ਹੁਸ਼ਿਆਰਪੁਰ: ਦਸੂਹਾ ਦੇ ਪਿੰਡ ਟੇਰਕੇਆਣਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਪਿੰਡ ਟੇਰਕੇਆਣਾ ਦੇ ਰਹਿਣ ਵਾਲੇ ਸਨ ਅਤੇ ਰੋਜੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਅਮਰੀਕਾ ਗਏ ਸਨ। ਇਹ ਦੋਵੇਂ ਨੌਜਵਾਨ ਇਕੱਠੇ ਅਮਰੀਕਾ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ ਅਤੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ। ਜਦੋਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 144 ਉੱਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰਾਲੇ ਨਾਲ ਉਨਾਂ ਦਾ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕੀ ਤਕਰੀਬਨ ਛੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਹਨਾਂ ਨੂੰ ਇਸ ਵਿੱਚੋਂ ਕੱਢਿਆ ਗਿਆ ਅਤੇ ਇਹਨਾਂ ਦੋਵਾਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਦੋ ਘਰਾਂ ਦੇ ਚਿਰਾਗ ਬੁਝੇ: ਇਹ ਦੋਵੇਂ ਨੌਜਵਾਨ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਮਰਨ ਵਾਲਿਆਂ ਵਿੱਚੋਂ ਇੱਕ ਦੀ ਪਹਿਚਾਣ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਉਮਰ 23 ਸਾਲ ਵਜੋਂ ਹੋਈ ਹੈ। ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸੁਖਜਿੰਦਰ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ। ਦੂਜੇ ਨੌਜਵਾਨ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਉਮਰ 23 ਸਾਲ ਜੋ ਕਿ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਘਰਦਿਆਂ ਦਾ ਇਕਲੌਤਾ ਬੇਟਾ ਸੀ। ਸਿਮਰਨਜੀਤ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ।
ਸਰਕਾਰ ਤੋਂ ਪਰਿਵਾਰ ਨੇ ਕੀਤੀ ਮੰਗ: ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਨਾਂ ਨੂੰ ਫੋਨ ਆਇਆ ਕਿ ਇਹਨਾਂ ਦੋਵਾਂ ਨੌਜਵਾਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਉੱਥੇ ਹੀ ਹੁਣ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨਾਂ ਦੇ ਬੇਟਿਆਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਨਾਂ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਆਪਣੇ ਹੱਥੀ ਆਪਣਿਆਂ ਬੇਟਿਆਂ ਦਾ ਅੰਤਿਮ ਸਸਕਾਰ ਕਰ ਸਕਣ।