈਏ ਕਿ ਨੀਲਮ 'ਤੇ ਆਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਬੇਟੀ ਦਿਲਰੋਜ਼ ਕੌਰ ਦਾ ਕਤਲ ਕਰਨ ਦਾ ਦੋਸ਼ ਸਾਬਤ ਹੋ ਚੁੱਕਾ ਹੈ। ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ।
ਪਰਿਵਾਰ ਵਲੋਂ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਸੀ ਮੰਗ: ਬੱਚੀ ਦੀ ਮਾਂ ਨੇ ਮੰਗਲਵਾਰ ਨੂੰ ਅਦਾਲਤ ਦੇ ਬਾਹਰ ਰੋਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਨੂੰ 5 ਮਿੰਟਾਂ 'ਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ 'ਚ ਇੰਨਾ ਸਮਾਂ ਲੱਗ ਰਿਹਾ ਹੈ। ਉਸ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।
ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ। ਨੀਲਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸੇ ਕਾਰਨ ਉਸ ਨੇ ਦਿਲਰੋਜ਼ ਦਾ ਕਤਲ ਕੀਤਾ।
ਸੀਸੀਟੀਵੀ 'ਚ ਹੋਇਆ ਖੁਲਾਸਾ - ਖੁਦ ਪਰਿਵਾਰ ਨਾਲ ਮਿਲ ਕੇ ਕਰਨ ਲੱਗੀ ਸੀ ਬੱਚੀ ਦੀ ਭਾਲ: ਜਦੋਂ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਅਗਵਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਤਤਕਾਲੀ ਜੁਆਇੰਟ ਸੀਪੀ ਸਿਟੀ ਜੇ ਏਲੈਂਚੇਜਿਅਨ ਜਾਂਚ ਲਈ ਮੌਕੇ 'ਤੇ ਪਹੁੰਚੇ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਨੀਲਮ ਨੂੰ ਘੇਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਗੁਨਾਹ ਕਬੂਲ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਬਦਮਾਸ਼ ਔਰਤ ਨੀਲਮ ਨੇ ਖੁਦ ਆਪਣੇ ਪਰਿਵਾਰ ਸਮੇਤ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਨੀਲਮ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕੀਤਾ: ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿਲਰੋਜ਼ ਨੂੰ ਐਲਡੀਕੋ ਨੇੜੇ ਇਕ ਖਾਲੀ ਜਗ੍ਹਾ 'ਤੇ ਲੈ ਗਈ। ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ। ਨੀਲਮ ਦੇ ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ 'ਤੇ ਪਹੁੰਚ ਗਏ ਅਤੇ ਬੱਚੀ ਨੂੰ ਟੋਏ 'ਚੋਂ ਬਾਹਰ ਕੱਢਿਆ। ਲੜਕੀ ਨੂੰ ਤੁਰੰਤ ਡੀਐਮਸੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੀਲਮ ਵਿਰੁੱਧ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਬੱਚੇ ਦੀ ਮੌਤ ਤੋਂ ਬਾਅਦ ਕਤਲ (302) ਅਤੇ ਸਬੂਤ ਨਸ਼ਟ ਕਰਨ (201) ਦੀਆਂ ਵਾਧੂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।