ਬਠਿੰਡਾ: ਸਮਾਜ ਵਿਰੋਧੀ ਅੰਸਰਾਂ ਖਿਲਾਫ ਵਿੱਢੀ ਮੁਹਿਮ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਤਲਵੰਡੀ ਸਾਬੋ ਦੇ ਇੱਕ ਕਾਰੋਬਾਰੀ ਨੂੰ 50 ਲੱਖ ਦੀ ਫਰੌਤੀ ਦੀ ਕਾਲ ਕਰਕੇ ਧਮਕਾਉਣ ਵਾਲੇ ਗਿਰੋਹ ਦੇ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਣੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਇੱਕ ਕਾਰੋਬਾਰੀ ਨੂੰ ਪਿਛਲੇ ਦਿਨੀ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਪੀ ਲਾਹੌਰੀਆ ਗੈਂਗਸਟਰ ਦੱਸਦੇ ਹੋਏ 50 ਲੱਖ ਰੁਪਏ ਫਰੋਤੀ ਦੀ ਮੰਗ ਕੀਤੀ ਸੀ।
ਕਾਰੋਬਾਰੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸੀਆਈਏ ਸਟਾਫ਼-2 ਦੇ ਇੰਚਾਰਜ ਕਰਨਦੀਪ ਸਿੰਘ ਦੀ ਟੀਮ ਵੱਲੋਂ ਫਰੌਤੀ ਲੈਣ ਆਏ ਚਾਰ ਗੁਰਗਿਆਂ ਸਾਹਿਲ ਸ਼ਰਮਾ ਨਿਵਾਸੀ ਨਿਊ ਪਰਵਾਨਾ ਨਗਰ ਮੋਗਾ, ਅਸ਼ੋਕ ਕੁਮਾਰ ਬਾਜ਼ੀਗਰ ਕਬੀਰ ਨਗਰ ਮੋਗਾ, ਮਨੀਸ਼ ਕੁਮਾਰ ਨਿਵਾਸੀ ਮਹੱਲਾ ਸੋਢੀਆਂ ਵਾਲਾ ਜਿਲ੍ਹਾ ਮੋਗਾ ਅਤੇ ਕੁਲਦੀਪ ਸਿੰਘ ਵਾਸੀ ਸੇਖਾਂਵਾਲਾ ਚੌਂਕ ਮੋਗਾ ਨੂੰ ਗਿਰਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਇੱਕ ਪਿਸਤੌਲ ਦੇਸੀ 32 ਬੋਰ ਦੋ ਜਿੰਦਾ ਕਾਰਤੂਸ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਉਹਨਾਂ ਦੱਸਿਆ ਕਿ ਇਹ ਚਾਰੇ ਨੌਜਵਾਨ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦਵਿੰਦਰ ਪਾਲ ਸਿੰਘ ਉਰਫ਼ ਗੋਪੀ ਲਹੌਰੀਆ ਦੇ ਕਹਿਣ 'ਤੇ ਫਰੋਤੀ ਦੀ ਰਕਮ ਲੈਣ ਲਈ ਆਏ ਸਨ। ਗਿਰਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਸਾਹਿਲ ਸ਼ਰਮਾ ਅਤੇ ਅਸ਼ੋਕ ਕੁਮਾਰ ਖਿਲਾਫ਼ ਪਹਿਲਾਂ ਵੀ ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਹੋਰ ਕਿੰਨਾਂ-ਕਿੰਨਾਂ ਲੋਕਾਂ ਤੋਂ ਫਰੌਤੀ ਲੈਣ ਲਈ ਧਮਕੀਆਂ ਦਿੱਤੀਆਂ ਗਈਆਂ ਹਨ।