ਚੰਡੀਗੜ੍ਹ: ਬਲਾਤਕਾਰ ਅਤੇ ਕਤਲ ਮਮਾਲੇ 'ਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਸਰਕਾਰ ਅੱਗੇ 20 ਦਿਨ ਦੀ ਅਰਜ਼ੀ ਲਗਾਈ ਹੈ। ਇਸ ਸਬੰਧੀ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ। ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਅਜਿਹੀ ਐਮਰਜੈਂਸੀ ਸਥਿਤੀ ਹੈ ਜਿਸ ਤਹਿਤ ਉਸ ਨੂੰ ਪੈਰੋਲ ਦਿੱਤੀ ਜਾਵੇ।
ਹੁਣ ਤੱਕ 10 ਵਾਰ ਮਿਲ ਚੁੱਕੀ ਪੈਰੋਲ
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਲ 2017 'ਚ ਸਾਧਵੀ ਦੇ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਹੈ ਅਤੇ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਣ ਹੁਣ ਤੱਕ ਡੇਰਾ ਮੁਖੀ ਨੂੰ 10 ਵਾਰ ਫਰਲੋ ਅਤੇ ਪੈਰੋਲ ਮਿਲ ਚੁੱਕੀ ਹੈ। ਇਸ ਦੌਰਾਨ ਬਹੁਤੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਜਦੋਂ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ ਉਦੋਂ-ਉਦੋਂ ਹੀ ਬਲਾਤਕਾਰੀ ਬਾਬਾ ਜੇਲ੍ਹ ਤੋਂ ਬਾਹਰ ਆਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਸ ਮਹੀਨੇ 2 ਸਤੰਬਰ ਨੂੰ ਰਾਮ ਰਹੀਮ ਆਪਣੀ ਇਕ ਮਹੀਨੇ ਦੀ ਫਰਲੋ ਪੂਰੀ ਕਰਕੇ ਸੁਨਾਰੀਆ ਜੇਲ੍ਹ ਵਾਪਸ ਪਰਤਿਆ ਸੀ।
ਕਦੋਂ-ਕਦੋਂ ਰਾਮ ਰਹੀਮ ਆਇਆ ਜੇਲ੍ਹ ਤੋਂ ਬਾਹਰ ?
- 20 ਅਕਤੂਬਰ 2020: ਰਾਮ ਰਹੀਮ ਨੁੰ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ ਸੀ ਅਤੇ ਹੌਲੀ-ਹੌਲੀ ਸਮਾਂ ਵਧਦਾ ਗਿਆ ਹੈ
- 12 ਮਈ 2021: ਬਲੱਡ ਪ੍ਰੈਸ਼ਰ ਅਤੇ ਬੇਚੈਨੀ ਦੀ ਸ਼ਿਕਾਇਤ 'ਤੇ ਜਾਂਚ ਲਈ ਪੀਜੀਆਈ ਲਿਆਂਦਾ ਗਿਆ।
- 17 ਮਈ 2021: ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ। ਉਸ ਨੂੰ ਪੁਲਿਸ ਸੁਰੱਖਿਆ ਹੇਠ ਗੁਰੂਗ੍ਰਾਮ ਲਿਜਾਇਆ ਗਿਆ।
- 3 ਜੂਨ, 2021: ਪੇਟ ਦਰਦ ਦੀ ਸ਼ਿਕਾਇਤ 'ਤੇ ਪੀਜੀਆਈ ਲਿਆਂਦਾ ਗਿਆ।
- 8 ਜੂਨ, 2021: ਸਿਹਤ ਜਾਂਚ ਲਈ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਲਿਜਾਇਆ ਗਿਆ।
- 13 ਜੁਲਾਈ 2021: ਜਾਂਚ ਲਈ ਏਮਜ਼ ਲਿਜਾਇਆ ਗਿਆ।
- ਫਰਵਰੀ 2022: 21 ਦਿਨਾਂ ਲਈ ਪੈਰੋਲ ਮਿਲੀ।
- ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ।
- ਅਕਤੂਬਰ 2022: 40 ਦਿਨਾਂ ਲਈ ਪੈਰੋਲ ਮਿਲੀ।
- 21 ਜਨਵਰੀ 2023: 40 ਦਿਨਾਂ ਲਈ ਪੈਰੋਲ ਮਿਲੀ।
- 20 ਜੁਲਾਈ 2023: 30 ਦਿਨਾਂ ਲਈ ਪੈਰੋਲ ਮਿਲੀ।
- 20 ਨਵੰਬਰ 2023: 21 ਦਿਨਾਂ ਲਈ ਪੈਰੋਲ ਮਿਲੀ।
- 19 ਜਨਵਰੀ 2024: 50 ਦਿਨਾਂ ਲਈ ਪੈਰੋਲ ਮਿਲੀ।
- 13 ਅਗਸਤ 2024: 21 ਦਿਨਾਂ ਲਈ ਛੁੱਟੀ ਮਿਲੀ।
ਡੇਰਾ ਮੁਖੀ ਦਾ ਚੋਣਾ 'ਚ ਅਹਿਮ ਰੋਲ
ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਕਿਉਂਕਿ ਹਰਿਆਣਾ ਵਿੱਚ ਡੇਰਾ ਸਿਰਸਾ ਦੇ ਵੱਡੀ ਗਿਣਤੀ ਵਿੱਚ ਮੰਨਣ ਵਾਲੇ ਪੈਰੋਕਾਰ ਹਨ।
ਐਸਜੀਪੀਸੀ ਨੇ ਜਤਾਇਆ ਇਤਰਾਜ਼
ਜ਼ਿਕਰਯੋਗ ਹੈ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਕੀਤੇ ਨਾ ਕੀਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਿੱਖਾਂ ਨਾਲ ਵਰਤੀ ਜਾ ਰਹੀ ਦੋਗਲੀ ਨੀਤੀ ਵੀ ਕਰਾਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਇੱਕ ਵਾਰ ਫਿਰ ਤੋਂ ਐਸਜੀਪੀਸੀ ਵੱਲੋਂ ਇੱਤਰਾਜ਼ ਜਤਾਇਆ ਜਾ ਰਿਹਾ ਹੈ,ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਕਦੇ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਫਿਰ ਇੱਕ ਬਲਾਤਕਾਰੀ ਨੂੰ ਇਸ ਤਰ੍ਹਾਂ ਪੇਰੋਲ 'ਤੇ ਵਾਰ-ਵਾਰ ਜੇਲ੍ਹ ਚੋਂ ਬਾਹਰ ਲੈਕੇ ਆਉਣਾ ਕਿੰਨਾ ਕੁ ਜਾਇਜ਼ ਹੈ। ਇਸ ਸਬੰਧੀ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਇੱਤਰਾਜ਼ ਜਤਾਉਂਦੇ ਹੋਏ ਚਿੱਠੀ ਲਿਖੀ ਗਈ ਹੈ। ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਿਆਸੀ ਲਾਹੇ ਲਈ ਇੰਝ ਹੀ ਵਾਰ ਵਾਰ ਡੇਰਾ ਮੁਖੀ ਨੂੰ ਪੈਰੋਲ ਦੇ ਰਹੀ ਹੈ ਤਾਂ ਫਿਰ ਇੱਕ ਵਾਰ ਉਸ ਨੂੰ ਰਿਹਾਅ ਹੀ ਕਿਉਂ ਨਹੀਂ ਕਰ ਦਿੰਦੀ।
- ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ: ਰਣਜੀਤ ਸਿੰਘ ਕਤਲ ਕੇਸ 'ਚ ਹਾਈਕੋਰਟ ਦੇ ਬਰੀ ਕੀਤੇ ਜਾਣ ਦੇ ਹੁਕਮ ਦੀ ਜਾਂਚ ਕਰੇਗੀ SC, ਨੋਟਿਸ ਜਾਰੀ - Supreme Court Issues Notice On Plea
- ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੀ ਪ੍ਰਤੀਕਿਰਿਆ, ਕਹੀ ਇਹ ਗੱਲ - Sri Akal Takht Sahib on Ram Rahim
- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਅਤੇ ਕੰਗਨਾ ਰਨੌਤ ਉੱਤੇ ਕੱਸੇ ਤਿੱਖੇ ਤੰਜ - MP Harsimrat Kaur Badal
ਬੰਦੀ ਸਿੰਘਾਂ ਨਾਲ ਬੇਇਨਸਾਫੀ
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁਕੇ ਹਨ ਪਰ ਬਾਵਜੂਦ ਉਹਨਾਂ ਨੂੰ ਜੇਲ੍ਹ ਚੋਂ ਰਿਹਾਅ ਨਹੀਂ ਕੀਤਾ ਗਿਆ। ਉਹ 28 ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਗੁਜ਼ਾਰ ਚੁੱਕੇ ਹਨ। ਫਿਲਹਾਲ ਉਹ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ। ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਮਨੁੱਖੀ ਅਧਿਕਾਰ ਤੇ ਸਿਆਸੀ ਜਥੇਬੰਦੀਆਂ ਦੇ ਵਿਰੋਧ ਕਾਰਨ ਇਹ ਅਣਮਿੱਥੇ ਸਮੇਂ ਲਈ ਟਾਲ਼ ਦਿੱਤੀ ਗਈ ਸੀ। ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦੀ ਅਰਜ਼ੀ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਦਵਿੰਦਰ ਪਾਲ ਸਿੰਘ ਭੁੱਲਰ, ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਅਨੇਕਾਂ ਸਿੰਘ ਜੇਲ੍ਹਾਂ 'ਚ ਬੰਦ ਹਨ ਇਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਅਜੇ ਤੱਕ ਇਹਨਾਂ ਬੰਦੀ ਸਿੰਘਾਂ ਨੂੰ ਜ਼ਮਾਨਤ ਹੀ ਮਿਲੀ ਹੈ। ਫਿਰ ਇਸ ਨੂੰ ਸਿੱਖਾਂ ਲਈ ਦੋਹਰੀ ਨਿਤੀ ਕਿਊਂ ਨਾ ਸਮਝਿਆ ਜਾਵੇ।