ਬਰਨਾਲਾ: ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ ਜਾਂ ਰੁਜ਼ਗਾਰ ਲਈ ਵਿਦੇਸ਼ਾਂ ਨੂੰ ਭੱਜ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਹੋਰਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਇਆ ਹੈ। ਜੋ ਕਿ ਅੱਤ ਦੀ ਗਰੀਬੀ ਵਿੱਚੋਂ ਉੱਠ ਕੇ ਪਹਿਲਾਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਹੁਣ ਖੁਦ ਪਿੰਡ ਧਨੌਲਾ ਨੇੜੇ ਇੱਕ ਮਸ਼ਹੂਰ ਢਾਬੇ ’ਤੇ ਕਿਤਾਬਾਂ ਦਾ ਸਟਾਲ ਲਗਾ ਕੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ।
ਮਜ਼ਦੂਰੀ ਕਰਦਾ ਸੀ ਪਹਿਲਾਂ ਨੌਜਵਾਨ: ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਤੀ ਦਾ ਨੌਜਵਾਨ ਗਗਨਦੀਪ ਸਿੰਘ ਖ਼ੁਦ ਅਨਪੜ੍ਹ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹਿਤਕ ਪੁਸਤਕਾਂ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਗਗਨਦੀਪ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਦੀ ਗਰੀਬੀ ਕਾਰਨ ਗਗਨਦੀਪ ਪੜ੍ਹਾਈ ਵੀ ਨਹੀਂ ਕਰ ਸਕਿਆ। 16 ਸਾਲ ਦੀ ਉਮਰ ਵਿੱਚ ਉਹ ਮਜ਼ਦੂਰੀ ਕਰਨ ਚਲਾ ਗਿਆ ਸੀ। ਇੱਕ ਦਿਨ ਇੱਕ ਕਿਤਾਬ ਪ੍ਰਕਾਸ਼ਕ ਦੇ ਇੱਕ ਵਿਅਕਤੀ ਨੇ ਗਗਨਦੀਪ ਨੂੰ ਲੇਬਰ ਚੌਕ ਵਿੱਚ ਖੜ੍ਹਾ ਦੇਖਿਆ ਅਤੇ ਗਗਨਦੀਪ ਨੂੰ ਆਪਣੇ ਨਾਲ ਲੈ ਆਇਆ।
ਖੁਦ ਨਹੀਂ ਪੜ੍ਹਿਆ ਪਰ ਲੋਕਾਂ ਨੂੰ ਪੜ੍ਹਨ ਲਾ ਰਿਹਾ: ਗਗਨਦੀਪ ਦੀ ਮਿਹਨਤ ਨੂੰ ਦੇਖ ਕੇ ਉਸ ਨੇ ਉਸ ਨੂੰ ਆਪਣੇ ਪ੍ਰਕਾਸ਼ਨ ਵਿਚ ਨੌਕਰੀ ਵੀ ਦਿੱਤੀ ਅਤੇ ਪਹਿਲਾਂ ਉਸ ਨੂੰ ਇੱਥੇ-ਉੱਥੇ ਕਿਤਾਬਾਂ ਲਗਾਉਣ ਦਾ ਕੰਮ ਸਿਖਾਇਆ ਅਤੇ ਹੌਲੀ-ਹੌਲੀ ਉਸ ਨੂੰ ਪੜ੍ਹਨਾ-ਲਿਖਣਾ ਸਿਖਾਇਆ। ਅੱਜ-ਕੱਲ੍ਹ ਗਗਨਦੀਪ ਆਪਣਾ ਕਿਤਾਬਾਂ ਦਾ ਕਾਰੋਬਾਰ ਚਲਾ ਰਿਹਾ ਹੈ ਅਤੇ ਉਹ ਧਨੌਲਾ ਪਿੰਡ ਦੇ ਮਸ਼ਹੂਰ ਦੀਪਕ ਢਾਬੇ ਦੇ ਬਾਹਰ ਆਪਣਾ ਕਿਤਾਬਾਂ ਦਾ ਸਟਾਲ ਲਗਾ ਰਿਹਾ ਹੈ। ਗਗਨਦੀਪ ਦਾ ਕਹਿਣਾ ਹੈ ਕਿ ਭਾਵੇਂ ਗਰੀਬੀ ਕਾਰਨ ਉਸ ਨੇ ਸਕੂਲ ਨਹੀਂ ਪੜ੍ਹਿਆ, ਪਰ ਹੁਣ ਜਦੋਂ ਉਸ ਨੇ ਪੜ੍ਹਨਾ-ਲਿਖਣਾ ਸਿੱਖ ਲਿਆ ਹੈ ਤਾਂ ਉਸ ਨੇ ਕਈ ਸਾਹਿਤਕ ਪੁਸਤਕਾਂ ਅਤੇ ਜੀਵਨੀਆਂ ਪੜ੍ਹੀਆਂ ਹਨ। ਜਿਨ੍ਹਾਂ ਨੇ ਉਸ ਨੂੰ ਚੰਗਾ ਇਨਸਾਨ ਬਣਾਉਣ ਵਿਚ ਵੀ ਕਾਫੀ ਮਦਦ ਕੀਤੀ ਹੈ।
ਲੋਕਾਂ ਨੂੰ ਕਿਤਾਬਾਂ ਤੱਕ ਲੈਕੇ ਜਾਣਾ ਮੁਸ਼ਕਿਲ ਸੀ ਪਰ ਅਸੀਂ ਢਾਬਾ ਮਾਲਿਕ ਦੇ ਨਾਲ ਮਿਲ ਕੇ ਇਸ ਨੂੰ ਕੁਝ ਅਸਾਨ ਕੀਤਾ ਤੇ ਇਥੇ ਪ੍ਰਦਰਸ਼ਨੀ ਲਗਾਉਣੀ ਸ਼ੁਰੂ ਕੀਤੀ। ਹੁਣ ਇਥੇ ਢਾਬੇ 'ਤੇ ਆਏ ਲੋਕ ਹਰ ਤਰ੍ਹਾਂ ਦੀਆਂ ਕਿਤਾਬਾਂ ਖਰੀਦ ਵੀ ਰਹੇ ਹਨ। ਜਿਸ ਨਾਲ ਲੋਕਾਂ ਤੱਕ ਵਧੀਆ ਕਿਤਾਬਾਂ ਪਹੁੰਚ ਰਹੀਆਂ ਹਨ। ਮੈਂ ਪਹਿਲਾਂ ਖੁਦ ਦਿਹਾੜੀ ਕਰਦਾ ਸੀ ਤੇ ਫਿਰ ਪਬਲਿਕੇਸ਼ਨ ਨਾਲ ਜੁੜਿਆ। ਜਿਸ ਤੋਂ ਬਾਅਦ ਪੜ੍ਹਨਾ ਸਿੱਖਿਆ ਤੇ ਹੁਣ ਕਿਤਾਬਾਂ ਲੋਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਤਾਬਾਂ ਵਿਅਕਤੀ ਦੀ ਜ਼ਿੰਦਗੀ ਬਦਲ ਦਿੰਦੀਆਂ ਹਨ, ਜਿਵੇਂ ਕਿ ਮੈਂ ਖੁਦ ਪਹਿਲਾਂ ਬੱਠਲ ਚੁੱਕਦਾ ਸੀ ਤੇ ਅੱਜ ਕੁਰਸੀ 'ਤੇ ਬੈਠਣ ਵਾਲਾ ਕੰਮ ਕਰ ਰਿਹਾ ਹਾਂ।-ਗਗਨਦੀਪ ਸਿੰਘ, ਸਾਹਿਤ ਪ੍ਰੇਮੀ
ਭਰਾ ਦੀ ਲਗਨ ਦੇਖ ਦੂਜਾ ਭਰਾ ਹੋਇਆ ਪ੍ਰੇਰਿਤ: ਗਗਨਦੀਪ ਦੀ ਮਿਹਨਤ ਨੂੰ ਦੇਖ ਕੇ ਉਸ ਦਾ ਭਰਾ ਮਨਦੀਪ ਸਿੰਘ ਵੀ ਉਸ ਦੇ ਕੰਮ ਵਿਚ ਯੋਗਦਾਨ ਪਾਉਣ ਲੱਗਾ। ਮਨਦੀਪ ਸਿੰਘ ਖੁਦ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਹੁਣ ਉਹ ਆਪਣੇ ਭਰਾ ਨਾਲ ਮਿਲ ਕੇ ਢਾਬੇ ਦੇ ਬਾਹਰ ਕਿਤਾਬਾਂ ਵੇਚਣ ਲੱਗ ਪਿਆ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਕਿਤਾਬਾਂ ਪ੍ਰਤੀ ਖਿੱਚ ਕਾਰਨ ਉਸ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਵੀ ਵਧ ਗਈ ਅਤੇ ਉਸ ਨੇ ਕਈ ਕਿਤਾਬਾਂ ਵੀ ਪੜ੍ਹੀਆਂ ਹਨ, ਜਿਨ੍ਹਾਂ ਤੋਂ ਉਸ ਨੂੰ ਕਈ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇੱਥੇ ਕੰਮ ਕਰਕੇ ਬਹੁਤ ਆਨੰਦ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਲੋਕਾਂ ਨੇ ਕੰਮ ਦੀ ਕੀਤੀ ਸ਼ਲਾਘਾ: ਢਾਬੇ 'ਤੇ ਖਾਣਾ ਖਾਣ ਆਉਣ ਵਾਲੇ ਲੋਕ ਇਕ ਵਾਰ ਗਗਨਦੀਪ ਦੇ ਬੁੱਕ ਸਟਾਲ 'ਤੇ ਜ਼ਰੂਰ ਰੁਕਦੇ ਹਨ ਅਤੇ ਉਸ ਤੋਂ ਕਿਤਾਬਾਂ ਖਰੀਦਦੇ ਹਨ। ਪੁਸਤਕ ਖ਼ਰੀਦਣ ਆਏ ਇੱਕ ਵਿਅਕਤੀ ਨੇ ਕਿਹਾ ਕਿ ਖ਼ੁਦ ਅਨਪੜ੍ਹ ਹੋਣ ਦੇ ਬਾਵਜੂਦ ਗਗਨਦੀਪ ਵੱਲੋਂ ਲੋਕਾਂ ਨੂੰ ਪੁਸਤਕਾਂ ਨਾਲ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੋਬਾਈਲ ਯੁੱਗ ਵਿੱਚ ਭਾਵੇਂ ਨੌਜਵਾਨ ਪੁਸਤਕਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਪਰ ਇਸ ਸਟਾਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਹਿਤਕ ਪੁਸਤਕਾਂ ਹਨ, ਜਿਨ੍ਹਾਂ ਨੂੰ ਨੌਜਵਾਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ।
ਮੁੜ ਸਾਹਿਤ ਪੜ੍ਹਨ ਲਈ ਪ੍ਰੇਰਿਤ: ਕਾਬਿਲੇਗੌਰ ਹੈ ਕਿ ਭਾਵੇਂ ਵੱਧਦੀ ਤਕਨਾਲੋਜੀ ਕਾਰਨ ਲੋਕਾਂ ਦੀ ਪੜ੍ਹਨ ਦੀ ਰੁਚੀ ਘਟੀ ਹੈ, ਪਰ ਤਕਨਾਲੋਜੀ ਦੇ ਫੈਲਣ ਤੋਂ ਪਹਿਲਾਂ ਵੀ ਲੋਕ ਸਾਹਿਤਕ ਪੁਸਤਕਾਂ ਪੜ੍ਹਦੇ ਸਨ। ਗਗਨਦੀਪ ਦਾ ਮੰਨਣਾ ਹੈ ਕਿ ਕਿਤਾਬਾਂ ਦੇ ਸਟਾਲ ਨਾਲ ਲੋਕਾਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਵੱਡੀ ਗਿਣਤੀ ਵਿੱਚ ਲੋਕ ਹੁਣ ਉਨ੍ਹਾਂ ਤੋਂ ਕਿਤਾਬਾਂ ਖਰੀਦ ਕੇ ਮੁੜ ਸਾਹਿਤ ਪੜ੍ਹਨ ਲਈ ਪ੍ਰੇਰਿਤ ਹੋ ਰਹੇ ਹਨ।
- ਖੇਤੀਬਾੜੀ ਨਾਲ ਸਬੰਧਤ ਕੋਰਸ ਬੰਦ ਹੋਣ ਦੇ ਵਿਦਿਆਰਥੀਆਂ ਨੇ ਘੇਰਿਆ MLA ਦਾ ਘਰ, ਜਾਣੋ ਪੂਰਾ ਮਾਮਲਾ - Students surrounded MLA house
- ਖੰਨਾ 'ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ 'ਤੇ ਆਏ ਸਫਾਈ ਸੇਵਕ ਤੇ ਸੀਵਰਮੈਨ, ਨੈਸ਼ਨਲ ਹਾਈਵੇ ਬੰਦ ਕਰਨ ਦੀ ਚਿਤਾਵਨੀ - PROTEST IN KHANNA
- ਕੇਂਦਰ ਦੇ ਬਜਟ ਤੋਂ ਪੰਜਾਬ ਦੇ ਲੋਕ ਨਹੀਂ ਸੰਤੁਸ਼ਟ, ਅੰਮ੍ਰਿਤਸਰ ਦੇ ਲੋਕਾਂ ਨੇ ਆਖੀਆਂ ਇਹ ਗੱਲਾਂ - Budget 2024