ਬਰਨਾਲਾ: ਬਰਨਾਲਾ ਦੇ ਬੱਸ ਸਟੈਂਡ ਨੇੜੇ ਦੁਕਾਨਾਂ ਸਬੰਧੀ ਡੇਰਾ ਬਾਬਾ ਗਾਂਧਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮਾਲਕੀ ਨੂੰ ਲੈ ਕੇ ਚੱਲਦੇ ਕੇਸ ਦੌਰਾਨ ਅੱਜ ਵੱਡਾ ਵਿਵਾਦ ਹੋ ਗਿਆ, ਜਿਸ ਨਾਲ ਮਾਹੌਲ ਪੂਰਾ ਤਣਾਅਪੂਰਨ ਹੋ ਗਿਆ। ਦੁਕਾਨਾਂ ਉਪਰ ਡੇਰੇ ਦੀ ਮਾਲਕੀ ਦੱਸਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਉਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀ ਗਿਣਤੀ ਵਿੱਚ ਟਾਸਕ ਫੋਰਸ ਨੂੰ ਨਾਲ ਲੈਕੇ ਕਾਰਵਾਈ ਕਰ ਦਿੱਤੀ। ਜਿਸ ਤਹਿਤ ਐਸਜੀਪੀਸੀ ਨੇ ਦੁਕਾਨਾਂ ਨੂੰ ਤਾਲੇ ਲਗਾ ਦਿੱਤੇ। ਜਿਸਦਾ ਵਿਰੋਧ ਕਰਦਿਆਂ ਦੁਕਾਨਦਾਰਾਂ ਵਲੋਂ ਬੱਸ ਸਟੈਂਡ ਅੱਗੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਗਿਆ।
![BABA GANDHA SINGH VS SGPC](https://etvbharatimages.akamaized.net/etvbharat/prod-images/13-09-2024/pb-bnl-clash-pb10017_13092024155352_1309f_1726223032_123.jpg)
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ ਨੂੰ ਐਸਜੀਪੀਸੀ ਨੇ ਘੇਰ ਲਿਆ
ਐਸਜੀਪੀਸੀ ਉਪਰ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਅਤੇ ਕਾਰਵਾਈ ਦੀ ਮੰਗ ਕੀਤੀ ਗਈ। ਉਥੇ ਹੀ ਦੁਕਾਨਦਾਰਾਂ ਦੇ ਹੱਕ ਵਿੱਚ ਪਹੁੰਚੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ ਨੂੰ ਐਸਜੀਪੀਸੀ ਨੇ ਘੇਰ ਲਿਆ। ਘਟਨਾ ਸਥਾਨ ਉਪਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਉਪਰ ਤੈਨਾਤ ਕੀਤੀ ਗਈ। ਉਥੇ ਡੇਰੇ ਦੇ ਮਹੰਤ ਨੇ ਐਸਜੀਪੀਸੀ ਉਪਰ ਧੱਕੇਸ਼ਾਹੀ ਦੇ ਦੋਸ਼ ਲਗਾਏ।
ਇਸ ਮੌਕੇ ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਕਿਹਾ ਕਿ ਬੱਸ ਸਟੈਂਡ ਨੇੜੇ ਦੀਆਂ ਦੁਕਾਨਾਂ ਡੇਰਾ ਬਾਬਾ ਗਾਂਧਾ ਸਿੰਘ ਦੀਆਂ ਹਨ। ਪਹਿਲਾਂ ਇਹ ਦੁਕਾਨਾਂ ਐਸਜੀਪੀਸੀ ਕੋਲ ਸਨ। ਪਰ ਪਿਛਲੇ ਕੁੱਝ ਸਮੇਂ ਤੋਂ ਡੇਰੇ ਅਤੇ ਐਸਜੀਪੀਸੀ ਦਾ ਅਦਾਲਤ ਵਿੱਚ ਚੱਲ ਰਿਹਾ ਸੀ। ਇਸਦਾ ਕੇਸ ਹਾਈਕੋਰਟ ਤੋਂ ਡੇਰੇ ਨੇ ਜਿੱਤਿਆ ਹੋਇਆ ਹੈ। ਜਿਸਤੋਂ ਬਾਅਦ ਡੇਰੇ ਦੇ ਮਹੰਤ ਬਾਬਾ ਪਿਆਰਾ ਸਿੰਘ ਨੇ ਦੁਕਾਨਦਾਰਾਂ ਨਾਲ ਗੱਲ ਕਰਨ ਤੋਂ ਬਾਅਦ ਭਰੋਸੇ ਵਿੱਚ ਲਿਆ ਹੈ। ਜਿਸਤੋਂ ਬਾਅਦ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਦਾ ਕਿਰਾਇਆ ਡੇਰੇ ਦੇ ਮਹੰਤ ਬਾਬਾ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ।
![BABA GANDHA SINGH VS SGPC](https://etvbharatimages.akamaized.net/etvbharat/prod-images/13-09-2024/pb-bnl-clash-pb10017_13092024155352_1309f_1726223032_960.jpg)
ਐਸਜੀਪੀਸੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਦੁਕਾਨਦਾਰ
ਉਹਨਾਂ ਕਿਹਾ ਕਿ ਐਸਜੀਪੀਸੀ ਨੇ ਡਰਾਉਣ ਅਤੇ ਧਮਕਾਉਣ ਦੀ ਨੀਤੀ ਤਹਿਤ ਸਾਡੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਉਪਰ ਹਮਲਾ ਕੀਤਾ ਹੈ। ਜਿਸਤੋਂ ਬਾਅਦ ਸਾਰੇ ਦੁਕਾਨਦਾਰਾਂ ਨੇ ਮਿਲਕੇ ਇਸਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਨੇ ਅੱਜ ਉਹਨਾਂ ਦੀਆਂ ਦੁਕਾਨਾਂ ਉਪਰ ਗੁੰਡਾਗਰਦੀ ਕਰਦੇ ਹੋਏ ਭੰਨਤੋੜ ਕਰਦੇ ਹੋਏ ਦੁਕਾਨਾਂ ਨੂੰ ਜਿੰਦੇ ਲਗਾਏ ਹਨ। ਉਹਨਾਂ ਕਿਹਾ ਕਿ ਸਾਡੀਆਂ ਦੁਕਾਨਾਂ ਦਾ ਲੱਖਾਂ ਦਾ ਸਮਾਨ ਦੁਕਾਨਾਂ ਵਿੱਚ ਹੈ। ਐਸਜੀਪੀਸੀ ਦੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਇਸਦਾ ਡੱਟ ਕੇ ਵਿਰੋਧ ਕਰਨਗੇ। ਉਹਨਾਂ ਐਸਜੀਪੀਸੀ ਵਿਰੁੱਧ ਸਖਤ ਕਾਰਵਾਈ ਦੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਅਤੇ ਹੋਰ ਮੁਲਾਜ਼ਮਾਂ ਨੇ ਕਿਹਾ ਕਿ ਬਰਨਾਲਾ ਦੇ ਬੱਸ ਸਟੈਂਡ ਨੇੜੇ ਦੀਆਂ ਸਾਰੀਆਂ ਦੁਕਾਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਨ। ਪ੍ਰੰਤੂ ਮਹੰਤ ਪਿਆਰਾ ਸਿੰਘ ਵੱਲੋਂ ਬਿਨ੍ਹਾਂ ਕਿਸੇ ਅਦਾਲਤ ਦੇ ਹੁਕਮਾਂ ਤੋਂ ਧੱਕੇ ਨਾਲ ਦੁਕਾਨਦਾਰਾਂ ਨੂੰ ਗੁੰਮਰਾਹ ਕਰਕੇ ਦੁਕਾਨਾਂ ਦਾ ਕਿਰਾਇਆ ਲੈਣ ਲੱਗ ਗਿਆ ਹੈ। ਇਹਨਾਂ ਦੁਕਾਨਾਂ ਦੇ ਪਿਛਲੇ 50 ਸਾਲਾਂ ਤੋਂ ਐਸਜੀਪੀਸੀ ਦੇ ਨਾਮ ਕਿਰਾਏਨਾਮੇ ਹਨ ਅਤੇ ਐਸਜੀਪੀਸੀ ਇਹ ਕਿਰਾਏ ਲੈਂਦੀ ਆ ਰਹੀ ਹੈ। ਪਰ ਉਕਤ ਮਹੰਤ ਵਲੋਂ ਦੁਕਾਨਾਂ ਦੇ ਕਿਰਾਏ ਅੱਧੇ ਕਰਨ ਦਾ ਲਾਲਚ ਦਿੱਤਾ ਗਿਆ ਹੈ।
![BABA GANDHA SINGH VS SGPC](https://etvbharatimages.akamaized.net/etvbharat/prod-images/13-09-2024/pb-bnl-clash-pb10017_13092024155352_1309f_1726223032_144.jpg)
ਸ਼ਾਸ਼ਨ ਨੇ ਮੌਕੇ ਉਪਰ ਪਹੁੰਚ ਕੇ ਮਸਲੇ ਦਾ ਹੱਲ ਕਰਨ ਦਾ ਵਿਸਵਾਸ਼ ਦਵਾਇਆ
ਕੁੱਝ ਦੁਕਾਨਦਾਰਾਂ ਵੱਲੋਂ ਮਹੰਤ ਨਾਲ ਮਿਲ ਕੇ ਇਹਨਾਂ ਦੁਕਾਨਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਦੀਆਂ ਦੁਕਾਨਾਂ ਉਪਰ ਉਹ ਕਾਰਵਾਈ ਕਰ ਰਹੇ ਹਨ। ਆਪਣੇ ਨਿਯਮਾਂ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਦੁਕਾਨਦਾਰ ਕਿਰਾਇਆ ਨਹੀਂ ਦੇ ਰਹੇ ਜਦਕਿ ਕੁੱਝ ਦੁਕਾਨਦਾਰ ਕਿਰਾਇਆ ਦੇ ਰਹੇ ਹਨ। ਹੁਣ ਤੱਕ ਉਹਨਾਂ ਨੇ 8 ਦੁਕਾਨਾਂ ਉਪਰ ਤਾਲੇ ਲਗਾ ਦਿੱਤੇ ਹਨ। ਉਹਨਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਸ਼ਾਸ਼ਨ ਨੇ ਮੌਕੇ ਉਪਰ ਪਹੁੰਚ ਕੇ ਇਸ ਮਸਲੇ ਦਾ ਹੱਲ ਕਰਨ ਦਾ ਵਿਸਵਾਸ਼ ਦਵਾਇਆ ਹੈ ਜਿਸ ਕਰਕੇ ਉਹਨਾਂ ਨੇ ਆਪਣੀ ਕਾਰਵਾਈ ਪ੍ਰਸਾਸ਼ਨ ਦੇ ਭਰੋਸੇ ਰੋਕ ਦਿੱਤੀ ਹੈ।
ਉਥੇ ਇਸ ਮੌਕੇ ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਦੁਕਾਨਦਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਹ ਦੁਕਾਨਾਂ ਡੇਰਾ ਬਾਬਾ ਗਾਂਧਾ ਸਿੰਘ ਦੀਆਂ ਹਨ। ਅੱਜ ਐਸਜੀਪੀਸੀ ਦੇ ਮੈਨੇਜਰ ਵਲੋਂ 200 ਵਿਅਕਤੀਆਂ ਨੂੰ ਕਿਰਪਾਨਾਂ ਅਤੇ ਡਾਗਾਂ ਨਾਲ ਲੈ ਕੇ ਦੁਕਾਨਦਾਰਾਂ ਨਾਲ ਗੁੰਡਾਗਰਦੀ ਕੀਤੀ ਗਈ ਹੈ। ਦੁਕਾਨਦਾਰਾਂ ਨੂੰ ਧੱਕੇ ਨਾਲ ਦੁਕਾਨਾਂ ਤੋਂ ਬਾਹਰ ਕੱਢ ਕੇ ਦੁਕਾਨਾਂ ਵਿੱਚ ਭੰਨਤੋੜ ਕੀਤੀ ਗਈ ਹੈ।
![BABA GANDHA SINGH VS SGPC](https://etvbharatimages.akamaized.net/etvbharat/prod-images/13-09-2024/pb-bnl-clash-pb10017_13092024155352_1309f_1726223032_75.jpg)
ਦੁਕਾਨਦਾਰਾਂ ਨਾਲ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਪਿਆਰਾ ਸਿੰਘ, ਮਹੰਤ ਡੇਰਾ ਬਾਬਾ ਗਾਂਧਾ ਸਿੰਘ
ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਸ਼ਹਿਰ ਦੀਆਂ 80 ਫੀਸਦੀ ਦੁਕਾਨਾਂ ਕਿਰਾਏ ਉਪਰ ਹਨ। ਜੇਕਰ ਕੋਈ ਇਤਰਾਜ਼ ਹੈ ਤਾਂ ਇਸ ਵਿਰੁੱਧ ਅਦਾਲਤ ਵਿੱਚ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰਾਂ ਨਾਲ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹ ਦੁਕਾਨਦਾਰਾਂ ਨਾਲ ਡੱਟ ਕੇ ਖੜੇ ਹਨ। ਉਹਨਾਂ ਕਿਹਾ ਕਿ 15 ਦਸੰਬਰ 2023 ਨੂੰ ਸੁਪਰੀਮ ਨੇ ਇਸ ਮਾਲਕੀ ਦੇ ਹੱਕ ਨੂੰ ਲੈ ਕੇ ਐਸਜੀਪੀਸੀ ਦਾ ਕੇਸ ਡਿਸਮਿਸ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਐਸਜੀਪੀਸੀ ਦਾ ਦੁਕਾਨਾਂ ਉਪਰ ਕੋਈ ਹੱਕ ਨਹੀਂ ਹੈ। ਡੇਰਾ ਬਾਬਾ ਸਿੰਘ ਹੀ ਇਸਦਾ ਮਾਲਕ ਹੈ। ਉਹਨਾ ਕਿਹਾ ਕਿ ਦੁਾਕਨਦਾਰਾਂ ਨਾਲ ਧੱਕਾ ਕਰਨ ਵਾਲਿਆਂ ਉਪਰ ਸਖਤ ਕਾਰਵਾਈ ਕੀਤੀ ਜਾਵੇ।
![BABA GANDHA SINGH VS SGPC](https://etvbharatimages.akamaized.net/etvbharat/prod-images/13-09-2024/pb-bnl-clash-pb10017_13092024155352_1309f_1726223032_93.jpg)
ਦੋਵੇਂ ਧਿਰਾਂ ਨੂੰ ਬਿਠਾ ਕੇ ਮਾਮਲੇ ਦਾ ਹੱਲ ਕਢਵਾਇਆ ਜਾ ਰਿਹਾ ਹੈ - ਸਤਵੀਰ ਸਿੰਘ ਡੀਐਸਪੀ
ਉਥੇ ਇਸ ਸਬੰਧੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਬਰਨਾਲਾ ਬੱਸ ਸਟੈਂਡ ਦੇ ਆਸਪਾਸ ਕਾਫੀ ਦੁਕਾਨਾਂ ਹਨ। ਇਹਨਾਂ ਦੁਕਾਨਾਂ ਦਾ ਡੇਰਾ ਬਾਬਾ ਗਾਂਧਾ ਸਿੰਘ ਅਤੇ ਐਸਜੀਪੀਸੀ ਵਲੋਂ ਮਾਲਕੀ ਦਾ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਅਦਾਲਤ ਵਿੱਚ ਵੀ ਚੱਲਦਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਦੁਕਾਨਾਂ ਐਸਜੀਪੀਸੀ ਵਲੋਂ ਕੁੱਝ ਦੁਕਾਨਦਾਰਾਂ ਨੂੰ ਦਿੱਤਾ ਗਿਆ ਸੀ ਪ੍ਰੰਤੂ ਹੁਣ ਕੁੱਝ ਦੁਕਾਨਦਾਰਾਂ ਨੇ ਕਿਰਾਏ ਐਸਜੀਪਸੀ ਨੂੰ ਨਹੀਂ ਦਿੱਤੇ। ਐਸਜੀਪੀਸੀ ਦੇ ਕਹਿਣ ਅਨੁਸਾਰ ਉਹਨਾਂ ਨੇ ਕਿਰਾਏਨਾਮੇ ਦੀ ਸ਼ਰਤ ਅਨੁਸਾਰ ਕਾਰਵਾਈ ਕੀਤੀ ਹੈ। ਜਦਕਿ ਦੁਕਾਨਦਾਰ ਐਸਜੀਪੀਸੀ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਪ੍ਰਸ਼ਾਸ਼ਨ ਵਲੋਂ ਦੋਵੇਂ ਧਿਰਾਂ ਨਾਲ ਗੱਲ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ ਨੂੰ ਬਿਠਾ ਕੇ ਮਾਮਲੇ ਦਾ ਹੱਲ ਕਢਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਨਾਲ ਕੋਈ ਧੱਕਾ ਹੋਇਆ ਹੈ ਤਾਂ ਪੁਲਿਸ ਉਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਵੇਗਾ।